ਪੈਲੇਸ ’ਚ ਚਲਾਈ ਗੋਲ਼ੀ ਨਾਲ ਮਚ ਗਿਆ ਚੀਕ ਚਿਹਾੜਾ, ਲਹੂ-ਲੁਹਾਨ ਹੋ ਕੇ ਜ਼ਮੀਨ ’ਤੇ ਡਿੱਗਾ ਬੱਚਾ
Wednesday, Nov 23, 2022 - 12:35 PM (IST)

ਕੋਟਕਪੂਰਾ (ਨਰਿੰਦਰ ਬੈੜ੍ਹ) : ਥਾਣਾ ਸਿਟੀ ਪੁਲਸ ਕੋਟਕਪੂਰਾ ਵਲੋਂ ਸਥਾਨਕ ਸ਼ਹਿਰ ਦੇ ਇਕ ਪੈਲੇਸ ’ਚ ਇਕ ਸਮਾਗਮ ਦੌਰਾਨ ਗੋਲ਼ੀ ਚਲਾਉਣ ਨਾਲ ਇਕ ਬੱਚੇ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੇ ਜਾਣਕਾਰੀ ਮਿਲਣ ਤੋਂ ਬਾਅਦ ਗੋਲ਼ੀ ਚਲਾਉਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਥਾਣਾ ਸਿਟੀ ਕੋਟਕਪੂਰਾ ਦੇ ਸਹਾਇਕ ਥਾਣੇਦਾਰ ਚਮਕੌਰ ਸਿੰਘ ਨੂੰ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਇਕ ਵਿਅਕਤੀ ਵੱਲੋਂ ਪੈਲੇਸ ’ਚ ਗੋਲ਼ੀ ਚਲਾਉਣ ਨਾਲ 8 ਸਾਲਾ ਬੱਚਾ ਹਰਬੀਰ ਸਿੰਘ ਜ਼ਖ਼ਮੀ ਹੋ ਗਿਆ ਅਤੇ ਇਹ ਫਾਇਰ ਸਮਾਗਮ ’ਚ ਹਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਵੱਲੋਂ ਕੀਤਾ ਗਿਆ ਹੈ। ਜ਼ਖ਼ਮੀ ਬੱਚੇ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਿਖੇ ਭਰਤੀ ਕਰਵਾਇਆ ਗਿਆ।
ਇਹ ਵੀ ਪੜ੍ਹੋ- ਮਾਂ ਦੇ ਤਸ਼ੱਦਦ ਤੋਂ ਡਰਦੀ 11 ਸਾਲਾ ਧੀ ਨੇ ਚੁੱਕਿਆ ਵੱਡਾ ਕਦਮ, ਜੋ ਕੀਤਾ ਸੁਣ ਨਹੀਂ ਹੋਵੇਗਾ ਯਕੀਨ
ਇਸ ਸਬੰਧ ਵਿੱਚ ਥਾਣਾ ਸਿਟੀ ਕੋਟਕਪੂਰਾ ਵਿਖੇ ਉਕਤ ਵਿਅਕਤੀ ਹਰਪ੍ਰੀਤ ਸਿੰਘ ਵਾਸੀ ਪਿੰਡ ਵਾੜਾ ਦਰਾਕਾ ਖ਼ਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਗੰਨ ਕਲਚਰ ਖ਼ਤਮ ਕਰਨ ਅਤੇ ਅਸਲਾ ਧਾਰਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਬੀਤੇ ਕੁਝ ਦਿਨਾਂ ਤੋਂ ਵਿਆਹ ਸਮਾਗਮਾਂ ਦੌਰਾਨ ਗੋਲ਼ੀਆਂ ਚਲਾਉਣ ਦੀਆਂ ਵਾਰਦਾਤਾਂ 'ਚ ਕਾਫ਼ੀ ਵਾਧਾ ਹੋ ਗਿਆ ਹੈ। ਬੀਤੇ ਦਿਨ ਅੰਮ੍ਰਿਤਸਰ 'ਚ ਵੀ ਇਕ ਨੌਜਵਾਨ ਵੱਲੋਂ ਆਪਣੇ ਵਿਆਹ 'ਚ ਹਵਾਈ ਫਾਇਰ ਕੱਢਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਸੀ। ਹਾਲਾਂਕਿ ਸਰਕਾਰ ਵੱਲੋਂ ਇਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਇਹ ਪੰਜਾਬ ਦੇ ਮਾਹੌਲ ਨੂੰ ਖਰਾਬ ਕਰ ਰਹੇ ਹਨ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।