ਤਾਲਾਬੰਦੀ ਦੌਰਾਨ ਵੱਡੀ ਗਿਣਤੀ 'ਚ ਨਸ਼ਾ ਪੀੜਤਾਂ ਦਾ ਰੁਝਾਨ 'ਓਟ ਕਲੀਨਿਕ' ਵੱਲ ਵਧਿਆ
Friday, Aug 07, 2020 - 05:22 PM (IST)
ਸੰਦੌੜ(ਰਿਖੀ ) - ਕੋਰੋਨਾਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਪੰਜਾਬ ਵਿਚ ਕਰਫਿਊ ਲਗਾਇਆ ਗਿਆ ਸੀ ਅਤੇ ਕਰਫਿਊ ਦੌਰਾਨ ਪੰਜਾਬ ਸਰਕਾਰ ਦੀ ਨਸ਼ਾ ਮੁਕਤੀ ਮੁਹਿੰਮ ਨੂੰ ਵੱਡੇ ਪੱਧਰ ’ਤੇ ਸਫਲਤਾ ਹਾਸਲ ਹੋਈ ਹੈ। ਕਰਫਿਊ ਲੱਗਣ ਤੋਂ ਲੈ ਕੇ ਹੁਣ ਤੱਕ ਵੱਡੀ ਗਿਣਤੀ ਵਿਚ ਨਸ਼ਾ ਪੀੜਤ ਮਰੀਜ਼ਾਂ ਨੇ 'ਓਟ ਕਲੀਨਿਕਾਂ' ਤੇ ਨਸ਼ਾ ਛੁਡਾਊ ਕੇਂਦਰਾਂ ਵੱਲ ਰੁਖ ਕੀਤਾ ਹੈ।
ਪੰਜਗਰਾਈਆਂ ਵਿਖੇ ਜਾਣਕਾਰੀ ਦਿੰਦਿਆਂ ਕਮਿਊਨਟੀ ਹੈਲਥ ਸੈਂਟਰ ਅਹਿਮਗੜ੍ਹ ਵਿਖੇ ਓਟ ਕਲੀਨਿਕ ਦੇ ਇੰਚਾਰਜ ਡਾ. ਕੰਵਲਵੀਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਨਸ਼ਾ ਛਡਾਊ ਪ੍ਰੋਗਰਾਮ ਨੂੰ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲਗਾਏ ਗਏੇ ਕਰਫਿਊ ਦੀ ਮਿਤੀ 23 ਮਾਰਚ ਤੋਂ ਹੁਣ ਤੱਕ ਅਹਿਮਦਗੜ੍ਹ ਓਟ ਕਲੀਨਿਕ ਵਿਚ 607 ਨਵੇਂ ਮਰੀਜ਼ ਰਜਿਸਟਰਡ ਹੋਏ ਹਨ। ਉਨ੍ਹਾਂ ਦੱਸਿਆ ਕਿ ਜੁਲਾਈ ਮਹੀਨੇ ਦੌਰਾਨ ਓਟ ਕਲੀਨਿਕ ਵਿਚ 15 ਨਵੇਂ ਨਸ਼ਾ ਪੀੜਤ ਮਰੀਜ਼ ਆਏ ਹਨ। ਡਾ. ਕੰਵਲਵੀਰ ਸਿੰਘ ਨੇ ਕਿਹਾ ਕਿ ਅਹਿਮਦਗੜ੍ਹ ਓਟ ਕਲੀਨਿਕ ਵਿਖੇ ਇਸ ਸਮੇਂ 816 ਨਸ਼ਾ ਪੀੜਤ ਮਰੀਜ਼ ਰਜਿਸਟਰ ਹਨ। ਉਨ੍ਹਾਂ ਕਿਹਾ ਕਿ 23 ਮਾਰਚ ਤੋਂ ਹੁਣ ਤੱਕ 280 ਅਜਿਹੇ ਨਸ਼ਾ ਪੀੜਤ ਮਰੀਜ਼ ਆਏ ਹਨ ਜੋ ਪਹਿਲਾਂ ਪ੍ਰਾਈਵੇਟ ਨਸ਼ਾ ਛਡਾਊ ਕੇਂਦਰਾਂ ਤੋਂ ਇਲਾਜ ਕਰਵਾ ਰਹੇ ਸਨ।
ਸੀਨੀਅਰ ਮੈਡੀਕਲ ਅਫਸਰ ਫਤਿਹਗੜ੍ਹ ਪੰਜਗਰਾਈਆ ਡਾ. ਗੀਤਾ ਤੇ ਸੀਨੀਅਰ ਮੈਡੀਕਲ ਅਫਸਰ ਅਹਿਮਦਗੜ੍ਹ ਡਾ. ਪ੍ਰਤਿਭਾ ਸ਼ਾਹੂ ਨੇ ਕਿਹਾ ਕਿ ਓਟ ਕਲੀਨਿਕ ਵਿਚ ਦਵਾਈ ਦੇਣ ਦੌਰਾਨ ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਮਰੀਜ਼ਾਂ ਨੂੰ ਕੋਵਿਡ 19 ਬਿਮਾਰੀ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਛੁਡਾਊ ਪ੍ਰੋਗਰਾਮ ਦਾ ਮੁੱਖ ਮੰਤਵ ਗੁੰਮਰਾਹ ਨੌਜਵਾਨਾਂ ਨੂੰ ਮੁੜ ਜ਼ਿੰਦਗੀ ਦੀ ਰਾਹ 'ਤੇ ਪਾਉਣਾ ਹੈ ਅਤੇ ਇਲਾਜ ਮੁਹੱਈਆ ਕਰਵਾ ਕੇ ਸਿਹਤਮੰਦ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਡੇ ਡਾਕਟਰ ਇਨ੍ਹਾਂ ਮਰੀਜ਼ਾਂ ਦੇ ਇਲਾਜ ਲਈ ਲੋੜੀਂਦੀ ਦਵਾਈ ਦੇ ਰਹੇ ਹਨ ਤਾਂ ਜੋ ਨਸ਼ਾ ਛੁਡਾਇਆ ਜਾ ਸਕੇ।