ਮਨਸਾ ਦੇਵੀ ਗਾਊਧਾਮ ''ਚ 80 ਗਊਆਂ ਦੀ ਮੌਤ, ਫੂਡ ਪੁਆਇਜ਼ਨਿੰਗ ਦਾ ਸ਼ੱਕ
Thursday, Oct 29, 2020 - 12:45 PM (IST)
ਪੰਚਕੂਲਾ (ਮੁਕੇਸ਼) : ਪੰਚਕੂਲਾ ਦੇ ਐੱਮ. ਡੀ. ਸੀ. ਸਥਿਤ ਮਾਤਾ ਮਨਸਾ ਦੇਵੀ ਗਾਊਧਾਮ 'ਚ ਬੁੱਧਵਾਰ ਸਵੇਰੇ ਕਰੀਬ 80 ਗਊਆਂ ਦੀ ਸ਼ੱਕੀ ਮੌਤ ਹੋ ਗਈ, ਉੱਥੇ ਹੀ 30 ਗਊਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸਵੇਰੇ ਜਿਉਂ ਹੀ ਗਊਆਂ ਦੇ ਮੂੰਹ 'ਚੋਂ ਝੱਗ ਨਿਕਲਣ ਲੱਗੀ ਤਾਂ ਤੁਰੰਤ ਮਾਤਾ ਮਨਸਾ ਦੇਵੀ ਗਾਊਧਾਮ ਨੇ ਪਸ਼ੂਆਂ ਦੇ ਡਾਕਟਰ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਟੀਮ ਨੇ ਪਹੁੰਚ ਕੇ ਕਈ ਗਊਆਂ ਦਾ ਇਲਾਜ ਸ਼ੁਰੂ ਕਰ ਦਿੱਤਾ। ਡਿਪਟੀ ਡਾਇਰੈਕਟਰ ਪਸ਼ੂ ਡਾਕਟਰ ਵਿਭਾਗ ਡਾ. ਅਨਿਲ ਕੁਮਾਰ ਨੇ ਗਿਆਨ ਚੰਦ ਗੁਪਤਾ ਨੂੰ ਦੱਸਿਆ ਕਿ ਜਿਨ੍ਹਾਂ ਗਊਆਂ ਦੀ ਮੌਤ ਹੋਈ ਹੈ, ਉਨ੍ਹਾਂ ਦੇ ਸੈਂਪਲ ਲਏ ਗਏ ਹਨ, ਤਾਂ ਕਿ ਉਨ੍ਹਾਂ ਨੂੰ ਜਾਂਚ ਲਈ ਹਿਸਾਰ ਸਥਿਤ ਯੂਨੀਵਰਸਿਟੀ 'ਚ ਭੇਜਿਆ ਜਾ ਸਕੇ ਅਤੇ ਗਊਆਂ ਦੀ ਮੌਤ ਦਾ ਅਸਲੀ ਕਾਰਣ ਸਾਹਮਣੇ ਆ ਸਕੇ।
ਇਹ ਵੀ ਪੜ੍ਹੋ : ਪੰਜਾਬ 'ਚ ਮੰਡਰਾਇਆ ਬਲੈਕ ਆਊਟ ਦਾ ਖਤਰਾ, ਬਾਹਰੋਂ ਬਿਜਲੀ ਖਰੀਦਣ ਲੱਗਾ ਪਾਵਰਕਾਮ
ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ 'ਤੇ ਸਖ਼ਤ ਕਾਰਵਾਈ ਹੋਵੇਗੀ
ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੰਚਕੂਲਾ ਦੇ ਵਿਧਾਇਕ ਅਤੇ ਹਰਿਆਣਾ ਵਿਧਾਨ ਸਭਾ ਪ੍ਰਧਾਨ ਗਿਆਨਚੰਦ ਗੁਪਤਾ, ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਆਹੂਜਾ, ਮਾਤਾ ਮਨਸਾ ਦੇਵੀ ਸ਼ਰਾਇਨ ਬੋਰਡ ਦੇ ਸੀ. ਈ. ਓ. ਐੱਮ. ਐੱਸ. ਯਾਦਵ, ਗਾਊਧਾਮ ਦੇ ਪ੍ਰਧਾਨ ਕੁਲਭੂਸ਼ਣ ਗੋਇਲ, ਡਾ. ਨਰੇਸ਼ ਮਿੱਤਲ ਅਤੇ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ। ਵਿਧਾਨ ਸਭਾ ਪ੍ਰਧਾਨ ਗਿਆਨਚੰਦ ਗੁਪਤਾ ਨੇ ਕਿਹਾ ਕਿ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਨਾਲ ਹੀ ਚੈੱਕ ਕਰਵਾਇਆ ਜਾ ਰਿਹਾ ਹੈ ਕਿ ਕਿਸ ਪੱਧਰ 'ਤੇ ਗਲਤੀ ਹੋਈ ਤਾਂ ਕਿ ਜ਼ਿਲ੍ਹੇ ਦੀਆਂ ਬਾਕੀ ਗਊਸ਼ਾਲਾਵਾਂ 'ਚ ਵੀ ਚੌਕਸੀ ਵਧਾਈ ਜਾ ਸਕੇ। ਪਿੰਡ ਸਕੇਤੜੀ ਸਥਿਤ ਗਊਸ਼ਾਲਾ 'ਚ ਵੀ ਕੁਝ ਸਮਾਂ ਪਹਿਲਾਂ ਕਰੀਬ 30 ਗਊਆਂ ਦੀ ਮੌਤ ਹੋ ਗਈ ਸੀ, ਉੱਥੇ ਹੀ ਮੁਕੇਸ਼ ਕੁਮਾਰ ਆਹੂਜਾ ਨੇ ਦੱਸਿਆ ਕਿ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਜਾਂਚ 'ਚ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਕ ਨਵੀਂ ਐਡਵਾਇਜ਼ਰੀ ਬਣਾਕੇ ਸਾਰੀਆਂ ਗਊਸ਼ਾਲਾਵਾਂ ਨੂੰ ਜਾਰੀ ਕੀਤੀ ਜਾਵੇਗੀ ਤਾਂ ਕਿ ਭਵਿੱਖ ਵਿਚ ਇਸ ਤਰ੍ਹਾਂ ਦਾ ਕੋਈ ਹਾਦਸਾ ਨਾ ਹੋਵੇ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਭਾਈ ਮੋਹਕਮ ਸਿੰਘ ਤੇ ਭਾਈ ਮਨਜੀਤ ਸਿੰਘ ਭੋਮਾ ਦੀ ਦੋਗਲੀ ਨੀਤੀ 'ਤੇ ਚੁੱਕੇ ਸਵਾਲ
ਅਧਿਕਾਰੀ ਸੀ. ਸੀ. ਟੀ. ਵੀ. ਫੁਟੇਜ ਖੰਗਾਲਣ 'ਚ ਵੀ ਲੱਗੇ
ਮੌਕੇ 'ਤੇ ਪਹੁੰਚੀ ਪਸ਼ੂਆਂ ਦੇ ਡਾਕਟਰਾਂ ਦੀ ਟੀਮ ਦਾ ਮੰਨਣਾ ਹੈ ਕਿ ਫੂਡ ਪੁਆਇਜ਼ਨਿੰਗ ਕਾਰਣ ਗਊਸ਼ਾਲਾ ਦੀਆਂ ਗਾਂਵਾਂ, ਵੱਛੇ ਅਤੇ ਬਲਦਾਂ ਦੀ ਮੌਤ ਹੋਈ ਹੈ। ਸਾਰੀਆਂ ਗਊਆਂ ਦੇ ਮੂੰਹ, ਕੰਨ, ਅੱਖਾਂ ਅਤੇ ਨੱਕ 'ਚੋਂ ਖੂਨ ਨਿਕਲ ਰਿਹਾ ਸੀ। ਡਾਕਟਰਾਂ ਦੀ ਟੀਮ ਵਲੋਂ ਮੌਕੇ ਤੋਂ ਗਊਆਂ ਨੂੰ ਦਿੱਤੇ ਜਾਣ ਵਾਲੇ ਚਾਰੇ ਦੇ ਸੈਂਪਲ ਅਤੇ ਮ੍ਰਿਤਕ ਗਊਆਂ ਦੇ ਸੈਂਪਲ ਲਏ ਗਏ ਹਨ। ਨਾਲ ਹੀ ਪਸ਼ੂਆਂ ਦੇ ਡਾਕਟਰ ਅਤੇ ਪ੍ਰਸ਼ਾਸਨਕ ਅਧਿਕਾਰੀ ਸੀ. ਸੀ. ਟੀ. ਵੀ. ਫੁਟੇਜ ਖੰਗਾਲਣ ਵਿਚ ਵੀ ਲੱਗੇ ਹਨ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਮੰਗਲਵਾਰ ਸ਼ਾਮ ਨੂੰ ਇਨ੍ਹਾਂ ਨੂੰ ਖਾਣ ਲਈ ਕੀ ਦਿੱਤਾ ਗਿਆ ਸੀ ਅਤੇ ਚਾਰਾ ਕਿਸ ਨੇ ਦਿੱਤਾ ਸੀ ? ਡਿਪਟੀ ਡਾਇਰੈਕਟਰ ਪਸ਼ੂ ਡਾਕਟਰੀ ਵਿਭਾਗ, ਡਾ. ਅਨਿਲ ਕੁਮਾਰ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿਚ ਫੂਡ ਪੁਆਇਜ਼ਨਿੰਗ ਕਾਰਨ ਇਨ੍ਹਾਂ ਦੀ ਮੌਤ ਹੋਣਾ ਲੱਗ ਰਿਹਾ ਹੈ। ਦੱਸ ਦਈਏ ਕਿ ਮਾਤਾ ਮਨਸਾ ਦੇਵੀ ਗਾਊਧਾਮ ਵਿਚ ਕੁਲ 7 ਸ਼ੈੱਡ ਬਣੇ ਹੋਏ ਹਨ, ਜਿਨ੍ਹਾਂ ਵਿਚੋਂ ਦੋ ਸ਼ੈੱਡ ਵਿਚ ਗਊਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਬਾਕੀ 5 ਸ਼ੈੱਡਾਂ ਦੀ ਗਾਂਵਾਂ ਸੁਰੱਖਿਅਤ ਹਨ।
ਇਹ ਵੀ ਪੜ੍ਹੋ : ਵਿਦੇਸ਼ੀ ਔਰਤ ਪਿਆਰ 'ਚ ਫਸਾ ਕੇ ਠੱਗਦੀ ਸੀ ਲੱਖਾਂ ਰੁਪਏ, ਇੰਝ ਹੋਇਆ ਖੁਲਾਸਾ