ਸੰਸਦ ਮੈਂਬਰ ਰਵਨੀਤ ਬਿੱਟੂ ਦੇ PA ’ਤੇ ਹਮਲਾ ਕਰਨ ਦੇ ਮਾਮਲੇ ’ਚ 6 ਮੁਲਜ਼ਮ ਗ੍ਰਿਫ਼ਤਾਰ

08/16/2022 11:19:20 PM

ਲੁਧਿਆਣਾ (ਨਰਿੰਦਰ) : ਸੰਸਦ ਰਵਨੀਤ ਸਿੰਘ ਬਿੱਟੂ ਦੇ ਪੀ. ਏ. ਹਰਜਿੰਦਰ ਸਿੰਘ ਢੀਂਡਸਾ ’ਤੇ ਹੋਏ ਕਾਤਿਲਾਨਾ ਹਮਲੇ ਦੇ ਮਾਮਲੇ ’ਚ 6 ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਢੀਂਡਸਾ ’ਤੇ ਇਹ ਹਮਲਾ 12 ਅਗਸਤ ਦੀ ਸਵੇਰ ਤਕਰੀਬਨ ਸਾਢੇ ਨੌਂ ਵਜੇ ਫਿਰੋਜ਼ਪੁਰ ਰੋਡ ਸਥਿਤ ਇਯਾਲੀ ਚੌਕ ’ਤੇ ਹੋਇਆ ਸੀ। ਪੁਲਸ ਦੇ ਅਨੁਸਾਰ ਮਾਮਲੇ ’ਚ 15 ਅਗਸਤ ਨੂੰ 2 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਸੀ, ਜਿਨ੍ਹਾਂ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ’ਤੇ 4 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਪੀ. ਏ. ਹਰਜਿੰਦਰ ਸਿੰਘ ਢੀਂਡਸਾ ’ਤੇ ਸ਼ੁੱਕਰਵਾਰ ਸਵੇਰੇ ਇਯਾਲੀ ਚੌਕ ਨੇੜੇ ਤਕਰੀਬਨ ਇਕ ਦਰਜਨ ਹਮਲਾਵਰਾਂ ਵੱਲੋਂ ਹਮਲਾ ਕੀਤਾ ਗਿਆ ਸੀ। 

ਇਹ ਖ਼ਬਰ ਵੀ ਪੜ੍ਹੋ : ਸਕੂਲੀ ਬੱਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਕੀਤਾ ਹਮਲਾ, ਵਾਲ-ਵਾਲ ਬਚੇ ਕਰੀਬ 34 ਬੱਚੇ

ਤਫਤੀਸ਼ ਦੌਰਾਨ ਸੀ.ਆਈ.ਏ. ਸਟਾਫ-1 ਲੁਧਿਆਣਾ ਅਤੇ ਥਾਣਾ ਸਰਾਭਾ ਨਗਰ ਲੁਧਿਆਣਾ ਦੀ ਸਾਂਝੀ ਪੁਲਸ ਪਾਰਟੀ ਵੱਲੋਂ ਸਾਇੰਟਿਫਿਕ ਢੰਗ ਨਾਲ ਤਫਤੀਸ਼ ਕਰਕੇ ਹੋਰ ਦੋਸ਼ੀਆਂ ਦਾ ਸੁਰਾਗ ਲਗਾ ਕੇ ਮਿਤੀ 15-08-2022 ਨੂੰ ਦੋਸ਼ੀ ਹਰਜੋਤ ਸਿੰਘ ਉਰਫ਼ ਜੋਤ ਪੁੱਤਰ ਸੁਖਵਿੰਦਰ ਸਿੰਘ ਅਤੇ ਹਰਮਨਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ (ਦੋਵੇਂ) ਵਾਸੀ ਪਿੰਡ ਮੰਡਿਆਣੀ ਜ਼ਿਲ੍ਹਾ ਲੁਧਿਆਣਾ ਨੂੰ ਕਾਬੂ ਗ੍ਰਿਫ਼ਤਾਰ ਕੀਤਾ ਗਿਆ ਤੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਤਫਤੀਸ਼ ਦੌਰਾਨ ਮੰਗਲਵਾਰ 16 ਅਗਸਤ ਨੂੰ ਮੁਕੱਦਮਾ ਵਿੱਚ 04 ਹੋਰ ਦੋਸ਼ੀਆਂ ਲਵਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਮੰਡਿਆਣੀ ਜ਼ਿਲ੍ਹਾ ਲੁਧਿਆਣਾ, ਜਸਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਸਹੋਲੀ ਜ਼ਿਲ੍ਹਾ ਲੁਧਿਆਣਾ, ਪਵਨਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਮੰਡਿਆਣੀ ਜ਼ਿਲ੍ਹਾ ਲੁਧਿਆਣਾ ਤੇ ਰੁਪਿੰਦਰ ਸਿੰਘ ਉਰਫ਼ ਲਵਲੀ ਪੁੱਤਰ ਸਤਵੰਤ ਸਿੰਘ ਵਾਸੀ ਧੂਰਕੋਟ ਰੋਡ ਅਹਿਮਦਗੜ੍ਹ ਮੰਡੀ ਜ਼ਿਲ੍ਹਾ ਮਾਲੇਰਕੋਟਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਾਕੀ ਦੋਸ਼ੀਆਂ ਦੀ ਤਲਾਸ਼ ਜਾਰੀ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Manoj

Content Editor

Related News