ਦਰਿੰਦੇ ਦੀ ਹੈਵਾਨੀਅਤ ਦਾ ਸ਼ਿਕਾਰ 5 ਸਾਲਾ ਬੱਚੀ ਪੀ. ਜੀ. ਆਈ. ਰੈਫਰ, ਸਾਹਮਣੇ ਆਇਆ ਦੋਸ਼ੀ ਦਾ ਚਿਹਰਾ ਪਰ...

04/14/2017 10:11:04 AM

ਲੁਧਿਆਣਾ (ਕੁਲਵੰਤ) : ਸੁਨੇਤ ਪਿੰਡ ਤੋਂ 5 ਸਾਲਾ ਬੱਚੀ ਨੂੰ ਅਗਵਾ ਕਰ ਕੇ ਉਸ ਨਾਲ ਜਬਰ-ਜ਼ਨਾਹ ਕਰਨ ਅਤੇ ਬਾਅਦ ''ਚ ਮੁੱਲਾਂਪੁਰ ਨੇੜੇ ਉਸ ਨੂੰ ਮਰਿਆ ਸਮਝ ਕੇ ਸੁੱਟ ਦੇਣ ਦੇ ਮਾਮਲੇ ਵਿਚ ਬੱਚੀ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਸ ਕਾਰਨ ਬੱਚੀ ਨੂੰ ਪੀ. ਜੀ. ਆਈ. ਵਿਚ ਰੈਫਰ ਕਰ ਦਿੱਤਾ ਗਿਆ ਹੈ। ਉਥੇ ਪੁਲਸ ਨੂੰ ਸਿਰਫ ਇੰਨੀ ਸਫਲਤਾ ਮਿਲੀ ਹੈ ਕਿ ਰਾਤ ਭਰ ਇਲਾਕੇ ਤੇ ਸੀ. ਸੀ. ਟੀ. ਵੀ. ਫੁਟੇਜ ਦੀ ਛਾਣਬੀਣ ਕਰਨ ਤੋਂ ਬਾਅਦ ਦੋਸ਼ੀ ਦਾ ਚਿਹਰਾ ਸਾਹਮਣੇ ਆ ਚੁੱਕਾ ਹੈ ਪਰ ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ। ਜਦਕਿ ਪੁਲਸ ਨੇ ਜਿੱਥੇ ਉਸ ਦੀ ਫੋਟੋ ਮੀਡੀਆ ਨੂੰ ਜਾਰੀ ਕੀਤੀ ਹੈ, ਉਥੇ ਉਸ ਦੀ ਪਛਾਣ ਕਰਵਾਉਣ ਲਈ ਫੇਸਬੁੱਕ, ਵਟਸਐਪ ਤੇ ਹੋਰ ਸੋਸ਼ਲ ਮੀਡੀਆ ਦੇ ਸਾਧਨਾਂ ਤੋਂ ਇਲਾਵਾ ਇਲੈਕਟ੍ਰੋਨਿਕ ਮੀਡੀਆ ਦਾ ਵੀ ਸਹਾਰਾ ਲਿਆ ਜਾ ਰਿਹਾ ਹੈ। ਏ. ਡੀ. ਸੀ. ਪੀ.-3 ਸੁਰਿੰਦਰ ਲਾਂਬਾ ਨੇ ਦੱਸਿਆ ਕਿ ਫਿਲਹਾਲ ਪੁਲਸ ਨੇ ਅਣਪਛਾਤੇ ਦੋਸ਼ੀ ਖਿਲਾਫ ਕੇਸ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਪੁਲਸ ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਵੇਗੀ। ਉਸ ਦੀ ਗ੍ਰਿਫਤਾਰੀ ਲਈ ਕਈ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਉਥੇ ਸੋਸ਼ਲ ਮੀਡੀਆ ''ਤੇ ਉਸ ਦੀ ਫੋਟੋ ਵੀ ਵਾਇਰਲ ਕੀਤੀ ਗਈ ਹੈ ਤਾਂ ਕਿ ਉਸ ਦੀ ਪਛਾਣ ਹੋ ਸਕੇ।
ਹੋਰਨਾਂ ਬੱਚਿਆਂ ਨੂੰ 10 ਰੁਪਏ ਦਿੱਤੇ ਦੋਸ਼ੀ ਨੇ
ਬੱਚੀ ਦੇ ਪਿਤਾ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਬਿਹਾਰ ਦੇ ਸਮਸਤੀਪੁਰ ਜ਼ਿਲੇ ਦੇ ਮਿਰਜ਼ਾਪੁਰ ਪਿੰਡ ਦੇ ਰਹਿਣ ਵਾਲੇ ਹਨ। ਇਥੇ ਉਹ ਪਰਿਵਾਰ ਨਾਲ ਪਿੰਡ ਸੁਨੇਤ ਵਿਚ ਰਹਿੰਦਾ ਹੈ। ਬੁੱਧਵਾਰ ਦੁਪਹਿਰ ਉਸਦੀ ਬੇਟੀ ਘਰ ਹੀ ਖੇਡ ਰਹੀ ਸੀ। ਉਸ ਸਮੇਂ ਇਕ ਬਾਈਕ ''ਤੇ ਵਿਅਕਤੀ ਆਇਆ ਅਤੇ ਬੱਚੀ ਨੂੰ ਆਪਣੇ ਨਾਲ ਬਿਠਾ ਕੇ ਲੈ ਗਿਆ। ਜਾਂਦੇ ਹੋਏ ਉਸ ਨੇ ਉਥੇ ਮੌਜੂਦ ਛੋਟੇ ਬੱਚਿਆਂ ਨੂੰ 10 ਰੁਪਏ ਦਿੱਤੇ। ਬੱਚਿਆਂ ਨੇ ਸਾਰੀ ਗੱਲ ਜਾ ਕੇ ਮਾਂ ਨੂੰ ਦੱਸੀ ਅਤੇ ਇਸ ਦੇ ਬਾਅਦ ਉਥੇ ਹੰਗਾਮਾ ਹੋ ਗਿਆ। ਲੋਕ ਬੱਚੀ ਨੂੰ ਲੱਭਣ ਲੱਗੇ ਪਰ ਉਸ ਦਾ ਕੁੱਝ ਪਤਾ ਨਾ ਲੱਗ ਸਕਿਆ। ਬਾਅਦ ਵਿਚ ਉਹ ਮੁੱਲਾਂਪੁਰ ਬੱਸ ਸਟੈਂਡ ''ਤੇ ਖੂਨ ਨਾਲ ਲੱਥਪਥ ਹਾਲਤ ਵਿਚ ਮਿਲੀ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਲੜਕੀਆਂ ਅਤੇ ਬੱਚੀਆਂ ਨਾਲ ਯੌਨ ਅਪਰਾਧ ਦੀਆਂ ਘਟਨਾਵਾਂ ਘੱਟ ਨਹੀਂ ਹੋ ਰਹੀਆਂ। ਇਸ ਤੋਂ ਪਹਿਲਾਂ ਵੀ ਨਗਰ ਵਿਚ ਇਕ 7 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਬਾਅਦ ਉਸਦੀ ਹੱਤਿਆ ਵਰਗੀ ਵਾਰਦਾਤ ਨੂੰ ਲੋਕ ਅਜੇ ਭੁੱਲੇ ਨਹੀਂ ਸਨ ਕਿ ਬੀਤੀ ਰਾਤ 5 ਸਾਲਾ ਬੱਚੀ ਨਾਲ ਇੰਨੀ ਘਿਨਾਉਣੀ ਵਾਰਦਾਤ ਹੋ ਗਈ। ਦੱਸਿਆ ਜਾਂਦਾ ਹੈ ਕਿ ਦੋਸ਼ੀ ਨੇ ਬੱਚੀ ਨੂੰ ਉਸ ਦੇ ਘਰ ਦੇ ਬਾਹਰੋਂ ਆਪਣੇ ਮੋਟਰਸਾਈਕਲ ''ਤੇ ਅਗਵਾ ਕੀਤਾ ਅਤੇ ਫਿਰ ਉਸ ਨੂੰ ਜੰਗਲ ਵਿਚ ਲਿਜਾ ਕੇ ਜਬਰ-ਜ਼ਨਾਹ ਕੀਤਾ ਅਤੇ ਬਾਅਦ ਵਿਚ ਉਹ ਮੁੱਲਾਂਪੁਰ ਬੱਸ ਸਟੈਂਡ ਕੋਲ ਉਸ ਨੂੰ ਛੱਡ ਕੇ ਭੱਜ ਗਿਆ। ਖੂਨ ਨਾਲ ਲੱਥਪਥ ਹਾਲਤ ਵਿਚ ਬੱਚੀ ਦੇਖ ਕੇ ਨਰਸਿੰਗ ਕਾਲਜ ਦੀਆਂ ਦੋ ਵਿਦਿਆਰਥਣਾਂ ਨੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ।

Babita Marhas

News Editor

Related News