ਪੁਲਸ ਦੀ ਵੱਡੀ ਸਫ਼ਲਤਾ, ਕਰੋੜਾਂ ਦੀ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਣੇ ਏ ਸ਼੍ਰੇਣੀ ਦੇ 6 ਨਾਮੀ ਨਸ਼ਾ ਤਸਕਰ ਗ੍ਰਿਫ਼ਤਾਰ

06/12/2021 4:12:20 PM

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)- ਥਾਣਾ ਸੁਲਤਾਨਪੁਰ ਲੋਧੀ ਪੁਲਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਏ ਆਪਰੇਸ਼ਨ 2 ਐੱਸ (ਸੀਜ਼ ਐਂਡ ਸਰਚ ) ਤਹਿਤ ਇਲਾਕੇ ਦੇ ਨਸ਼ੇ ਦੇ ਕਾਰੋਬਾਰ ਵਜੋਂ ਬਦਨਾਮ ਪਿੰਡ ਲਾਟੀਆਂਵਾਲ ਦੀ ਭਾਰੀ ਛਾਪੇਮਾਰੀ ਕਰਕੇ ਵੱਡੀ ਪ੍ਰਾਪਤੀ ਕੀਤੀ ਗਈ। ਇਸ ਸਬੰਧੀ ਸੁਲਤਾਨਪੁਰ ਲੋਧੀ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਸਰਵਨ ਸਿੰਘ ਬੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਪ੍ਰਤੀ ਵਚਨਬੱਧਤਾ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਐੱਸ. ਐੱਸ. ਪੀ. ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਦੇ ਦਿਸ਼ਾ-ਨਿਰਦੇਸ਼ ਹੇਠ ਨਸ਼ਿਆਂ ਦਾ ਵੱਡੇ ਪੱਧਰ ਉਤੇ ਕਾਰੋਬਾਰ ਕਰਨ ਵਾਲੇ 6 ਵੱਡੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੀ ਸਫ਼ਲਤਾ ਹਾਸਲ ਕੀਤੀ ਹੈ। 

ਇਹ ਵੀ ਪੜ੍ਹੋ: ਜਲੰਧਰ: ਦਿਵਿਆਂਗ ਨਾਲ ਕੁੱਟਮਾਰ ਕਰਨ ਵਾਲੇ ਏ. ਐੱਸ. ਆਈ. ’ਤੇ ਡਿੱਗੀ ਗਾਜ, ਹੋਇਆ ਸਸਪੈਂਡ

ਇਸ ਸਮੇਂ ਐੱਸ. ਪੀ. ਤਫਤੀਸ਼ ਵਿਸ਼ਾਲਜੀਤ ਸਿੰਘ ਅਤੇ ਡੀ. ਐੱਸ. ਪੀ. ਸਰਵਨ ਸਿੰਘ ਬੱਲ ਦੀ ਨਿਗਰਾਨੀ ਹੇਠ ਤਿੰਨ ਐੱਸ. ਐੱਚ. ਓਜ਼ ਅਤੇ 160 ਪੁਲਸ ਕਰਮਚਾਰੀਆਂ ਦੀਆਂ ਵੱਖ-ਵੱਖ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ ਸੀ ਅਤੇ ਇਨ੍ਹਾਂ ਪੁਲਸ ਟੀਮਾਂ ਵੱਲੋਂ ਪਿੰਡ ਲਾਟੀਆਂਵਾਲ ਦੀ ਘੇਰਾਬੰਦੀ ਕਰਕੇ ਪਿੰਡ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। 

ਡੀ. ਐੱਸ. ਪੀ. ਬੱਲ ਨੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਫੜੇ ਗਏ ਨਸ਼ਾ ਤਕਸਰਾਂ ਵਿੱਚ ਰਾਜਬੀਰ ਸਿੰਘ ਉਰਫ਼ ਰਾਜੂ, ਸੁਖਜੀਵਨ ਸਿੰਘ , ਲਖਵਿੰਦਰ ਸਿੰਘ ਉਰਫ਼ ਲੱਖਾ, ਅਮਰਜੀਤ ਸਿੰਘ, ਕੁਲਬੀਰ ਸਿੰਘ ਉਰਫ ਸੋਹਣ ਸਾਰੇ ਨਿਵਾਸੀ ਪਿੰਡ ਲਾਟੀਆਂਵਾਲ ਅਤੇ ਹਰਪਾਲ ਸਿੰਘ ਉਰਫ਼ ਪਾਲਾ ਵਾਸੀ ਪਿੰਡ ਤੋਤੀ (ਸੁਲਤਾਨਪੁਰ ਲੋਧੀ) ਹਨ। ਉਨ੍ਹਾਂ ਦੱਸਿਆ ਕਿ ਉਕਤ 6 ਨਸ਼ਾ ਤਸਕਰਾਂ ਕੋਲੋਂ ਕਰੋੜਾਂ ਰੁਪਏ ਦੇ ਅੰਤਰਰਾਸ਼ਟਰੀ ਕੀਮਤ ਦੀ 525 ਗ੍ਰਾਮ ਹੈਰੋਇਨ, 270 ਗ੍ਰਾਮ ਨਸ਼ੀਲਾ ਪਾਊਡਰ, 960 ਨਸ਼ੀਲੀਆਂ ਗੋਲੀਆਂ, 150 ਕਿਲੋਗਰਾਮ ਲਾਹਨ ਅਤੇ ਇਕ ਸਕਾਰਪੀਓ ਗੱਡੀ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ: ਜਲੰਧਰ: ਏ. ਐੱਸ. ਆਈ. ਨੇ ਕੁੜੀ 'ਤੇ ਸਰੀਰਕ ਸੰਬੰਧ ਬਣਾਉਣ ਦਾ ਪਾਇਆ ਦਬਾਅ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਇਸ ਤੋਂ ਇਲਾਵਾ ਉਕਤ ਸਾਰੇ ਮੁਲਜਮ ਪੰਜ ਕਿਲੋਗਰਾਮ ਹੈਰੋਇਨ ਤਸਕਰੀ ਦੇ ਕੇਸ ਵਿੱਚ ਭਗੌੜੇ ਹਨ ਅਤੇ ਦੋ ਏ ਸ਼੍ਰੇਣੀ ਦੇ ਨਸ਼ਾ ਤਸਕਰ ਹਨ । ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਬੱਲ ਦੇ ਨਾਲ ਐੱਸ. ਐੱਚ. ਓ. ਹਰਜੀਤ ਸਿੰਘ ਵੀ ਸਨ, ਜਿਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਲਿਆ ਜਾਵੇਗਾ ਅਤੇ ਹੋਰ ਪੁੱਛ ਪੜਤਾਲ ਕੀਤੀ ਜਾਵੇਗੀ ।

ਇਹ ਵੀ ਪੜ੍ਹੋ: ਲਾਕਡਾਊਨ ’ਚ ਪੰਜਾਬ ਰੋਡਵੇਜ ਨੇ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਨੂੰ ਦਿੱਤੀ ਇਹ ਵੱਡੀ ਰਾਹਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News