ਸੋਧੀ ਹੋਈ ਡਿਸਚਾਰਜ ਨੀਤੀ ਅਨੁਸਾਰ 952 ਵਿਅਕਤੀਆਂ ਨੂੰ ਅੱਜ ਹਸਪਤਾਲ ਤੋਂ ਮਿਲੀ ਛੁੱਟੀ: ਬਲਬੀਰ ਸਿੱਧੂ

Saturday, May 16, 2020 - 11:48 PM (IST)

ਚੰਡੀਗੜ੍ਹ : ਸੂਬਾ ਸਰਕਾਰ ਵੱਲੋਂ 1257 ਵਿਅਕਤੀਆਂ ਨੂੰ ਸਿਹਤਯਾਬ ਐਲਾਨ ਕੀਤਾ ਗਿਆ ਹੈ, ਜਿਨ੍ਹਾਂ 'ਚੋਂ  952 ਵਿਅਕਤੀਆਂ ਨੂੰ ਅੱਜ ਡਿਸਚਾਰਜ ਕੀਤਾ ਗਿਆ, ਜੋ ਕਿ ਇੱਕ ਚੰਗੀ ਖ਼ਬਰ ਹੈ ਕਿਉਂਕਿ ਨਾਂਦੇੜ ਸਾਹਿਬ ਤੋਂ ਆਏ ਜ਼ਿਆਦਾਤਰ ਸ਼ਰਧਾਲੂਆਂ ਨੂੰ ਆਈਸੋਲੇਸ਼ਨ ਕੇਂਦਰਾਂ 'ਚੋਂ ਛੁੱਟੀ ਮਿਲ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਕੋਵਿਡ-19 ਦੇ ਸੰਕਟ ਤੋਂ ਪੈਦਾ ਹੋਈ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕੋਵਿਡ -19 ਦੇ 1946 ਕੇਸਾਂ ਦੀ ਪੁਸ਼ਟੀ ਹੋਈ ਹੈ ਜਦੋਂ ਕਿ ਹੁਣ ਤੱਕ 50,613 ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ, ਜਿਨਾਂ ਵਿਚੋਂ 46,028 ਦੀ ਰਿਪੋਰਟ ਨੈਗੇਟਿਵ ਆਈ ਹੈ।
ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਚਾਰ ਜਿਲੇ ਅਜਿਹੇ ਹਨ, ਜਿਨਾਂ ਵਿੱਚ ਛੇ ਕੰਟੇਨਟਮੈਂਟ ਜ਼ੋਨ ਹਨ, ਜਿੱਥੇ ਕੋਵਿਡ-19 ਦੇ 15 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਇਹ ਜ਼ਿਲੇ ਐਸ.ਏ.ਐਸ.ਨਗਰ, ਜਲੰਧਰ (2), ਪਟਿਆਲਾ (2) ਅਤੇ ਪਠਾਨਕੋਟ ਹਨ। ਸਿਹਤ ਵਿਭਾਗ ਦੀ ਪ੍ਰਾਪਤੀ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੀ ਇਲਾਜ਼ ਦਰ ਲਗਭਗ 64 ਪ੍ਰਤੀਸ਼ਤ ਹੈ ਅਤੇ ਅੱਜ ਦੀ ਤਾਰੀਖ਼ ਵਿਚ ਸਿਰਫ 657 ਐਕਟਿਵ ਕੇਸ ਹੀ ਮੌਜੂਦ ਹਨ। ਉਨ੍ਹਾਂ ਕਿਹਾ ਕਿ ਸੈਂਪਲਾਂ ਦੀ ਪਾਜ਼ਿਟੀਵਿਟੀ 4 ਪ੍ਰਤੀਸ਼ਤ ਹੈ ਜਦੋਂ ਕਿ ਮੌਤ ਦਰ 1.6 ਪ੍ਰਤੀਸ਼ਤ ਦਰਜ ਕੀਤੀ ਗਈ ਹੈ ਜੋ ਕਿ ਰਾਸ਼ਟਰੀ ਔਸਤ ਤੋਂ ਘੱਟ ਹੈ।
ਸ. ਬਲਬੀਰ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ ਸਰਕਾਰ ਰਾਜ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜਨ ਲਈ ਪੂਰੀ ਤਰਾਂ ਤਿਆਰ ਹੈ ਅਤੇ ਹਰ ਇੱਕ ਸ਼ੱਕੀ ਵਿਅਕਤੀ ਦਾ ਪਤਾ ਲਗਾਉਣ ਅਤੇ ਉਸਦੀ ਜਾਂਚ ਕਰਨ ਲਈ ਮੁਸਤੈਦੀ ਨਾਲ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਿਆ ਜਾ ਸਕੇ। ਉਨਾਂ ਕਿਹਾ ਕਿ ਰਾਜ ਸਰਕਾਰ ਕੋਵਿਡ -19 ਮਰੀਜ਼ਾਂ ਨੂੰ ਮਿਆਰੀ ਇਲਾਜ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸ ਮੰਤਵ ਲਈ ਸਰਕਾਰੀ ਸਿਹਤ ਸਹੂਲਤਾਂ ਵਿੱਚ ਤਕਰੀਬਨ 5000 ਆਈਸੋਲੇਸ਼ਨ ਬੈਡ ਦੀ ਵਿਵਸਥਾ ਕੀਤੀ ਗਈ ਹੈ। ਸਾਰੇ ਗੰਭੀਰ ਕੋਵਿਡ ਮਰੀਜ਼ ਸਰਕਾਰੀ ਮੈਡੀਕਲ ਕਾਲਜਾਂ ਅਤੇ ਦੋ ਨਿੱਜੀ ਮੈਡੀਕਲ ਕਾਲਜਾਂ ਵਿੱਚ ਜਾਣਗੇ। ਉਨਾਂ ਇਹ ਵੀ ਕਿਹਾ ਕਿ ਟੈਸਟਿੰਗ 1654 ਪ੍ਰਤੀ ਮਿਲੀਅਨ ਹੋ ਗਈ ਹੈ ਅਤੇ 1500 ਤੋਂ 1800 ਟੈਸਟ ਪ੍ਰਤੀ ਦਿਨ ਕੀਤੇ ਜਾ ਰਹੇ ਹਨ ਜੋ ਕਿ  ਰਾਸ਼ਟਰੀ ਔਸਤ ਤੋਂ ਉਪਰ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇੱਥੇ ਪੀਪੀਈ ਕਿੱਟਾਂ, ਐਨ 95 ਮਾਸਕ ਅਤੇ ਟ੍ਰਿਪਲ ਲੇਅਰ ਮਾਸਕ ਦੀ ਢੁਕਵੀਂ ਸਪਲਾਈ ਹੈ ਜੋ ਸਾਰੇ ਜ਼ਿਲਿਆਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਨੂੰ ਦਿੱਤੀ ਜਾ ਰਹੀ ਹੈ।
 


Deepak Kumar

Content Editor

Related News