ਨਸ਼ੀਲੇ ਪਦਾਰਥਾਂ ਸਮੇਤ 9 ਗ੍ਰਿਫਤਾਰ

Saturday, Nov 04, 2017 - 07:45 AM (IST)

ਨਸ਼ੀਲੇ ਪਦਾਰਥਾਂ ਸਮੇਤ 9 ਗ੍ਰਿਫਤਾਰ

ਤਰਨਤਾਰਨ, (ਰਾਜੂ)- ਜ਼ਿਲਾ ਤਰਨਤਾਰਨ ਦੀ ਪੁਲਸ ਵੱਲੋਂ ਵੱਖ-ਵੱਖ ਥਾਣਿਆਂ ਦੇ ਅਧੀਨ ਆਉਂਦੇ ਖੇਤਰਾਂ ਵਿਚ ਛਾਪੇਮਾਰੀ ਕਰ ਕੇ 2 ਔਰਤਾਂ ਸਣੇ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਦ ਕਿ 2 ਵਿਅਕਤੀ ਮੌਕੇ ਤੋਂ ਫਰਾਰ ਹੋਣ 'ਚ ਸਫਲ ਰਹੇ। 
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਭਿੱਖੀਵਿੰਡ ਦੀ ਪੁਲਸ ਦੌਰਾਨੇ ਗਸ਼ਤ ਚੌਕੀ ਪਿੰਡ ਤੋਂ ਸੁਰਸਿੰਘ ਪੂਹਲਾ ਨੂੰ ਜਾ ਰਹੀ ਸੀ ਤਾਂ ਅੰਗਰੇਜ਼ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਤੇ ਗੁਰਪ੍ਰੀਤ ਸਿੰਘ ਪੁੱਤਰ ਨਿੰਦਰ ਸਿੰਘ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ। ਤਲਾਸ਼ੀ ਲੈਣ 'ਤੇ ਅੰਗਰੇਜ਼ ਸਿੰਘ ਤੋਂ 495 ਤੇ ਗੁਰਪ੍ਰੀਤ ਸਿੰਘ ਤੋਂ 520 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਕ ਹੋਰ ਮਾਮਲੇ 'ਚ ਥਾਣਾ ਭਿੱਖੀਵਿੰਡ ਦੇ ਏ. ਐੱਸ. ਆਈ. ਦਿਲਬਾਗ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਦੇ ਸਬੰਧ ਵਿਚ ਪਿੰਡ ਪੂਹਲਾ ਮੌਜੂਦ ਸੀ ਕਿ ਬਾਜ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪੂਹਲਾ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ 700 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।
ਇਸੇ ਤਰ੍ਹਾਂ ਥਾਣਾ ਭਿੱਖੀਵਿੰਡ ਦੇ ਏ. ਐੱਸ. ਆਈ. ਅਵਤਾਰ ਸਿੰਘ ਨੇ ਸਮੇਤ ਪੁਲਸ ਪਾਰਟੀ ਪਿੰਡ ਸਿੰਘਪੁਰਾ ਤੋਂ ਆਉਂਦੇ ਹੋਏ ਜੈਮਲ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪੂਹਲਾ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਤਾਂ ਤਲਾਸ਼ੀ ਲੈਣ 'ਤੇ ਤਾਂ ਉਸ ਕੋਲੋਂ 500 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਤੋਂ ਇਲਾਵਾ ਥਾਣਾ ਖਾਲੜਾ ਦੀ ਪੁਲਸ ਨੇ ਦਿਲਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਵਾਂ ਤਾਰਾ ਸਿੰਘ ਤੋਂ 190 ਨਸ਼ੀਲੀਆਂ ਗੋਲੀਆਂ ਅਤੇ 160 ਨਸ਼ੀਲੇ ਕੈਪਸੂਲ ਬਰਾਮਦ ਕੀਤੇ। 
ਥਾਣਾ ਸਦਰ ਤਰਨਤਾਰਨ ਦੇ ਏ. ਐੱਸ. ਆਈ. ਨਰੇਸ਼ ਕੁਮਾਰ ਨੇ ਸਮੇਤ ਪੁਲਸ ਪਾਰਟੀ ਦੌਰਾਨੇ ਗਸ਼ਤ ਗੁਰਬਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਅਤੇ ਪਰਮਜੀਤ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀਆਨ ਪਿੰਡ ਬਾਕੀਪੁਰ ਨੂੰ 6 ਗ੍ਰਾਮ ਹੈਰੋਇਨ, 1 ਇਲੈਕਟ੍ਰਾਨਿਕ ਕੰਡਾ ਤੇ ਸਕੂਟਰੀ ਸਮੇਤ ਟੀ-ਪੁਆਇੰਟ ਕੋਟ ਜਸਪਤ ਤੋਂ ਕਾਬੂ ਕਰ ਲਿਆ। 
ਇਸੇ ਤਰ੍ਹਾਂ ਥਾਣਾ ਚੋਹਲਾ ਸਾਹਿਬ ਦੇ ਏ. ਐੱਸ. ਆਈ. ਚਰਨਜੀਤ ਸਿੰਘ ਨੇ ਸਮੇਤ ਪੁਲਸ ਪਾਰਟੀ ਦੌਰਾਨੇ ਗਸ਼ਤ ਸ਼ਮਸ਼ੇਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਵਰਿਆਂ ਕੋਲੋਂ 2 ਕਿਲੋ ਚੂਰਾ ਪੋਸਤ ਬਰਾਮਦ ਕੀਤਾ। ਥਾਣਾ ਸਿਟੀ ਤਰਨਤਾਰਨ ਦੇ ਏ. ਐੱਸ. ਆਈ. ਗੁਰਰਿੰਦਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਨਾਲ ਦਫਤਰ ਐੱਸ. ਟੀ. ਐੱਫ. ਤਰਨਤਾਰਨ ਤੋਂ ਥਾਣਾ ਸਿਟੀ ਤਰਨਤਾਰਨ ਦੇ ਏਰੀਆ ਪਿੰਡ ਠੱਠੀ ਖਾਰਾ ਦਬੁਰਜੀ ਵੱਲ ਨੂੰ ਜਾ ਰਹੇ ਸੀ ਕਿ ਜਦੋਂ ਅਸੀਂ ਮੇਨ ਜੀ. ਟੀ. ਰੋਡ ਪੁਲ ਸੂਆ ਠੱਠੀ ਖਾਰਾ ਤੋਂ ਥੋੜ੍ਹਾ ਪਿੱਛੇ ਸੀ ਕਿ ਠੱਠੀ ਖਾਰਾ ਸਾਈਡ ਵੱਲੋਂ ਇਕ ਮੋਟਰਸਾਈਕਲ ਆਉਂਦਾ ਦਿਖਾਈ ਦਿੱਤਾ, ਜਿਸ 'ਤੇ 2 ਨੌਜਵਾਨ ਤੇ ਇਕ ਔਰਤ ਬੈਠੇ ਸੀ। ਸਾਨੂੰ ਵੇਖ ਕੇ ਮੋਟਰਸਾਈਕਲ ਸਵਾਰ ਮੁੜ ਪਿੰਡ ਠੱਠੀ ਖਾਰਾ ਵੱਲ ਨੂੰ ਮੋਟਰਸਾਈਕਲ ਭਜਾਉਣ ਲੱਗਾ ਤਾਂ ਮੋਟਰਸਾਈਕਲ ਦੇ ਪਿੱਛੇ ਬੈਠੀ ਔਰਤ ਸੜਕ 'ਤੇ ਡਿੱਗ ਪਈ ਤੇ ਮੋਟਰਸਾਈਕਲ ਸਵਾਰ ਦੋਵੇਂ ਵਿਅਕਤੀ ਮੋਟਰਸਾਈਕਲ ਭਜਾ ਕੇ ਫਰਾਰ ਹੋ ਗਏ। ਜ਼ਮੀਨ 'ਤ ਡਿੱਗੀ ਔਰਤ ਮਨਜੀਤ ਕੌਰ ਪਤਨੀ ਲੇਟ ਗੁਰਮੀਤ ਸਿੰਘ ਵਾਸੀ ਖਾਰਾ ਕੋਲੋਂ 12 ਗ੍ਰਾਮ ਹੈਰੋਇਨ, 250 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਭਗੌੜੇ ਵਿਅਕਤੀਆਂ ਦੀ ਪਛਾਣ ਹਰਦੇਵ ਸਿੰਘ ਪੁੱਤਰ ਅਜੀਤ ਸਿੰਘ ਅਤੇ ਸੁਰਜਨ ਸਿੰਘ ਪੁੱਤਰ ਲੇਟ ਗੁਰਮੇਜ ਸਿੰਘ ਵਾਸੀਆਨ ਖਾਰਾ ਵਜੋਂ ਹੋਈ ਹੈ। 
ਇਸੇ ਤਰ੍ਹਾਂ ਥਾਣਾ ਸਰਹਾਲੀ ਦੀ ਪੁਲਸ ਨੇ ਭਗਵੰਤ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਸਰਹਾਲੀ ਦੇ ਘਰ ਰੇਡ ਕਰ ਕੇ ਉਸਦੇ ਘਰੋਂ ਇਕ ਬੰਦ ਪੇਟੀ ਸ਼ਰਾਬ ਅਤੇ ਪੰਜ ਖੁੱਲ੍ਹੀਆਂ ਬੋਤਲਾਂ ਬਰਾਮਦ ਕੀਤੀਆਂ। ਇਸ ਸਬੰਧੀ ਤਫਤੀਸ਼ੀ ਅਫਸਰਾਂ ਨੇ ਉਕਤ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News