550ਵੇਂ ਪ੍ਰਕਾਸ਼ ਪੁਰਬ ਸਬੰਧੀ 550 ਮੀਟਰ ਲੰਬੀ ਮਨੁੱਖੀ ਕੜੀ ਬਣਾਏਗੀ ਪੰਜਾਬ ਪੁਲਸ

02/09/2019 9:38:15 AM

ਚੰਡੀਗੜ੍ਹ (ਰਮਨਜੀਤ) : ਪੰਜਾਬ ਪੁਲਸ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਇਸ ਸਾਲ ਰਾਸ਼ਟਰੀ ਸੜਕ ਸੁਰੱਖਿਆ ਦਿਵਸ ਨੂੰ ਸੂਬੇ 'ਚ ਪੈਦਲ ਯਾਤਰੀਆਂ ਦੀ ਸੁਰੱਖਿਆ ਲਈ ਅਧਿਕਾਰ ਦੇ ਰੂਪ ਵਿਚ ਸਮਰਪਿਤ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਰਤ ਦੀਆਂ ਚਾਰੇ ਦਿਸ਼ਾਵਾਂ 'ਚ ਮਨੁੱਖਤਾ ਲਈ ਪਿਆਰ, ਸਮਾਨਤਾ ਅਤੇ ਨਿਸ਼ਕਾਮ ਸੇਵਾ ਦੇ ਮਾਰਗ ਨੂੰ ਦਰਸਾਉਣ ਲਈ 28000 ਕਿਲੋਮੀਟਰ ਤੋਂ ਵੱਧ ਦੀ ਪੈਦਲ ਯਾਤਰਾ ਕੀਤੀ ਸੀ, ਜਿਨ੍ਹਾਂ ਨੂੰ ਚਾਰ ਉਦਾਸੀਆਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਜਾਣਕਾਰੀ ਦਿੰਦਿਆਂ ਪੰਜਾਬ ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਮੰਤਵ ਤਹਿਤ ਸ਼ਹਿਰਾਂ ਅਤੇ ਕਸਬਿਆਂ ਵਿਚ 550 ਮੀਟਰ ਲੰਬੀ ਮਨੁੱਖੀ ਕੜੀ ਆਮ ਲੋਕਾਂ, ਵਿਦਿਆਰਥੀਆਂ ਅਤੇ ਐੱਨ. ਜੀ. ਓਜ਼ ਦੀ ਮਦਦ ਨਾਲ ਬਣਾਈ ਜਾਵੇਗੀ ਤਾਂ ਜੋ ਪੈਦਲ ਚੱਲਣ ਵਾਲੇ ਯਾਤਰੀਆਂ ਦੇ ਅਧਿਕਾਰਾਂ ਤੇ ਹੱਕਾਂ ਦਾ ਸਨਮਾਨ ਕੀਤਾ ਜਾ ਸਕੇ। ਇਸ ਬਾਰੇ ਸਾਰੇ ਪੁਲਸ ਜ਼ਿਲਿਆਂ ਵਲੋਂ ਪੈਦਲ ਯਾਤਰੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰੋਗਰਾਮ 30ਵੇਂ ਨੈਸ਼ਨਲ ਸੜਕ ਸੁਰੱਖਿਆ ਹਫ਼ਤੇ (4 ਫਰਵਰੀ ਤੋਂ 10 ਫਰਵਰੀ, 2019 ਤੱਕ) ਮਨਾਏ ਜਾਣਗੇ।


Babita

Content Editor

Related News