ਪੰਚਾਇਤੀ ਚੋਣਾਂ 'ਚ 68 ਫ਼ੀਸਦੀ ਵੋਟਿੰਗ, ਡਿਊਟੀ ਦੌਰਾਨ 2 ਮੌਤਾਂ, ਜਾਣੋ ਕਿੱਥੇ ਕੀ ਹੋਇਆ (ਤਸਵੀਰਾਂ)
Wednesday, Oct 16, 2024 - 09:47 AM (IST)
ਚੰਡੀਗੜ੍ਹ (ਅੰਕੁਰ) : ਪੰਜਾਬ ’ਚ ਪੰਚਾਇਤੀ ਚੋਣਾਂ ਦੌਰਾਨ ਤਕਰੀਬਨ 68 ਫ਼ੀਸਦੀ ਵੋਟਿੰਗ ਹੋਈ। ਇਸ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਦੇ ਪਿੰਡਾਂ ’ਚ ਹਿੰਸਕ ਘਟਨਾਵਾਂ ਸਾਹਮਣੇ ਆਈਆਂ ਹਨ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੋਹਲ ਸੈਨ ਭਗਤ ’ਚ ਪੋਲਿੰਗ ਬੂਥ ਦੇ ਬਾਹਰ ਗੋਲੀਬਾਰੀ ਹੋਈ। ਗੋਲੀ ਲੱਗਣ ਨਾਲ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਜ਼ੀਰਾ ਨੇੜੇ ਲੋਹਕੇ ਖੁਰਦ ’ਚ ਵੀ ਬੂਥ ਕੈਪਚਰਿੰਗ ਦੀ ਕੋਸ਼ਿਸ਼ ਕੀਤੀ ਗਈ। ਉੱਥੇ ਬੈਲੇਟ ਪੇਪਰਾਂ 'ਤੇ ਸਿਆਹੀ ਪਾ ਕੇ ਵੋਟਾਂ ਖ਼ਰਾਬ ਕੀਤੀਆਂ ਗਈਆਂ। ਮਾਨਸਾ ਖ਼ੁਰਦ ’ਚ ਬੈਲੇਟ ਪੇਪਰ ਗ਼ਲਤ ਛਾਪਿਆ ਹੋਣ ਕਰਕੇ ਵੋਟਿੰਗ ਰੋਕ ਦਿੱਤੀ ਗਈ। ਬਠਿੰਡਾ ਦੇ ਪਿੰਡ ਆਕਲੀਆਂ ਕਲਾਂ 'ਚ ਚੋਣਾਂ ਦੌਰਾਨ ਕੁੱਝ ਨੌਜਵਾਨਾਂ ਨੇ ਕਾਰ 'ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : Love Marriage ਦਾ ਚਾਅ ਵੀ ਨਾ ਉਤਰਿਆ ਕਿ ਹੋਇਆ ਦਰਦਨਾਕ ਅੰਤ, ਪਤੀ ਨੇ ਕੀਤਾ ਹੈਰਾਨ ਕਰਦਾ ਖ਼ੁਲਾਸਾ
ਪਟਿਆਲਾ ਦੇ ਇਕ ਪਿੰਡ 'ਚ ਪੋਲਿੰਗ ਦੌਰਾਨ ਗੋਲੀਬਾਰੀ ਤੇ ਪਥਰਾਅ ਹੋਇਆ। ਇਸ ਘਟਨਾ ’ਚ 2 ਲੋਕ ਜ਼ਖ਼ਮੀ ਹੋ ਗਏ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪਿੰਡ ਦੇ ਪੋਲਿੰਗ ਬੂਥ 'ਤੇ ਬਾਹਰੀ ਲੋਕਾਂ ਨੇ ਗੋਲੀਆਂ ਚਲਾਈਆਂ। ਲੁਧਿਆਣਾ ਦੇ ਪਿੰਡ ਭਾਮੀਆਂ ਖ਼ੁਰਦ ’ਚ ਪੰਚਾਇਤੀ ਚੋਣਾਂ ਲਈ ਵੋਟਿੰਗ ਦੌਰਾਨ ਝਗੜਾ ਹੋ ਗਿਆ। ਚੋਣ ਬੈਲੇਟ ਪੇਪਰ ਬਦਲਣ ਨੂੰ ਲੈ ਕੇ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਮਾਮਲਾ ਕਾਫ਼ੀ ਗਰਮਾ ਗਿਆ। ਜਗਰਾਓਂ ਨੇੜੇ ਪਿੰਡ ਪੋਨਾ ਅਤੇ ਪਿੰਡ ਡੱਲਾ ’ਚ ਸਰਪੰਚ ਦੀਆਂ ਚੋਣਾਂ ਰੱਦ ਕਰਨ ਦੇ ਹੁਕਮ ਦਿੱਤੇ ਗਏ ਹਨ।
ਇਹ ਜਾਣਕਾਰੀ ਵੋਟਿੰਗ ਤੋਂ ਕੁਝ ਘੰਟੇ ਪਹਿਲਾਂ ਡੀ.ਸੀ. ਵੱਲੋਂ ਜਾਰੀ ਹੁਕਮਾਂ ’ਚ ਦਿੱਤੀ ਗਈ। ਅੰਮ੍ਰਿਤਸਰ ਦੇ ਰਾਜਾਸਾਂਸੀ ਇਲਾਕੇ ਦੇ ਪਿੰਡ ਬਲਗਣ ਸਿੱਧੂ ’ਚ ਵੋਟਾਂ ਪੈਣ ਦੌਰਾਨ ਦੋ ਧਿਰਾਂ ’ਚ ਝਗੜਾ ਹੋ ਗਿਆ। ਇਸ ਦੌਰਾਨ ਹੱਥੋਪਾਈ ਸ਼ੁਰੂ ਹੋ ਗਈ। ਇਸ ਤੋਂ ਬਾਅਦ ਦੋਵੇਂ ਧਿਰਾਂ ਨੇ ਇਕ ਦੂਜੇ 'ਤੇ ਪਥਰਾਅ ਸ਼ੁਰੂ ਕਰ ਦਿੱਤਾ। ਸੁਲਤਾਨਪੁਰ ਲੋਧੀ ਨੇੜਲੇ ਪਿੰਡ ਗਿੱਲਾਂ ’ਚ ਇਕ ਧਿਰ ਦੇ ਸਮਰਥਕਾਂ ਨੇ ਪੰਚਾਇਤੀ ਚੋਣਾਂ ਦਾ ਬਾਈਕਾਟ ਕੀਤਾ ਹੈ। ਸਮਰਥਕਾਂ ਨੇ ਪ੍ਰਸ਼ਾਸਨ ’ਤੇ ਵੋਟਰ ਸੂਚੀ ’ਚ ਧਾਂਦਲੀ ਕਰਨ ਦਾ ਦੋਸ਼ ਲਾਇਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਪੋਲਿੰਗ ਦਾ ਸਮਾਂ ਲੰਘਣ 'ਤੇ ਵੀ ਪੈ ਰਹੀਆਂ ਵੋਟਾਂ, ਵੋਟਰਾਂ ਦੀਆਂ ਦਿਖੀਆਂ ਲੰਬੀਆਂ ਲਾਈਨਾਂ (ਤਸਵੀਰਾਂ)
ਚੋਣ ਡਿਊਟੀ ਦੌਰਾਨ 2 ਮੌਤਾਂ
ਚੋਣ ਡਿਊਟੀ ਦੌਰਾਨ ਦੋ ਮੁਲਾਜ਼ਮਾਂ ਦੀ ਮੌਤ ਹੋ ਗਈ। ਬਰਨਾਲਾ ’ਚ ਪੰਚਾਇਤੀ ਚੋਣ ਡਿਊਟੀ ’ਤੇ ਤਾਇਨਾਤ ਇੱਕ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੀਨੀਅਰ ਕਾਂਸਟੇਬਲ ਲੱਖਾ ਸਿੰਘ (53) ਵਜੋਂ ਹੋਈ ਹੈ। ਫ਼ਾਜ਼ਿਲਕਾ ਜ਼ਿਲ੍ਹੇ ਦੇ ਰਹਿਣ ਵਾਲੇ ਸਕੂਲ ਅਧਿਆਪਕ ਅਮਰਿੰਦਰ ਸਿੰਘ ਦੀ ਜਲੰਧਰ ਜ਼ਿਲ੍ਹੇ ’ਚ ਆਦਮਪੁਰ ਨੇੜਲੇ ਪਿੰਡ ਅਰਜਨਵਾਲ ’ਚ ਡਿਊਟੀ ਦੌਰਾਨ ਮੌਤ ਹੋ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8