80,000 ਨਸ਼ੀਲੀਆਂ ਗੋਲੀਆਂ ਅਤੇ ਹੈਰੋਇਨ ਬਰਾਮਦ, 5 ਗ੍ਰਿਫਤਾਰ
Thursday, Nov 18, 2021 - 12:16 PM (IST)

ਕੁਰਾਲੀ (ਹਰੀਸ਼ ਬਠਲਾ) : ਪੁਲਸ ਨੇ ਨਸ਼ਾ ਤਸਕਰਾਂ ਦੇ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਦੌਰਾਨ 80 ਹਜ਼ਾਰ ਟਰਾਮਾਡੋਲ ਗੋਲੀਆਂ ਅਤੇ ਹੈਰੋਇਨ ਬਰਾਮਦ ਕੀਤੀ ਹੈ। ਪੁਲਸ ਨੇ 5 ਸਮਗਲਰਾਂ ਨੂੰ ਗ੍ਰਿਫਤਾਰ ਕਰਕੇ 2 ਕਾਰਾਂ ਨੂੰ ਵੀ ਕਬਜ਼ੇ ਵਿਚ ਲੈ ਲਿਆ ਹੈ । ਪੁਲਸ ਵੱਲੋਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਡੀ. ਐੱਸ. ਪੀ. ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਿਚ ਸਥਾਨਕ ਥਾਣਾ ਸਿਟੀ ਕੁਰਾਲੀ ਦੀ ਪੁਲਸ ਪਾਰਟੀ ਅਤੇ ਡਰੱਗ ਇੰਸਪੈਕਟਰ ਨਵਦੀਪ ਕੌਰ ਅਤੇ ਡੀ. ਐੱਸ. ਪੀ. ਰੁਪਿੰਦਰਜੀਤ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਰੂਪਨਗਰ ਮਾਰਗ ਉੱਤੇ ਚੱਕਵਾਲ ਸਕੂਲ ਦੇ ਕੋਲ ਗਿੱਲ ਮੈਡੀਹੋਮ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਗਿੱਲ ਮੈਡੀਹੋਮ ਦੇ ਮਾਲਕ ਹਰਦਿਆਲ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਅਧਰੇੜਾ ਰੋਡ ’ਤੇ ਬਣਾਏ ਗੈਰੇਜ ਦੀ ਤਾਲਾਸ਼ੀ ਲਈ ਜਿੱਥੋਂ 31 ਹਜ਼ਾਰ ਟਰਾਮਡੋਲ ਨਸ਼ੀਲੀ ਗੋਲੀਆਂ ਬਰਾਮਦ ਹੋਈਆਂ। ਇਸ ਦੌਰਾਨ ਜਦੋਂ ਹਰਦਿਆਲ ਸਿੰਘ ਦੇ ਸਾਥੀ ਗੌਰਵ ਕੁਮਾਰ ਪੁੱਤਰ ਹਰੀਸ਼ ਕੁਮਾਰ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਐਕਸੇਂਟ ਕਾਰ ਨੰਬਰ ਪੀ. ਬੀ. 12 ਟੀ 8334 ਵਿਚੋਂ 24 ਹਜ਼ਾਰ ਟਰਾਮਾਡੋਲ ਦੀਆਂ ਗੋਲੀਆਂ ਬਰਾਮਦ ਹੋਈਆਂ।
ਪੁਲਸ ਦੀ ਰੇਡ ਸਮੇਂ ਗੌਰਵ ਕੁਮਾਰ ਟਰਾਮਾਡੋਲ ਦੀ ਗੋਲੀਆਂ ਵਾਲਾ ਡੱਬਾ ਆਪਣੀ ਐਕਸੇਂਟ ਕਾਰ ਵਿਚ ਲੈ ਕੇ ਜਾਣ ਦੀ ਤਿਆਰੀ ਵਿਚ ਸੀ। ਜਦਕਿ ਹਰਦਿਆਲ ਸਿੰਘ ਬਚੀਆਂ ਹੋਈਆਂ 31 ਹਜ਼ਾਰ ਗੋਲੀਆਂ ਦੇ ਡੱਬੇ ਨੂੰ ਲੁਕਾਉਣ ਵਿਚ ਲੱਗਿਆ ਹੋਇਆ ਸੀ। ਦੋਵਾਂ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ । ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਕਾਰ ਅਤੇ 55 ਹਜ਼ਾਰ ਗੋਲੀਆਂ ਆਪਣੇ ਕਬਜ਼ੇ ਵਿਚ ਲੈ ਲਈਆਂ। ਇਸ ਦੌਰਾਨ ਪੁਲਸ ਨੇ ਫਲਾਈ ਓਵਰ ਰੋਪੜ ਰੋਡ ਉੱਤੇ ਨਾਕਾਬੰਦੀ ਦੌਰਾਨ ਇਕ ਵਰਨਾ ਕਾਰ ਦੀ ਤਾਲਾਸ਼ੀ ਲਈ ਅਤੇ ਕਾਰ ਵਿਚੋਂ 29,900 ਟਰਾਮਾਡੋਲ ਦੀ ਗੋਲੀਆਂ ਬਰਾਮਦ ਹੋਈਆਂ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਕਾਰ ਵਿਚ ਸਵਾਰ ਗੁਰਪ੍ਰੀਤ ਸਿੰਘ ਅਤੇ ਗੁਰਦੀਪ ਸਿੰਘ ਵਾਸੀ ਪਿੰਡ ਅਧਰੇੜਾ ਨੂੰ ਰੰਗੇ ਹਾਥੀਂ ਗ੍ਰਿਫਤਾਰ ਕਰਕੇ ਉਨ੍ਹਾਂ ਵਿਰੁੱਧ ਐੱਨ. ਡੀ. ਪੀ. ਸੀ. ਐਕਟ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਦੀ ਕਾਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਜਾਂਚ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਸਥਾਨਕ ਸਦਰ ਥਾਨਾ ਪੁਲਸ ਨੇ ਸਿੰਘਪੁਰਾ ਬਾਈਪਾਸ ਕੁਰਾਲੀ ਵਿਚ ਨਾਕਾਬੰਦੀ ਦੌਰਾਨ ਸਿਲਵਰ ਇਕ ਇੰਡੀਗੋ ਕਾਰ ਨੰਬਰ ਪੀ. ਬੀ. 29 ਜੀ. 8558 ਵਿਚ ਸੰਤਪ੍ਰੀਤ ਸਿੰਘ ਉਰਫ ਲਾਲੀ ਪੁੱਤਰ ਬਲਜਿੰਦਰ ਸਿੰਘ ਵਾਸੀ ਝਿੰਗੜਾ ਖੁਰਦ ਕੋਲੋਂ 75 ਗਰਾਮ ਹੈਰੋਇਨ ਬਰਾਮਦ ਕਰਕੇ ਉਸ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।