ਅੰਤਰਰਾਸ਼ਟਰੀ ਗਿਰੋਹ ਦੇ 9 ਮੈਂਬਰ ਗ੍ਰਿਫ਼ਤਾਰ, 52 ਲਗਜ਼ਰੀ ਕਾਰਾਂ ਬਰਾਮਦ

Thursday, Aug 19, 2021 - 06:22 PM (IST)

ਮੋਹਾਲੀ (ਸੰਦੀਪ) : ਅੰਤਰਾਸ਼ਟਰੀ ਵਾਹਨ ਚੋਰ ਗਿਰੋਹ ਦਾ ਖੁਲਾਸਾ ਕਰਦਿਆਂ ਸੀ. ਆਈ. ਏ. ਸਟਾਫ ਨੇ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਚੋਰੀ ਕੀਤੀਆਂ 52 ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਹਨ। ਮੁਲਜ਼ਮਾਂ ਦੀ ਪਛਾਣ ਰਾਜਮੀਤ ਸਿੰਘ, ਚਨਪ੍ਰੀਤ ਸਿੰਘ, ਗਿਰੀਸ਼, ਮਨਿੰਦਰ ਸਿੰਘ, ਹਰਜੋਤ ਸਿੰਘ, ਰਾਜੇਸ਼ ਕੁਮਾਰ, ਪ੍ਰਗਟ ਸਿੰਘ, ਸਤਵੰਤ ਸਿੰਘ ਅਤੇ ਕਮਰਜੀਤ ਸਿੰਘ ਵਜੋਂ ਹੋਈ ਹੈ। ਮੁਲਜ਼ਮਾਂ ਦੀ ਨਿਸ਼ਾਦੇਹੀ ’ਤੇ ਬਰਾਮਦ ਕੀਤੀਆਂ ਕਾਰਾਂ ਵਿਚ 11 ਫਾਰਚੂਨਰ, 5 ਇਨੋਵਾ, 5 ਕਰੇਟਾ, 5 ਬਰੀਜ਼ਾ, 2 ਸਕਾਰਪੀਓ, 4 ਈਟੀਓਜ, 1 ਪਜੈਰੋ, 1 ਸਫਾਰੀ, 1 ਆਈ-20, 1 ਐਕਸ. ਯੂ. ਵੀ.-500, 8 ਸਵਿਫ਼ਟ, 4 ਵਰਨਾ, 1 ਪੋਲੋ, 1 ਸਿਆਜ ਅਤੇ 1 ਰਿਟਜ਼ ਕਾਰ ਬਰਾਮਦ ਕੀਤੀਆਂ ਗਈਆਂ ਹਨ। ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮ ਆਧੁਨਿਕ ਯੰਤਰਾਂ ਨਾਲ ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ ਦੇ ਵੱਖ-ਵੱਖ ਸ਼ਹਿਰਾਂ ਤੋਂ ਕਾਰਾਂ ਚੋਰੀ ਕਰ ਕੇ ਉਨ੍ਹਾਂ ਨੂੰ ਅੱਗੇ ਵੇਚ ਦਿੰਦੇ ਸਨ। ਪੁਲਸ ਨੇ ਮੁਲਜ਼ਮਾਂ ਦੇ 13 ਹੋਰ ਸਾਥੀਆਂ ਨੂੰ ਨਾਮਜ਼ਦ ਕੀਤਾ ਹੈ ਜਿਨ੍ਹਾਂ ਦੀ ਗ੍ਰਿਫ਼ਤਾਰੀ ਛੇਤੀ ਕੀਤੀ ਜਾਵੇਗੀ ਅਤੇ ਪੁਲਸ ਨੂੰ ਉਮੀਦ ਹੈ ਕਿ ਉਨ੍ਹਾਂ ਕੋਲੋਂ 30-40 ਚੋਰੀ ਦੀਆਂ ਕਾਰਾਂ ਬਰਾਮਦ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ : ਵਿਧਾਇਕ ਬੈਂਸ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਐੱਨ. ਓ. ਸੀ. ਦੀ ਸ਼ਰਤ ਖ਼ਤਮ ਕਰਨ ਦੀ ਕੀਤੀ ਮੰਗ

ਇੰਜਣ ਕੰਟਰੋਲ ਮਡਿਊਲ ਦੀ ਵਰਤੋਂ ਕਰ ਕੇ ਚੋਰੀ ਕਰਦੇ ਸਨ ਲਗਜ਼ਰੀ ਕਾਰਾਂ
ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮ ਸਕੇਲ ਦੀ ਸਹਾਇਤਾ ਨਾਲ ਜਾਂ ਕਾਰ ਦੀ ਪਿਛਲੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਪਹਿਲਾਂ ਕਾਰ ਵਿਚ ਦਾਖਲ ਹੁੰਦੇ ਸਨ। ਉਸ ਤੋਂ ਬਾਅਦ ਆਧੁਨਿਕ ਯੰਤਰ ਈ. ਸੀ. ਐੱਮ. (ਇੰਜਣ ਕੰਟਰੋਲ ਮਡਿਊਲ) ਦੀ ਵਰਤੋਂ ਕਰ ਕੇ ਉਸ ਏ. ਸੀ. ਐੱਮ. ਸਿਸਟਮ ਨੂੰ ਬਾਈਪਾਸ ਕਰ ਕੇ ਉਸ ਨੂੰ ਸਟਾਰਟ ਕਰ ਲੈਂਦੇ ਸਨ। ਇਸ ਤਰ੍ਹਾਂ ਮੁਲਜ਼ਮ ਚੋਰੀ ਕੀਤੀ ਗਈ ਕਾਰ ਦੇ ਏ. ਸੀ. ਐੱਮ. ਨੂੰ ਡੀ-ਕੋਡ ਕਰ ਕੇ ਇਸ ਦੀ ਸਹਾਇਤਾ ਨਾਲ ਅਗਲੀ ਕਾਰ ਨੂੰ ਚੋਰੀ ਕਰਦੇ ਸਨ। ਇਸ ਤੋਂ ਬਾਅਦ ਮੁਲਜ਼ਮ ਚੋਰੀ ਕੀਤੀ ਗਈ ਕਾਰ ’ਤੇ ਐਕਸੀਡੈਂਟ ਵਿਚ ਟੋਟਲ ਲਾਸ ਕਾਰ ਦਾ ਨੰਬਰ ਲਾ ਕੇ ਉਸ ਦੇ ਫਰਜ਼ੀ ਦਸਤਾਵੇਜ ਤਕ ਤਿਆਰ ਕਰ ਦਿੰਦੇ ਸਨ। ਦਸਤਾਵੇਜ ਤਿਆਰ ਕਰਨ ਤੋਂ ਬਾਅਦ ਮੁਲਜ਼ਮ ਇਹ ਕਾਰਾਂ ਮਹਾਰਾਸ਼ਟਰ, ਬਿਹਾਰ ਅਤੇ ਹੋਰ ਥਾਵਾਂ ’ਤੇ ਵੇਚ ਦਿੰਦੇ ਸਨ।   

ਇਹ ਵੀ ਪੜ੍ਹੋ : ਅਸ਼ਵਨੀ ਸ਼ਰਮਾ ਨੇ ਕੇਂਦਰ ਨੂੰ ਪੱਤਰ ਲਿਖ ਕੇ ਅਫਗਾਨਿਸਤਾਨ ਤੋਂ ਹਿੰਦੂ-ਸਿੱਖਾਂ ਨੂੰ ਕੱਢਣ ਦੀ ਕੀਤੀ ਅਪੀਲ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News