ਸੂਬੇ ਦੀਆਂ ਮੰਡੀਆਂ ’ਚ ਹੁਣ ਤੱਕ 6000 ਤੋਂ ਵੱਧ ਲੋਕਾਂ ਨੇ ਲਵਾਈ ਕੋਵਿਡ ਵੈਕਸੀਨ

Sunday, Apr 18, 2021 - 10:19 PM (IST)

ਸੂਬੇ ਦੀਆਂ ਮੰਡੀਆਂ ’ਚ ਹੁਣ ਤੱਕ 6000 ਤੋਂ ਵੱਧ ਲੋਕਾਂ ਨੇ ਲਵਾਈ ਕੋਵਿਡ ਵੈਕਸੀਨ

ਚੰਡੀਗੜ੍ਹ, (ਸ਼ਰਮਾ)- ਸੂਬੇ ਦੀਆਂ ਮੰਡੀਆਂ ਵਿਚ ਕਣਕ ਦੀ ਚੱਲ ਰਹੀ ਖਰੀਦ ਦੌਰਾਨ ਕੋਵਿਡ-19 ਦੇ ਸੁਰੱਖਿਆ ਉਪਾਵਾਂ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਪ੍ਰਬੰਧ ਕਰਨ ਤੋਂ ਇਲਾਵਾ ਸੂਬਾ ਸਰਕਾਰ ਨੇ ਕਿਸਾਨਾਂ, ਆੜ੍ਹਤੀਆਂ, ਮਜਦੂਰਾਂ ਅਤੇ ਹੋਰ ਸਾਰੀਆਂ ਧਿਰਾਂ ਦੇ ਟੀਕਾਕਰਨ ਲਈ ਅਨਾਜ ਮੰਡੀਆਂ ਵਿਚ ਵਿਸ਼ੇਸ਼ ਕੈਂਪ ਵੀ ਸ਼ੁਰੂ ਕੀਤੇ ਹਨ, ਜਿਨ੍ਹਾਂ ਵਿਚ ਹੁਣ ਤਕ 6000 ਤੋਂ ਵੱਧ ਯੋਗ ਵਿਅਕਤੀਆਂ ਨੂੰ ਕੋਵਿਡ ਤੋਂ ਬਚਾਅ ਦੇ ਟੀਕੇ ਲਾਏ ਗਏ ਹਨ। ਪੰਜਾਬ ਸਰਕਾਰ ਨੇ ਸੂਬੇ ਦੀਆਂ ਅਨਾਜ ਮੰਡੀਆਂ ਵਿਚ ਕੋਵਿਡ ਵੈਕਸੀਨ ਦੇ ਵਿਸ਼ੇਸ਼ ਕੈਂਪ ਲਾਏ ਹਨ ਤਾਂ ਕਿ ਖਰੀਦ ਸੀਜ਼ਨ ਦੌਰਾਨ ਮੰਡੀਆਂ ਵਿਚ ਆਉਣ ਵਾਲੇ 45 ਸਾਲ ਤੋਂ ਵੱਧ ਉਮਰ ਵਰਗ ਦੇ ਕਿਸਾਨਾਂ, ਆੜ੍ਹਤੀਆਂ, ਮਜਦੂਰਾਂ ਅਤੇ ਹੋਰ ਧਿਰਾਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਜਾ ਸਕੇ।
ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਦੱਸਿਆ ਕਿ ਹੁਣ ਤਕ 6000 ਯੋਗ ਵਿਅਕਤੀਆਂ ਨੂੰ ਵੈਕਸੀਨ ਦਿੱਤੀ ਜਾ ਚੁੱਕੀ ਹੈ, ਜਿਨ੍ਹਾਂ ਵਿਚ ਮੰਡੀਆਂ ਵਿਚ ਜਿਣਸ ਵੇਚਣ ਲਈ ਆਉਣ ਵਾਲੇ ਕਿਸਾਨ, ਆੜ੍ਹਤੀ, ਮਜਦੂਰ ਅਤੇ ਹੋਰ ਸਬੰਧਤ ਵਿਅਕਤੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਅਨਾਜ ਮੰਡੀਆਂ ਵਿਚ ਸਥਾਪਿਤ ਕੈਂਪਾਂ ਰਾਹੀਂ ਟੀਕਾਕਰਨ ਲਈ ਪਟਿਆਲਾ ਜ਼ਿਲਾ ਮੋਹਰੀ ਚੱਲ ਰਿਹਾ ਹੈ, ਜਿੱਥੇ ਹੁਣ ਤਕ 1230 ਯੋਗ ਵਿਅਕਤੀਆਂ ਨੂੰ ਕੋਵਿਡ ਵੈਕਸੀਨ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ। ਇਸ ਤੋਂ ਬਾਅਦ ਫਿਰੋਜ਼ਪੁਰ ਅਤੇ ਬਠਿੰਡਾ ਜ਼ਿਲੇ ਹਨ, ਜਿੱਥੇ ਹੁਣ ਤਕ ਕ੍ਰਮਵਾਰ 1179 ਅਤੇ 800 ਵਿਅਕਤੀਆਂ ਨੂੰ ਮੰਡੀਆਂ ਵਿਚ ਕੈਂਪਾਂ ਰਾਹੀਂ ਵੈਕਸੀਨ ਦਿੱਤੀ ਜਾ ਚੁੱਕੀ ਹੈ।


author

Bharat Thapa

Content Editor

Related News