CBSE ਬੋਰਡ ਦਾ ਫਰਮਾਨ, ਪ੍ਰੀਖਿਆ ਤੋਂ ਵਾਂਝੇ ਰਹਿ ਸਕਦੇ ਹਨ ਇਹ ਵਿਦਿਆਰਥੀ

12/05/2018 8:08:39 AM

ਲੁਧਿਆਣਾ, (ਵਿੱਕੀ)— ਜਿਹੜੇ ਵਿਦਿਆਰਥੀ ਇਸ ਵਾਰ ਸੀ. ਬੀ. ਐੱਸ. ਈ. ਦੀ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੇਣ ਜਾ ਰਹੇ ਹਨ, ਉਨ੍ਹਾਂ ਲਈ ਇਹ ਖਬਰ ਬਹੁਤ ਅਹਿਮ ਹੈ।ਤਾਜ਼ਾ ਸੂਚਨਾ ਮੁਤਾਬਕ ਜਿਸ ਵਿਦਿਆਰਥੀ ਦੀ ਸਕੂਲ ਵਿਚ 1 ਜਨਵਰੀ 2019 ਤੱਕ 75 ਫੀਸਦੀ ਅਟੈਂਡੈਂਸ (ਹਾਜ਼ਰੀ) ਨਹੀਂ ਹੋਵੇਗੀ, ਉਹ ਸਾਲਾਨਾ ਪ੍ਰੀਖਿਆ ਦੇਣ ਤੋਂ ਵਾਂਝਾ ਰਹਿ ਸਕਦਾ ਹੈ। 
ਮਤਲਬ ਸੀ. ਬੀ. ਐੱਸ. ਈ. ਦੀਆਂ ਉਕਤ ਦੋਵੇਂ ਕਲਾਸਾਂ ਦੀ ਪ੍ਰੀਖਿਆ ਦੇਣ ਜਾ ਰਹੇ ਵਿਦਿਆਰਥੀਆਂ ਨੂੰ 1 ਜਨਵਰੀ ਤੱਕ 75 ਫੀਸਦੀ ਹਾਜ਼ਰੀ ਦੇ ਮਾਪਦੰਡ ਪੂਰੇ ਕਰਨੇ ਹੋਣਗੇ।

ਸੀ. ਬੀ. ਐੱਸ. ਈ. ਨੇ ਸਕੂਲਾਂ ਨੂੰ 15 ਜਨਵਰੀ ਤਕ ਵਿਦਿਆਰਥੀਆਂ ਦੀ ਹਾਜ਼ਰੀ ਭੇਜਣ ਦੇ ਨਿਰਦੇਸ਼ ਦਿੱਤੇ ਹਨ ਪਰ ਸਕੂਲਾਂ ਨੂੰ ਵਿਦਿਆਰਥੀ ਦੀ ਅਟੈਂਡੈਂਸ 1 ਜਨਵਰੀ ਤੱਕ ਹੀ ਆਂਕਣੀ ਹੋਵੇਗੀ।ਬੋਰਡ ਨੇ ਇਸ ਲਈ ਬਾਕਾਇਦਾ ਇਕ ਪਰਫੋਰਮਾ ਵੀ ਜਾਰੀ ਕੀਤਾ ਹੈ, ਜਿਸ ਵਿਚ ਸ਼ਾਰਟ ਅਟੈਂਡੈਂਸ ਵਾਲੇ ਵਿਦਿਆਰਥੀ ਦੀ ਪੂਰੀ ਡਿਟੇਲ ਭਰ ਕੇ ਪ੍ਰਿੰਸੀਪਲ ਵਲੋਂ ਸੀ. ਬੀ. ਐੈੱਸ. ਈ. ਦੇ ਰੀਜਨਲ ਆਫਿਸ 'ਚ ਭੇਜੀ ਜਾਵੇਗੀ।ਸੀ. ਬੀ. ਐੱਸ. ਈ. ਦੇ ਜਾਰੀ ਆਦੇਸ਼ਾਂ ਤਹਿਤ ਅਟੈਂਡੈਂਸ ਦੀ ਗਿਣਤੀ ਸੈਸ਼ਨ ਸ਼ੁਰੂ ਹੋਣ ਤੋਂ ਲੈ ਕੇ 1 ਜਨਵਰੀ 2019 ਤੱਕ ਮੰਨੀ ਜਾਵੇਗੀ।ਬੋਰਡ ਵੱਲੋਂ ਪਹਿਲਾਂ ਤੋਂ ਬਣਾਏ ਨਿਯਮਾਂ ਮੁਤਾਬਕ ਜੋ ਵਿਦਿਆਰਥੀ 75 ਫੀਸਦੀ ਅਟੈਂਡੈਂਸ ਨੂੰ ਪੂਰਾ ਨਹੀਂ ਕਰਦਾ ਹੈ ਤਾਂ ਉਸ ਨੂੰ ਪ੍ਰੀਖਿਆ 'ਚ ਬੈਠਣ ਤੋਂ ਰੋਕਿਆ ਵੀ ਜਾ ਸਕਦਾ ਹੈ। 

ਪਹਿਲੀ ਵਾਰ ਇਸ ਤਰ੍ਹਾਂ ਦਾ ਆਦੇਸ਼
ਹਾਲਾਂਕਿ ਬੋਰਡ ਨੇ ਇਸ ਤਰ੍ਹਾਂ ਦਾ ਆਦੇਸ਼ ਪਹਿਲੀ ਵਾਰ ਦਿੱਤਾ ਹੈ। ਹੁਣ ਤੱਕ ਸੀ. ਬੀ. ਐੱਸ. ਈ. ਵਲੋਂ ਕੋਈ ਸਮਾਂ ਸੀਮਾ ਨਿਰਧਾਰਤ ਨਹੀਂ ਕੀਤੀ ਸੀ।ਪਹਿਲਾਂ ਬੋਰਡ ਵਲੋਂ 15 ਜਨਵਰੀ ਤੋਂ 15 ਫਰਵਰੀ ਦੇ ਵਿਚਕਾਰ ਪ੍ਰੈਕਟੀਕਲ ਪ੍ਰੀਖਿਆਵਾਂ ਕਰਵਾਉਣ ਦੇ ਨਿਰਦੇਸ਼ ਰਹਿੰਦੇ ਸਨ। 

''ਉਂਝ ਤਾਂ 75 ਫੀਸਦੀ ਅਟੈਂਡੈਂਸ ਵਾਲਾ ਨਿਰਦੇਸ਼ ਪਹਿਲਾਂ ਵੀ ਸੀ ਪਰ ਸਕੂਲ ਇਸ ਨੂੰ  ਆਪਣੇ ਪੱਧਰ 'ਤੇ ਵਿਦਿਆਰਥੀਆਂ ਨੂੰ ਦੱਸਦੇ ਸਨ। ਹੁਣ ਸਰਕੂਲਰ ਮੁਤਾਬਕ 1 ਜਨਵਰੀ 2019 ਤਕ  ਵਿਦਿਆਰਥੀ ਦੀ ਅਟੈਂਡੈਂਸ ਮੰਗੀ ਗਈ ਹੈ, ਜਿਸ ਨੂੰ ਬੋਰਡ ਦੇ ਰੀਜਨਲ ਆਫਿਸ 'ਚ ਭੇਜਣਾ  ਹੋਵੇਗਾ। ਸਕੂਲਾਂ ਨੂੰ 15 ਜਨਵਰੀ ਤੱਕ ਅਟੈਂਡੈਂਸ ਭੇਜਣ  ਲਈ ਕਿਹਾ ਗਿਆ ਹੈ।''
— ਡੀ. ਪੀ. ਗੁਲੇਰੀਆ, ਪ੍ਰਿੰ. ਬੀ. ਸੀ. ਐੱਮ., ਚੰਡੀਗੜ੍ਹ ਰੋਡ

''75 ਫੀਸਦੀ ਹਾਜ਼ਰੀ ਬੋਰਡ ਕਲਾਸਾਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਹੈ। ਹੁਣ ਬੋਰਡ ਨੇ ਇਸ  ਵਾਰ ਸੈਸ਼ਨ ਦੀ ਸ਼ੁਰੂਆਤ ਤੋਂ ਲੈ ਕੇ 1 ਜਨਵਰੀ 2019 ਤੱਕ ਦੀ ਅਟੈਂਡੈਂਸ ਭੇਜਣ ਨੂੰ ਕਿਹਾ  ਹੈ। ਸੀ. ਬੀ. ਐੱਸ. ਈ. ਵਲੋਂ ਸ਼ਾਰਟ ਅਟੈਂਡੈਂਸ ਵਾਲੇ ਵਿਦਿਆਰਥੀਆਂ ਲਈ ਪਹਿਲੀ ਵਾਰ ਇਸ  ਤਰ੍ਹਾਂ ਦਾ ਪਰਫੋਰਮਾ ਜਾਰੀ ਕੀਤਾ ਗਿਆ ਹੈ, ਜਿਸ ਨੂੰ ਸਕੂਲਾਂ ਵਲੋਂ ਭਰ ਕੇ ਭੇਜਣਾ ਹੋਵੇਗਾ।'' 
—ਪੀ. ਸਿੰਘ, ਪ੍ਰਿੰ. ਸੈਮਰਾਕ ਸਕੂਲ, ਹੰਬੜਾਂ ਰੋਡ


Related News