ਮੁਸੀਬਤਾਂ ਦੀ ਭੱਠੀ ''ਚ ਭੁੱਜਦੇ ਲੋਕਾਂ ਲਈ ਠੰਡੀ ਹਵਾ ਦਾ ਬੁੱਲਾ

Friday, Feb 07, 2020 - 11:12 AM (IST)

ਮੁਸੀਬਤਾਂ ਦੀ ਭੱਠੀ ''ਚ ਭੁੱਜਦੇ ਲੋਕਾਂ ਲਈ ਠੰਡੀ ਹਵਾ ਦਾ ਬੁੱਲਾ

ਜਲੰਧਰ (ਜੁਗਿੰਦਰ ਸੰਧੂ): ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਭਾਰਤੀ ਖੇਤਰਾਂ ਖਾਸ ਕਰ ਕੇ ਜੰਮੂ-ਕਸ਼ਮੀਰ ਦੇ ਪਿੰਡਾਂ  'ਚ ਰਹਿਣ ਵਾਲਿਆਂ ਦੇ ਦੁੱਖ ਗਿਣੇ ਨਹੀਂ ਜਾ ਸਕਦੇ। ਹਰ ਦਿਸ਼ਾ 'ਚੋਂ ਸੰਕਟ ਡਾਰਾਂ ਬੰਨ੍ਹ- ਬੰਨ੍ਹ ਕੇ ਆਉਂਦੇ ਹਨ। ਹੈਰਾਨਗੀ  ਦੀ ਗੱਲ ਇਹ ਵੀ  ਹੈ ਕਿ ਕਿਸੇ ਵੀ  ਮਸਲੇ ਦਾ ਹੱਲ ਨਹੀਂ ਹੋ ਸਕਿਆ, ਸਗੋਂ ਇਨ੍ਹਾਂ ਦੀ ਗਿਣਤੀ ਅਤੇ ਰਫਤਾਰ ਦਿਨੋ-ਦਿਨ ਵਧ ਰਹੀ ਹੈ। ਨਾ ਪਾਕਿਸਤਾਨ  ਦੀ ਗੋਲੀਬਾਰੀ ਨੂੰ ਨੱਥ ਪਾਈ ਜਾ ਸਕੀ ਹੈ, ਨਾ ਅੱਤਵਾਦ ਦਾ ਨਾਗ ਕੁਚਲਿਆ ਜਾ ਸਕਿਆ ਹੈ ਅਤੇ ਨਾ ਹੀ ਇਨ੍ਹਾਂ ਲੋਕਾਂ  ਲਈ ਆਪਣੇ  ਦੇਸ਼ ਵਿਚ ਸੁੱਖ- ਸਹੂਲਤਾਂ ਦੇ ਬੂਹੇ ਖੁੱਲ੍ਹ ਸਕੇ ਹਨ। ਜੋ ਹਕੀਕਤ ਹੈ ਉਸ ਅਨੁਸਾਰ ਸਰਕਾਰਾਂ ਦੇ ਵਿਕਾਸ- ਨਕਸ਼ੇ ਵਿਚ ਇਨ੍ਹਾਂ  ਪਿੰਡਾਂ  ਦੀ ਕਿਤੇ ਕੋਈ ਹੋਂਦ ਦਿਖਾਈ ਨਹੀਂ ਦਿੰਦੀ। ਅੱਜ ਵੀ  ਇਨ੍ਹਾਂ ਖੇਤਰਾਂ  ਤੱਕ ਢੰਗ ਦੀਆਂ ਸੜਕਾਂ ਨਹੀਂ ਬਣਾਈਆਂ ਜਾ ਸਕੀਆਂ।  ਦੂਰ-ਦੂਰ ਤੱਕ ਕੋਈ ਆਧੁਨਿਕ ਤਕਨੀਕਾਂ ਵਾਲਾ ਹਸਪਤਾਲ  ਨਹੀਂ ਹੈ।  ਸਿੱਖਿਆ ਦੇ ਮਾਮਲੇ 'ਚ ਗੱਡੀ ਮਿਡਲ ਕਲਾਸਾਂ ਤੋਂ ਅੱਗੇ ਘੱਟ ਹੀ ਲੰਘਦੀ ਹੈ। ਕੋਈ ਕਾਰਖਾਨਾ, ਉਦਯੋਗ, ਵੱਡਾ ਪ੍ਰਾਜੈਕਟ ਨਹੀਂ ਹੈ, ਰੋਜ਼ਗਾਰ ਦੇ ਮੌਕੇ ਨਾ ਮਾਤਰ ਹੀ ਹਨ। ਮਹਿੰਗਾਈ ਅਤੇ ਬੇਰੋਜ਼ਗਾਰੀ ਦਾ ਚਾਰੇ ਪਾਸੇ ਬੋਲਬਾਲਾ ਹੈ।

ਮੁਸੀਬਤਾਂ ਦੀ ਭੱਠੀ 'ਚ ਭੁੱਜਦੇ ਇਨ੍ਹਾਂ ਲੋਕਾਂ ਲਈ ਪੰਜਾਬ ਕੇਸਰੀ ਦੀ ਰਾਹਤ ਟੀਮ ਪਿਛਲੇ ਦਿਨੀਂ 556ਵੇਂ ਟਰੱਕ ਦੀ ਸਮੱਗਰੀ ਲੈ  ਕੇ  ਪੁੱਜੀ ਸੀ, ਜੋ ਕਿ ਉਨ੍ਹਾਂ ਲਈ ਕਿਸੇ ਠੰਡੇ ਬੁੱਲੇ ਤੋਂ ਘੱਟ ਨਹੀਂ ਸੀ। ਸੁੰਦਰਬਨੀ  ਤਹਿਸੀਲ ਦੀਆਂ ਡੀਂਗ-ਕਲਾਲ ਪੰਚਾਇਤਾਂ  ਦੇ ਪੀੜਤ ਅਤੇ ਲੋੜਵੰਦ ਪਰਿਵਾਰਾਂ ਨੂੰ ਵੰਡੀ ਗਈ ਇਹ ਸਮੱਗਰੀ ਪਟਿਆਲਾ  ਤੋਂ 'ਦੋਸਤ' ਨਾਮੀ ਸੰਸਥਾ ਵਲੋਂ ਭਿਜਵਾਈ ਗਈ ਸੀ। ਪਿੰਡ ਕਲਾਲ ਵਿਚ ਹੋਏ ਰਾਹਤ ਵੰਡ ਆਯੋਜਨ ਦੌਰਾਨ 300 ਪਰਿਵਾਰਾਂ  ਨੂੰ ਰਜਾਈਆਂ  ਮੁਹੱਈਆ ਕਰਵਾਈਆਂ ਗਈਆਂ। ਵਿਕਾਸ ਤੋਂ ਵਾਂਝੇ ਇਨ੍ਹਾਂ ਪਿੰਡਾਂ  'ਚ ਇਹ ਪਹਿਲਾ ਮੌਕਾ ਸੀ ਕਿ ਲੋਕਾਂ ਦੇ ਬੂਹੇ 'ਤੇ ਜਾ  ਕੇ ਸਹਾਇਤਾ ਪ੍ਰਦਾਨ ਕੀਤੀ ਗਈ। ਇਸ ਕਾਰਜ ਵਿਚ ਰਾਹਤ ਟੀਮ ਦਾ ਸਾਥ ਦੇਣ ਲਈ  ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਅਧਿਕਾਰੀ  ਅਤੇ ਜਵਾਨ ਵੱਡੀ ਗਿਣਤੀ 'ਚ ਪੁੱਜੇ ਸਨ, ਜਿਨ੍ਹਾਂ ਦੇ  ਚਿਹਰੇ 'ਤੇ ਇਸ ਗੱਲ ਦੀ ਤਸੱਲੀ ਸੀ ਕਿ ਲੋੜਵੰਦਾਂ  ਲਈ ਪੰਜਾਬ  ਤੋਂ ਰਜਾਈਆਂ   ਦਾ ਟਰੱਕ ਪੁੱਜਾ ਹੈ। ਰਾਹਤ ਵੰਡ ਆਯੋਜਨ ਨੂੰ ਸੰਬੋਧਨ ਕਰਦਿਆਂ ਬੀ.ਐੱਸ.ਐੱਫ. ਦੇ ਕਮਾਂਡੈਂਟ ਅਰੁਣ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਫੋਰਸ ਦਾ ਕੰਮ ਸਰਹੱਦਾਂ  ਦੀ ਰਾਖੀ ਕਰਨਾ ਹੈ, ਜਿਸ ਦਾ ਅਰਥ ਹੈ ਕਿ ਕੋਈ ਦੁਸ਼ਮਣ ਸਾਡੇ ਇਲਾਕੇ ਵਿਚ ਆ ਕੇ ਭਾਰਤੀ ਨਾਗਰਿਕਾਂ ਲਈ ਖਤਰਾ ਪੈਦਾ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਇਨਸਾਨਾਂ  ਨਾਲ ਹੀ ਦੇਸ਼ ਬਣਦਾ ਹੈ, ਇਸ ਲਈ ਨਾਗਰਿਕਾਂ ਦੀ ਸੁਰੱਖਿਆ  ਹਰ ਹਾਲ ਵਿਚ ਯਕੀਨੀ  ਬਣਾਈ ਜਾਣੀ ਚਾਹੀਦੀ ਹੈ  ਅਤੇ ਬੀ.ਐੱਸ.ਐੱਫ. ਦਾ ਹਰ ਜਵਾਨ ਇਸ ਲਈ ਪ੍ਰਤੀਬੱਧ ਹੈ।

ਅਰੁਣ ਸਿੰਘ ਨੇ ਕਿਹਾ ਕਿ ਜਾਨ ਦੀ ਸੁਰੱਖਿਆ ਦੇ ਨਾਲ ਹੀ ਇਨਸਾਨ ਦੀਆਂ ਹੋਰ ਲੋੜਾਂ ਵੀ ਪੂਰੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਉਸ ਨੂੰ ਜ਼ਿੰਦਾ ਰਹਿਣ ਲਈ ਰੋਟੀ, ਕੱਪੜੇ ਅਤੇ ਮਕਾਨ ਦੀ ਲੋੜ ਪੈਂਦੀ ਹੈ। ਬੀ.ਐੱਸ.ਐੱਫ. ਆਪਣੇ ਬਲਬੂਤੇ ਵੀ ਲੋਕਾਂ ਦੀ ਮਦਦ ਲਈ ਹਰ ਸੰਭਵ ਯਤਨ ਕਰਦੀ ਹੈ ਪਰ ਅੱਜ ਜਦੋਂ ਪੰਜਾਬ ਕੇਸਰੀ ਦੀ ਟੀਮ ਰਾਹਤ ਲੈ  ਕੇ ਪੁੱਜੀ ਹੈ ਤਾਂ ਇਨ੍ਹਾਂ ਲੋਕਾਂ ਨੂੰ ਇਸ ਗੱਲ ਦੀ  ਤਸੱਲੀ ਹੋਈ ਹੈ ਕਿ ਸੰਕਟ ਦੇ ਸਮੇਂ ਵਿਚ ਕੋਈ ਸੰਸਥਾ ਉਨ੍ਹਾਂ ਦੇ ਨਾਲ ਖੜ੍ਹੀ ਹੈ । ਉਨ੍ਹਾਂ ਕਿਹਾ ਕਿ ਭਵਿੱਖ ਵਿਚ ਜਦੋਂ ਵੀ  ਇਸ ਖੇਤਰ ਵਿਚ ਰਾਹਤ ਸਮੱਗਰੀ ਵੰਡੀ ਜਾਵੇਗੀ ਤਾਂ ਅਸੀਂ ਵਧ-ਚੜ੍ਹ ਕੇ ਸਹਿਯੋਗ ਦੇਵਾਂਗੇ।
ਸਰਪੰਚ ਰੋਮੇਸ਼ ਕੁਮਾਰ ਚੌਧਰੀ ਨੇ   ਸੰਬੋਧਨ ਕਰਦਿਆਂ ਕਿਹਾ ਕਿ  ਸਰਹੱਦੀ ਖੇਤਰਾਂ  'ਚ ਰਹਿਣ ਵਾਲੇ ਪਰਿਵਾਰਾਂ ਲਈ ਇਕ -ਇਕ ਘੜੀ ਸੰਕਟ ਭਰੀ ਹੁੰਦੀ ਹੈ, ਜੇਕਰ ਉਨ੍ਹਾਂ ਦਾ ਦਿਨ ਗੁਜ਼ਰ ਜਾਂਦਾ ਹੈ ਤਾਂ ਰਾਤ ਦੀ ਚਿੰਤਾ ਬਣ ਜਾਂਦੀ ਹੈ।  ਹਰ ਵੇਲੇ  ਪਾਕਿਸਤਾਨ ਵਲੋਂ  ਕੀਤੀ ਜਾਂਦੀ ਗੋਲੀਬਾਰੀ  ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ 'ਚ ਇਲਾਜ ਦੀ ਸਹੂਲਤ ਨਾ ਹੋਣੀ ਵੀ ਬਹੁਤ ਵੱਡੀ ਸਮੱਸਿਆ। ਕੋਈ ਆਦਮੀ ਬੀਮਾਰ ਹੋ ਜਾਵੇ ਜਾਂ ਕਿਸੇ ਪਸ਼ੂ ਨੂੰ ਕੋਈ ਰੋਗ ਹੋ ਜਾਵੇ  ਤਾਂ ਮੁਸੀਬਤ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਖੇਤਰਾਂ ਲਈ ਵਿਸ਼ੇਸ਼ ਸਹੂਲਤਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ।

ਗੋਲੀ ਕੋਈ ਧਰਮ ਨਹੀਂ ਵੇਖਦੀ-ਵਰਿੰਦਰ ਸ਼ਰਮਾ
ਪੰਜਾਬ ਕੇਸਰੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂਕਿਹਾ ਕਿ ਸਰਹੱਦ ਪਾਰ ਤੋਂ ਜਦੋਂ  ਗੋਲੀ ਚਲਾਈ ਜਾਂਦੀ ਹੈ ਤਾਂ ਉਹ ਕੋਈ ਧਰਮ ਵੇਖ ਕੇ ਨਹੀਂ ਲੱਗਦੀ। ਜਿਹੜਾ ਵਿਅਕਤੀ ਵੀ ਸਾਹਮਣੇ ਆ ਗਿਆ, ਉਹ ਉਸਦਾ ਨਿਸ਼ਾਨਾ ਬਣਾ ਜਾਂਦਾ ਹੈ, ਭਾਵੇਂ ਉਹ ਹਿੰਦੂ, ਮੁਸਲਮਾਨ, ਸਿੱਖ ਜਾਂ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਹੋਵੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪਾਕਿਸਤਾਨ ਵਿਰੁੱਧ ਆਵਾਜ਼ ਬੁਲੰਦ ਕਰਨ, ਉਸਦਾ ਮੁਕਾਬਲਾ ਕਰਨ ਅਤੇ ਦੇਸ਼ ਦੀ ਰਖਵਾਲੀ ਕਰਨ ਲਈ ਵੀ   ਸਭ ਨੂੰ ਇਕਜੁੱਟ ਹੋ ਕੇ ਡਟਣਾ ਚਾਹੀਦਾ ਹੈ।ਸ਼੍ਰੀ ਸ਼ਰਮਾ ਨੇ ਕਿਹਾ ਕਿ ਭਾਰਤ ਵੱਖ-ਵੱਖ ਧਰਮਾਂ ਅਤੇ ਜਾਤੀਆਂ  ਦੇ ਲੋਕਾਂ ਨੂੰ ਮਿਲ ਕੇ ਬਣਾਇਆ ਗਿਆ ਇਕ ਖੂਬਸੂਰਤ ਗੁਲਦਸਤਾ ਹੈ। ਇਸ ਲਈ ਸਭ ਦੀ ਰਾਖੀ ਕਰਨਾ ਅਤੇ ਸਭ ਦੇ ਹਿਤ ਪੂਰੇ ਕਰਨਾ ਵੀ  ਸਾਡਾ ਸਾਰਿਆਂ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਜ਼ੀਰੋ ਲਾਈਨ ਦੇ ਕਿਨਾਰੇ ਸਥਿਤ ਪਿੰਡਾਂ  ਤੱਕ ਰਾਹਤ ਸਮੱਗਰੀ ਲੈ ਕੇ ਪਹੁੰਚਣਾ ਸੌਖਾ ਕੰਮ ਨਹੀਂ  ਅਤੇ ਇਸੇ ਕਰ ਕੇ ਬੀ.ਐੱਸ.ਐੱਫ. ਦਾ ਸਹਿਯੋਗ ਲਿਆ ਗਿਆ ਹੈ। ਫੋਰਸ ਦੇ ਅਧਿਕਾਰੀਆਂ ਅਤੇ ਜਵਾਨਾਂ  ਨੇ ਜਿਸ ਤਰ੍ਹਾਂ  ਭਰਪੂਰ ਹੁੰਗਾਰਾ ਦਿੱਤਾ ਹੈ, ਉਸ ਨਾਲ ਸਾਡਾ ਹੌਸਲਾ ਹੋਰ ਵਧਿਆ ਹੈ ਅਤੇ  ਭਵਿੱਖ ਵਿਚ ਵੀ ਸਰਹੱਦ ਕੰਢੇ ਰਹਿਣ ਵਾਲਿਆਂ ਲਈ ਸਮੱਗਰੀ ਭਿਜਵਾਉਣ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ 'ਤੇ ਦਿੱਲੀ ਤੋਂ ਆਏ ਬੀ.ਐੱਸ.ਐੱਫ. ਦੇ ਕਮਾਂਡੈਂਟ ਬਲਬੀਰ ਸਿੰਘ, ਕੁਲਵੰਤ ਸ਼ਰਮਾ, ਸੁੰਦਰਬਨੀ ਬਲਾਕ ਸੰਮਤੀ ਦੇ ਚੇਅਰਮੈਨ ਸ਼੍ਰੀ ਅਰੁਣ ਸ਼ਰਮਾ ਸੂਦਨ, ਸਰਪੰਚ ਵਿਜੇ ਕੁਮਾਰ ਚੌਧਰੀ, ਪੰਚ ਬਲਵਿੰਦਰ ਸਿੰਘ, ਨੌਸ਼ੀਲਾ ਦੇਵੀ ਪੰਚ, ਸੁਨੀਤਾ ਦੇਵੀ, ਨਿਸ਼ੂ ਦੇਵੀ, ਰਾਮ ਪ੍ਰਕਾਸ਼ ਪੰਚ, ਜਤਿੰਦਰ ਕੁਮਾਰ ਪੰਚ ਅਤੇ ਹੋਰ ਸ਼ਖਸੀਅਤਾਂ ਵੀ  ਮੌਜੂਦ ਸਨ।

ਬੇਸਹਾਰਾ ਹੋ ਗਿਆ ਪੋਲੀਓ ਪੀੜਤ ਕਿਰਪਾਲ ਸਿੰਘ
ਰਾਹਤ ਸਮੱਗਰੀ ਲੈਣ ਲਈ ਆਏ ਪਿੰਡ ਕਲਾਲ ਦੇ ਕਿਰਪਾਲ ਸਿੰਘ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਪੋਲੀਓ ਦਾ ਸ਼ਿਕਾਰ ਹੋਣ ਕਰ ਕੇ  ਅਪਾਹਜ ਹੋ ਗਿਆ, ਜਿਸ ਕਾਰਣ ਉਹ ਤੁਰਨ-ਫਿਰਨ ਤੋਂ ਵੀ  ਲਾਚਾਰ ਹੈ। ਫੌਜ ਤੋਂ ਰਿਟਾਇਰ ਪਿਤਾ ਅਤੇ ਮਾਤਾ ਦੇ ਦੇਹਾਂਤ ਤੋਂ ਬਾਅਦ ਉਹ ਪੂਰੀ ਤਰ੍ਹਾਂ  ਬੇਸਹਾਰਾ  ਹੋ ਗਿਆ। ਉਸ ਨੂੰ ਪਿਤਾ ਦੀ ਪੈਨਸ਼ਨ ਦਾ ਕੁਝ ਹਿੱਸਾ ਮਿਲਦਾ ਹੈ ਜਾਂ  ਫਿਰ ਪਿੰਡ ਵਾਸੀ ਉਸ ਦੀ ਕੁਝ ਸਹਾਇਤਾ ਕਰ ਦਿੰਦੇ ਹਨ। ਕਿਰਪਾਲ ਸਿੰਘ ਨੇ  ਸ਼ਾਦੀ  ਵੀ  ਨਹੀਂ ਕਰਵਾਈ ਅਤੇ ਪਰਿਵਾਰ ਵਿਚ ਉਸਦਾ ਇਕ ਭਤੀਜਾ ਹੀ ਹੈ, ਜਿਹੜਾ ਦੁੱਖ ਸੁੱਖ 'ਚ ਉਸਦੇ ਕੰਮ ਆਉਂਦਾ ਹੈ। ਉਸ ਨੇ ਮੰਗ ਕੀਤੀ ਕਿ ਸਰਕਾਰ ਅੰਗਹੀਣਾਂ ਨੂੰ ਵਿਸ਼ੇਸ਼ ਮਾਲੀ-ਮਦਦ ਦੇਵੇ।

ਦੁੱਖਾਂ ਦੇ ਪਹਾੜ ਚੁੱਕੀ ਫਿਰਦੀ ਹੈ ਨਾਮ੍ਹੋ ਦੇਵੀ
ਰਾਹਤ ਵੰਡ ਆਯੋਜਨ 'ਚ ਸਹਾਇਤਾ ਲੈਣ ਲਈ  ਪੁੱਜੀ ਨਾਮ੍ਹੋ ਦੇਵੀ ਨੇ ਦੱਸਿਆ ਕਿ ਉਸਦੀ ਜ਼ਿੰਦਗੀ ਦੁੱਖਾਂ  ਦੇ ਪਹਾੜਾਂ  ਹੇਠ ਦੱਬ ਗਈ ਹੈ। ਹੱਸਦੇ-ਵੱਸਦੇ ਉਸਦੇ ਪਰਿਵਾਰ ਨੂੰ ਪਹਿਲਾ ਝਟਕਾ ਉਦੋਂ ਲੱਗਾ ਸੀ,ਜਦੋਂ ਉਸਦੇ ਪਤੀ ਚੰਨਣ ਸਿੰਘ ਦੀ 15-16 ਸਾਲ ਪਹਿਲਾਂ ਮੌਤ ਹੋ ਗਈ। ਘਰ ਲਈ ਆਰਥਕ ਸੰਕਟ ਪੈਦਾ ਹੋ ਗਿਆ ਅਤੇ ਗਰੀਬੀ ਕਾਰਣ ਉਸ ਦੀ ਲੜਕੀ ਨੂੰ ਸਹੁਰਿਆਂ ਵਲੋਂ ਛੱਡ ਦਿੱਤਾ ਗਿਆ।  ਉਸਦਾ ਇਕ ਲੜਕਾ ਹੀ ਹੁਣ ਦਿਹਾੜੀ, ਮਜ਼ਦੂਰੀ ਕਰ ਕੇ ਘਰ ਚਲਾਉਂਦਾ ਹੈ। ਉਸ ਨੇ ਮੰਗ ਕੀਤੀ ਕਿ ਸਰਕਾਰ ਉਸਦੇ ਲੜਕੇ ਨੂੰ ਨੌਕਰੀ ਦੇ ਦੇਵੇ ਤਾਂ ਘਰ ਦਾ ਗੁਜ਼ਾਰਾ ਸੌਖਾ ਚੱਲ ਸਕਦਾ ਹੈ।


author

Shyna

Content Editor

Related News