ਜਲੰਧਰ: ਡਿਫਾਲਟਰਾਂ ਖ਼ਿਲਾਫ਼ ਪਾਵਰਕਾਮ ਦੀ ਵੱਡੀ ਕਾਰਵਾਈ, ਬਿਜਲੀ ਚੋਰਾਂ ’ਤੇ 7 ਲੱਖ ਤੋਂ ਵਧੇਰੇ ਦਾ ਠੋਕਿਆ ਜੁਰਮਾਨਾ

03/17/2022 6:15:05 PM

ਜਲੰਧਰ (ਪੁਨੀਤ)–ਪਾਵਰਕਾਮ ਨੇ ਡਿਫਾਲਟਰ ਬਿਜਲੀ ਖ਼ਪਤਕਾਰਾਂ ਤੋਂ ਰਿਕਵਰੀ ਕਰਨ ਦੇ ਨਾਲ-ਨਾਲ ਬਿਜਲੀ ਚੋਰਾਂ ਖ਼ਿਲਾਫ਼ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਸ ਕ੍ਰਮ ਵਿਚ ਐਨਫੋਰਸਮੈਂਟ ਮਹਿਕਮੇ ਨੇ 110 ਤੋਂ ਜ਼ਿਆਦਾ ਕੁਨੈਕਸ਼ਨਾਂ ਦੀ ਚੈਕਿੰਗ ਕੀਤੀ। ਡਿਪਟੀ ਚੀਫ਼ ਇੰਜੀਨੀਅਰ ਰਜਤ ਸ਼ਰਮਾ ਦੇ ਨਿਰਦੇਸ਼ਾਂ ’ਤੇ ਹੋਈ ਕਾਰਵਾਈ ਵਿਚ ਨਿਯਮਾਂ ਦੀ ਉਲੰਘਣਾ ਅਤੇ ਬਿਜਲੀ ਚੋਰੀ ਦੇ ਕੇਸ ਫੜੇ ਜਾਣ ’ਤੇ ਅੱਧਾ ਦਰਜਨ ਦੇ ਲਗਭਗ ਖ਼ਪਤਕਾਰਾਂ ਨੂੰ 7.24 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਚੈਕਿੰਗ ਟੀਮ ਨੇ ਦੱਸਿਆ ਕਿ ਇਸ ਦੌਰਾਨ ਕਈ ਮੀਟਰ ਸ਼ੱਕੀ ਹਾਲਾਤ ਵਿਚ ਪਾਏ ਗਏ, ਜਿਨ੍ਹਾਂ ਤੋਂ ਚੋਰੀ ਹੋਣ ਦੀ ਸ਼ੰਕਾ ਜ਼ਾਹਿਰ ਹੋਈ। ਮਹਿਕਮੇ ਨੇ ਅਜਿਹੇ 19 ਮੀਟਰ ਉਤਾਰ ਕੇ ਲੈਬ ਵਿਚ ਚੈਕਿੰਗ ਲਈ ਭਿਜਵਾਏ ਹਨ, ਜਿਨ੍ਹਾਂ ਦੀ ਰਿਪੋਰਟ ਆਉਣ ’ਤੇ ਸਥਿਤੀ ਕਲੀਅਰ ਹੋਵੇਗੀ।

ਡਿਸਟ੍ਰੀਬਿਊਸ਼ਨ ਸਰਕਲ ਦੀ ਗੱਲ ਕਰੀਏ ਤਾਂ ਸੁਪਰਿੰਟੈਂਡੈਂਟ ਇੰਜੀ. ਇੰਦਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਡਿਫਾਲਟਰ ਬਿਜਲੀ ਖ਼ਪਤਕਾਰਾਂ ਖ਼ਿਲਾਫ਼ ਸਵੇਰੇ ਮੁਹਿੰਮ ਸ਼ੁਰੂ ਕੀਤੀ ਗਈ। ਜਲੰਧਰ ਦੀਆਂ ਚਾਰਾਂ ਡਵੀਜ਼ਨਾਂ ਵਿਚ ਬਣਾਈਆਂ ਗਈਆਂ ਲਗਭਗ 12 ਟੀਮਾਂ ਨੇ ਵੱਖ-ਵੱਖ ਇਲਾਕਿਆਂ ’ਚ 115 ਦੇ ਲਗਭਗ ਬਿਜਲੀ ਕੁਨੈਕਸ਼ਨ ਕੱਟੇ। ਸਭ ਤੋਂ ਜ਼ਿਆਦਾ ਮਕਸੂਦਾਂ (ਵੈਸਟ) ਡਵੀਜ਼ਨ ਨੇ ਕੁਨੈਕਸ਼ਨ ਕੱਟਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ। ਕੁਨੈਕਸ਼ਨ ਕੱਟਣ ਦੇ ਮਾਮਲੇ ਵਿਚ ਮਾਡਲ ਟਾਊਨ ਡਿਵੀਜ਼ਨ ਵੱਲੋਂ ਵੀ ਬੇਹੱਦ ਸਖ਼ਤੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: CM ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ’ਚ ਬੱਸਾਂ ਭੇਜਣ ਨਾਲ ਵਿਭਾਗ ਨੂੰ 45 ਲੱਖ ਤੋਂ ਵੱਧ ਦਾ ਸ਼ੁੱਧ ਲਾਭ

PunjabKesari

ਮਕਸੂਦਾਂ ਡਿਵੀਜ਼ਨ ਵਿਚ ਸਭ ਤੋਂ ਜ਼ਿਆਦਾ ਘਰੇਲੂ ਕੁਨੈਕਸ਼ਨ ਹਨ, ਜਦਕਿ ਮਾਡਲ ਟਾਊਨ ਵਿਚ ਕਮਰਸ਼ੀਅਲ (ਵੱਡੀ ਬਿਲਡਿੰਗ/ਸ਼ਾਪਿੰਗ ਮਾਲ) ਕੁਨੈਕਸ਼ਨਾਂ ਦੀ ਗਿਣਤੀ ਜ਼ਿਆਦਾ ਹੈ। ਇੰਡਸਟਰੀ ਦੇ ਮੁਕਾਬਲੇ ਇਨ੍ਹਾਂ 2 ਡਵੀਜ਼ਨਾਂ ਦੀ ਡਿਫਾਲਟਰ ਰਾਸ਼ੀ ਸਭ ਤੋਂ ਜ਼ਿਆਦਾ ਹੈ। ਸਬੰਧਤ ਐਕਸੀਅਨਾਂ ਵੱਲੋਂ ਡਿਫਾਲਟਰਾਂ ਖ਼ਿਲਾਫ਼ ਰੋਜ਼ਾਨਾ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਸ਼ਾਮ ਤੱਕ ਦੀ ਰਿਪੋਰਟ ਅਨੁਸਾਰ ਡਿਫਾਲਟਰਾਂ ਵੱਲੋਂ ਜਮ੍ਹਾ ਕਰਵਾਈ ਗਈ ਰਾਸ਼ੀ ਅਤੇ ਰੁਟੀਨ ਮੁਤਾਬਕ ਜਮ੍ਹਾ ਹੋਣ ਵਾਲੇ ਬਿੱਲਾਂ ਨੂੰ ਮਿਲਾ ਕੇ ਵਿਭਾਗ ਨੂੰ ਅੱਜ 1.85 ਕਰੋੜ ਦੀ ਰਿਕਵਰੀ ਹੋਈ। ਇੰਜੀ. ਇੰਦਰਪਾਲ ਸਿੰਘ ਨੇ ਦੱਸਿਆ ਕਿ 31 ਮਾਰਚ ਦੀ ਕਲੋਜ਼ਿੰਗ ਵਿਚ ਹੁਣ ਕਾਫੀ ਘੱਟ ਸਮਾਂ ਬਾਕੀ ਹੈ, ਜਿਸ ਕਾਰਨ ਸਾਰੇ ਕਰਮਚਾਰੀਆਂ ਨੂੰ ਰਿਕਵਰੀ ਕਰਨ ਲਈ ਸਖ਼ਤੀ ਕਰਨ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਖਪਤਕਾਰ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਤੁਰੰਤ ਆਪਣੇ ਬਿੱਲ ਦੀ ਬਕਾਇਆ ਰਾਸ਼ੀ ਜਮ੍ਹਾ ਕਰਵਾਉਣ, ਨਹੀਂ ਤਾਂ ਕੁਨੈਕਸ਼ਨ ਕੱਟਣ ਤੋਂ ਇਲਾਵਾ ਉਨ੍ਹਾਂ ਕੋਲ ਕੋਈ ਬਦਲ ਨਹੀਂ ਰਹੇਗਾ।

ਇਹ ਵੀ ਪੜ੍ਹੋ: ਇਕੱਠਿਆਂ ਬਲੀਆਂ ਸੜਕ ਹਾਦਸੇ 'ਚ ਮਰੇ ਦੋ ਭਰਾਵਾਂ ਸਣੇ 3 ਦੋਸਤਾਂ ਦੀਆਂ ਚਿਖ਼ਾਵਾਂ, ਰੋ-ਰੋ ਹਾਲੋ ਬੇਹਾਲ ਹੋਈਆਂ ਮਾਂਵਾਂ

9 ਵਜੇ ਕਰਮਚਾਰੀ ਦਫ਼ਤਰ ’ਚ ਹਾਜ਼ਰੀ ਯਕੀਨੀ ਬਣਾਉਣ, ਹੋਵੇਗੀ ਚੈਕਿੰਗ
ਇੰਜੀ. ਇੰਦਰਪਾਲ ਸਿੰਘ ਨੇ ਆਪਣੇ ਪੰਜਾਂ ਐਕਸੀਅਨਾਂ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਡਿਵੀਜ਼ਨ ਦਫ਼ਤਰਾਂ ਅਤੇ ਸਬ-ਡਿਵੀਜ਼ਨਾਂ ਵਿਚ ਸਟਾਫ਼ ਦਾ 9 ਵਜੇ ਦਫ਼ਤਰ ਪਹੁੰਚਣਾ ਯਕੀਨੀ ਬਣਾਇਆ ਜਾਵੇ। ਸਵੇਰੇ 9 ਵਜੇ ਪਬਲਿਕ ਡੀਲਿੰਗ ਦਾ ਕੰਮ ਸ਼ੁਰੂ ਹੋ ਜਾਣਾ ਚਾਹੀਦਾ ਹੈ। ਉਹ ਇਸ ਸਬੰਧੀ ਹਰੇਕ ਹਫਤੇ ਕਿਸੇ ਨਾ ਕਿਸੇ ਦਫ਼ਤਰ ਵਿਚ ਅਚਨਚੇਤ ਚੈਕਿੰਗ ਕਰਨਗੇ। ਇਸੇ ਤਰ੍ਹਾਂ ਐਕਸੀਅਨ ਆਪਣੇ ਇਲਾਕੇ ਵਿਚ ਪੈਣ ਵਾਲੇ ਸਬ-ਡਿਵੀਜ਼ਨ ਦਫ਼ਤਰਾਂ ਵਿਚ ਚੈਕਿੰਗ ਕਰਨ ਤਾਂ ਜੋ ਸਟਾਫ਼ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਦਫ਼ਤਰਾਂ ਵਿਚ ਰਹੇ। ਜੋ ਕਰਮਚਾਰੀ ਹਾਜ਼ਰ ਨਾ ਰਿਹਾ, ਉਸ ਖ਼ਿਲਾਫ਼ ਰਿਪੋਰਟ ਬਣਾ ਕੇ ਪਟਿਆਲਾ ਭੇਜੀ ਜਾਵੇਗੀ।

ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਅੱਜ ਕਰਨਗੇ ਪੰਜਾਬ ਲਈ ਵੱਡਾ ਐਲਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News