ਸੁਖਬੀਰ ਬਾਦਲ ਵੱਲੋਂ ਪੇਸ਼ 13 ਨੁਕਾਤੀ ਪ੍ਰੋਗਰਾਮ ਗੱਪਾਂ ਦਾ ਪੁਲੰਦਾ : ਅਰੋੜਾ
Friday, Aug 20, 2021 - 01:42 AM (IST)
ਚੰਡੀਗੜ੍ਹ (ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੁਖਬੀਰ ਸਿੰਘ ਬਾਦਲ ਵਲੋਂ ਆਰੰਭੇ ‘ਗੱਲ ਪੰਜਾਬ ਦੀ’ ਪ੍ਰੋਗਰਾਮ ਨੂੰ ‘ਗੱਪ ਪੰਜਾਬ ਦੀ’ ਕਰਾਰ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਸੁਖਬੀਰ ਸਿੰਘ ਬਾਦਲ ਦੀਆਂ ਗੱਪਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ 2022 ਦੀਆਂ ਚੋਣਾਂ ਦੌਰਾਨ ਇਸ ਮਾਫ਼ੀਆ ਸਰਗਨੇ ਦੀਆਂ ਗੱਪਾਂ ਦਾ ਸ਼ਿਕਾਰ ਨਹੀਂ ਹੋਣਗੇ, ਉਲਟਾ ਸੁਖਬੀਰ ਸਿੰਘ ਬਾਦਲ ਐਂਡ ਕੰਪਨੀ ਕੋਲੋਂ ਉਨ੍ਹਾਂ ਦੇ 10 ਸਾਲਾਂ ਮਾਫੀਆ ਰਾਜ ਦਾ ਹਿਸਾਬ ਜ਼ਰੂਰ ਮੰਗਣਗੇ।
ਵੀਰਵਾਰ ਨੂੰ ਨੇਤਾ ਵਿਰੋਧੀ ਧਿਰ ਦੀ ਸਰਕਾਰੀ ਰਿਹਾਇਸ਼ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੇਸ਼ 13 ਨੁਕਾਤੀ ਪ੍ਰੋਗਰਾਮ ਨੂੰ ਗੱਪਾਂ ਦਾ ਪੁਲੰਦਾ ਦੱਸਦੇ ਹੋਏ ਕਿਹਾ ਸੁਖਬੀਰ ਬਾਦਲ ਨੂੰ ਪਹਿਲਾਂ ਜਨਤਾ ਦੇ ਇਨ੍ਹਾਂ 14 ਸਵਾਲਾਂ ਦਾ ਜਵਾਬ ਜ਼ਰੂਰ ਦੇਣਾ ਪਵੇਗਾ, ਕਿਉਂਕਿ ਇਹ ਸਵਾਲ ਪੰਜਾਬ ਅਤੇ ਪੰਜਾਬੀਆਂ ਦੀ ਹੋਂਦ ਅਤੇ ਭਵਿੱਖ ਨਾਲ ਜੁੜੇ ਹੋਏ ਹਨ।
ਇਹ ਵੀ ਪੜ੍ਹੋ : ਅਸ਼ਵਨੀ ਸ਼ਰਮਾ ਨੇ ਸਾਥੀਆਂ ਸਮੇਤ ਵਿਦੇਸ਼ ਰਾਜ ਮੰਤਰੀ ਨਾਲ ਮੁਲਾਕਾਤ ਕਰ ਸੌਂਪਿਆ ਮੰਗ ਪੱਤਰ
ਅਰੋੜਾ ਨੇ ਕਿਹਾ ਕਿ ਸੁਖਬੀਰ ਬਾਦਲ ਖੇਤੀ ਦੀ ਗੱਲ ਕਰਦੇ ਹਨ ਪਰ ਲੋਕਾਂ ਦਾ ਸਵਾਲ ਹੈ ਕਿ ਖੇਤੀ ਕਾਨੂੰਨਾਂ ਦਾ ਸਾਰੇ ਕਿਸਾਨ ਵਿਰੋਧ ਕਰ ਰਹੇ ਹਨ, ਉਨ੍ਹਾਂ ਦੇ ਆਰਡੀਨੈਂਸ ਲਿਆਉਂਦੇ ਸਮੇਂ ਕੀ ਹਰਸਿਮਰਤ ਕੌਰ ਬਾਦਲ ਦੇ ਕਾਲੇ ਦਸਤਖ਼ਤ ਨਹੀਂ ਹੋਏ ਸਨ। ਕੀ ਤੁਸੀਂ ਦੱਸੋਗੇ ਕਿ ਤੁਹਾਡੇ ਰਾਜ ’ਚ ਕਿੰਨੇ ਕਿਸਾਨਾਂ-ਮਜ਼ਦੂਰਾਂ ਨੇ ਆਤਮਹੱਤਿਆ ਕੀਤੀ ਅਤੇ ਤੁਹਾਡੀ (ਅਕਾਲੀ- ਭਾਜਪਾ) ਸਰਕਾਰ ਨੇ ਕਿਸੇ ਵੀ ਪੀੜਤ ਪਰਿਵਾਰ ਦੀ ਬਾਂਹ ਕਿਉਂ ਨਹੀਂ ਫੜੀ?
ਬਿਜਲੀ ਦੇ ਮੁੱਦੇ ’ਤੇ ਵੀ ਲੋਕ ਅਕਾਲੀ ਦਲ ਪ੍ਰਧਾਨ ਤੋਂ ਹੀ ਜਵਾਬ ਮੰਗ ਰਹੇ ਹਨ ਕਿਉਂਕਿ ਨਿੱਜੀ ਬਿਜਲੀ ਸਮਝੌਤਿਆਂ ਨਾਲ ਪੰਜਾਬ ’ਤੇ 80 ਹਜ਼ਾਰ ਕਰੋੜ ਰੁਪਏ ਦਾ ਵਾਧੂ ਬਾਦਲਾਂ ਦੀ ਸੱਤਾ ਸਮੇਂ ਹੀ ਪਿਆ ਹੈ।
ਅਰੋੜਾ ਨੇ ਕਿਹਾ ਕਿ ਲੋਕ ਹੱਸਦੇ ਹਨ ਜਦੋਂ ਸੁਖਬੀਰ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਨੇਤਾ ਮਾਫੀਆ ਖਤਮ ਕਰਨ ਦੀ ਗੱਲ ਕਰਦਾ ਹੈ। ਲੋਕਾਂ ਨੂੰ ਸਭ ਪਤਾ ਹੈ ਕਿ ਪੰਜਾਬ ਵਿਚ ਰੇਤ, ਸ਼ਰਾਬ, ਟਰਾਂਸਪੋਰਟ, ਕੇਬਲ ਅਤੇ ਜ਼ਮੀਨ ਮਾਫੀਆ ਦਾ ਸਰਗਨਾ ਕੌਣ ਹੈ। ਅਜਿਹਾ ਹੀ ਡਰਗਜ਼ ਦੇ ਮਾਮਲੇ ਵਿਚ ਹੈ।
ਇਹ ਵੀ ਪੜ੍ਹੋ : ਲੁਧਿਆਣਾ ਦੇ ਭਾਜਪਾ ਲੀਡਰਾਂ ਨੇ ਸਿਆਸਤ 'ਚ ਲਿਆਂਦਾ ਭੂਚਾਲ, ਇਕ ਤੋਂ ਬਾਅਦ ਇਕ ਨੇ ਦਿੱਤਾ ਅਸਤੀਫਾ
ਅਰੋੜਾ ਨੇ ਕਿਹਾ ਕਿ ਬੇਅਦਬੀ ਦੇ ਮਾਮਲਿਆਂ ’ਤੇ ਸੁਖਬੀਰ ਬਾਦਲ ਨੂੰ ਕੁਝ ਵੀ ਕਹਿਣ ਦਾ ਹੱਕ ਨਹੀਂ ਹੈ ਕਿਉਂਕਿ ਇਹ ਘਟਨਾਵਾਂ ਉਨ੍ਹਾਂ ਦੀ ਸਰਕਾਰ ਸਮੇਂ ਹੋਈਆਂ ਸਨ।
ਐੱਸ.ਵਾਈ.ਐੱਲ. ’ਤੇ ਅਰੋੜਾ ਨੇ ਸੁਖਬੀਰ ਦੀ ਟਿੱਪਣੀ ’ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ’ਤੇ ‘ਆਪ’ ਨੂੰ ਨਿਸ਼ਾਨਾ ਬਣਾਉਣ ਵਾਲੇ ਕੀ ਬਾਦਲ ਦੱਸਣਗੇ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ 1978 ਵਿਚ ਨੋਟੀਫਿਕੇਸ਼ਨ ਜਾਰੀ ਕਰ ਕੇ ਇਸਦੇ ਬੀਜ ਕਿਉਂ ਬੀਜੇ ਸਨ?