ਪੁਲਸ ਨੂੰ ਮਿਲੀ ਵੱਡੀ ਸਫਲਤਾ, ਚਰਸ ਵੇਚਣ ਤੇ ਲੁੱਟਾਂਖੋਹਾਂ ਕਰਨ ਵਾਲੇ 9 ਕਾਬੂ

11/08/2018 6:27:38 PM

ਸ਼ਾਹਕੋਟ (ਅਰੁਣ)— ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਸ਼ਾਹਕੋਟ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 5 ਵਿਅਕਤੀਆਂ ਅਤੇ ਚਰਸ ਦਾ ਧੰਦਾ ਕਰਨ ਵਾਲੇ 4 ਵਿਅਕਤੀਆਂ ਨੂੰ ਕਾਬੂ ਕੀਤਾ। ਮਿਲੀ ਜਾਣਕਾਰੀ ਮੁਤਾਬਕ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 5 ਵਿਅਕਤੀ ਪਿੰਡ ਰੌਤਾਂ ਤੋਂ ਐੱਸ. ਆਈ. ਬਲਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਨਾਕਾਬੰਦੀ ਦੌਰਾਨ ਕਾਬੂ ਕੀਤਾ। ਫੜੇ ਗਏ ਦੋਸ਼ੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਪ੍ਰੇਮ ਸਿੰਘ ਵਾਸੀ ਫਿਰੋਜ਼ਪੁਰ, ਸੁਖਚੈਨ ਸਿੰਘ ਉਰਫ ਚੈਨਾ ਪੁੱਤਰ ਦੇਵ ਸਿੰਘ ਵਾਸੀ ਫਿਰੋਜ਼ਪੁਰ, ਲਖਵੀਰ ਸਿੰਘ ਉਰਫ ਕਾਕਾ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਫਿਰੋਜ਼ਪੁਰ, ਬੇਅੰਤ ਸਿੰਘ ਪੁੱਤਰ ਰਾਮ ਸਿੰਘ ਵਾਸੀ ਫਿਰੋਜ਼ਪੁਰ, ਹਰਪ੍ਰੀਤ ਸਿੰਘ ਉਰਫ ਹੈੱਪੀ ਪੁੱਤਰ ਸੁਰਜੀਤ ਸਿੰਘ ਵਾਸੀ ਫਿਰੋਜ਼ਪੁਰ ਵਜੋਂ ਹੋਈ ਹੈ। ਇਹ ਸਾਰੇ ਦੋਸ਼ੀ ਲੁੱਟਖੋਹ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸਨ। 

ਪੁਲਸ ਦੀ ਪੁੱਛਗਿੱਛ 'ਚ ਦੋਸ਼ੀਆਂ ਨੇ ਕਬੂਲਿਆ ਹੈ ਕਿ ਉਨ੍ਹਾਂ ਨੇ ਫਿਰੋਜ਼ਪੁਰ 'ਚ ਕਈ ਵੰਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਇਨ੍ਹਾਂ ਦੇ ਕੋਲੋਂ ਮਾਰੂ ਹਥਿਆਰ, ਮੋਟਰਸਾਈਕਲ (ਨੰਬਰ ਪੀ. ਬੀ.08-ਬੀ-ਆਰ-181) ਅਤੇ ਇਕ ਬਿਨਾਂ ਨੰਬਰੀ ਪਲੇਟ ਲੱਗਾ ਯਾਹਮਾ ਬਰਾਮਦ ਕੀਤਾ ਹੈ। ਇਕ ਪਾਸੇ ਜਿੱਥੇ ਸੁਖਚੈਨ ਦੇ ਕੋਲੋ ਚੋਰੀ ਦਾ ਲੈਪਟਾਪ ਬਰਾਮਦ ਕੀਤਾ ਗਿਆ ਹੈ, ਉਥੇ ਹੀ ਬੇਅੰਤ ਸਿੰਘ ਕੋਲੋਂ 50 ਹਜ਼ਾਰ ਦੀ ਨਕਦੀ, ਗੁਰਪ੍ਰੀਤ ਕੋਲੋਂ ਇਕ ਜੋੜਾ ਸੋਨੇ ਦੀਆਂ ਵਾਲੀਆਂ, ਹਰਪ੍ਰੀਤ ਕੋਲੋਂ 90 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਗਈਆਂ ਹਨ। ਇਨ੍ਹਾਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਥਾਣਾ ਸ਼ਾਹਕੋਟ 'ਚ ਕੇਸ ਦਰਜ ਕੀਤਾ ਗਿਆ ਹੈ ਅਤੇ ਅੱਜ ਪੁਲਸ ਵੱਲੋਂ ਅਦਾਲਤ 'ਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ। 

ਇਸੇ ਤਰ੍ਹਾਂ ਦੂਜੇ ਮਾਮਲੇ 'ਚ ਏ. ਐੱਸ. ਆਈ. ਬਲਕਾਰ ਸਿੰਘ ਨੇ ਪੁਲਸ ਪਾਰਟੀ ਦੇ ਨਾਲ ਕਾਵਾ ਵਾਲਾ ਪੱਤਣ ਤੋਂ ਨਾਕਾਬੰਦੀ ਦੌਰਾਨ 4 ਲੋਕਾਂ ਨੂੰ ਇਨੋਵਾ ਕਾਰ ਸਮੇਤ ਕਾਬੂ ਕੀਤਾ। ਫੜੇ ਗਏ ਦੋਸ਼ੀਆਂ ਦੀ ਪਛਾਣ ਬਲਜਿੰਦਰ ਸਿੰਘ ਪੁੱਤਰ ਜਗਦੀਸ਼ ਵਾਸੀ ਮੋਗਾ, ਤਰਸੇਮ ਸਿੰਘ ਉਰਫ ਸੇਮਾ ਪੁੱਤਰ ਨਛੱਤਰ ਸਿੰਘ ਵਾਸੀ ਮੋਗਾ, ਪਾਲਾ ਸਿੰਘ ਉਰਫ ਵੀਰੂ ਪੁੱਤਰ ਸੁਖਦੇਵ ਸਿੰਘ ਵਾਸੀ ਮੋਗਾ, ਰਾਜਾ ਪੁੱਤਰ ਮਹਿੰਦਰ ਸਿੰਘ ਵਾਸੀ ਮੋਗਾ ਦੇ ਰੂਪ 'ਚ ਹੋਈ ਹੈ। ਤਲਾਸ਼ੀ ਲੈਣ ਤੋਂ ਬਾਅਦ ਪੁਲਸ ਨੇ ਇਨੋਵਾ ਕਾਰ 'ਚੋਂ ਝੋਲੇ 'ਚ ਲੁਕਾ ਕੇ ਰੱਖੀ ਇਕ ਕਿਲੋ 400 ਗ੍ਰਾਮ ਚਰਸ ਬਰਾਮਦ ਕੀਤੀ। ਇਹ ਚਰਸ ਦੋਸ਼ੀ ਹਿਮਾਚਲ ਪ੍ਰਦੇਸ਼ ਤੋਂ ਲੈ ਕੇ ਆਏ ਸਨ। ਇਨ੍ਹਾਂ ਖਿਲਾਫ ਵੀ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।


shivani attri

Content Editor

Related News