ਅਨੋਖੀ ਸਹੂਲਤ: ਪਛਾਣ ਪੱਤਰ ਦਿਖਾ ਕੇ ਮੁਫਤ ਮਿਲੇਗੀ ਸਾਈਕਲ, ਕਰ ਸਕੋਗੇ ਸੁਲਤਾਨਪੁਰ ਲੋਧੀ ਦੀ ਸੈਰ

Friday, Nov 08, 2019 - 02:02 PM (IST)

ਅਨੋਖੀ ਸਹੂਲਤ: ਪਛਾਣ ਪੱਤਰ ਦਿਖਾ ਕੇ ਮੁਫਤ ਮਿਲੇਗੀ ਸਾਈਕਲ, ਕਰ ਸਕੋਗੇ ਸੁਲਤਾਨਪੁਰ ਲੋਧੀ ਦੀ ਸੈਰ

ਸੁਲਤਾਨਪੁਰ ਲੋਧੀ (ਧੀਰ, ਜੋਸ਼ੀ, ਸੋਢੀ)— ਬਾਬੇ ਨਾਨਕ ਦੀ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ 'ਚ ਸੰਗਤਾਂ ਲਈ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਇਕ ਅਨੋਖੀ ਪਹਿਲ ਕੀਤੀ ਗਈ ਹੈ। ਦੂਰ-ਦੁਰਾਡੇ ਤੋਂ ਆਉਣ-ਜਾਣ ਵਾਲੇ ਲੋਕ ਪਵਿੱਤਰ ਧਾਰਮਿਕ ਸਥਾਨਾਂ 'ਤੇ ਪਹੁੰਚਣ ਲਈ ਸੁਲਤਾਨਪੁਰ ਲੋਧੀ 'ਚ ਸਥਾਪਤ ਕੀਤੇ ਗਏ ਚਾਰ ਸਾਈਕਲ ਸਟੈਂਡਾਂ 'ਤੇ ਸਿਰਫ ਆਪਣਾ ਪਛਾਣ ਪੱਤਰ ਦਿਖਾ ਕੇ ਦਿਨ ਭਰ ਲਈ ਮੁਫਤ 'ਚ ਸਾਈਕਲ ਲੈ ਸਕਦੇ ਹਨ। ਸਾਰਾ ਦਿਨ ਫਰੀ ਸੇਵਾ ਤੋਂ ਬਾਅਦ ਸ਼ਾਮ ਨੂੰ ਸਾਈਕਲ ਸਟੈਂਡ 'ਤੇ ਇਹ ਸਾਈਕਲ ਵਾਪਸ ਜਮ੍ਹਾ ਕਰਵਾਇਆ ਜਾਂਦਾ ਹੈ। ਸੁਲਤਾਨਪੁਰ ਲੋਧੀ 'ਚ ਇਸ ਤਰ੍ਹਾਂ ਦੇ 4 ਸਾਈਕਲ ਸਟੈਂਡ ਸਥਾਪਤ ਕੀਤੇ ਗਏ ਹਨ। ਪਹਿਲਾ ਸਾਈਕਲ ਸਟੈਂਡ ਨਗਰ ਕੌਂਸਲ ਦਫਤਰ ਦੇ ਬਾਹਰ, ਦੂਜਾ ਬੱਸ ਸਟੈਂਡ, ਤੀਜਾ ਗੁਰਦੁਆਰਾ ਬੇਰ ਸਾਹਿਬ ਅਤੇ ਚੌਥਾ ਗੁਰਦੁਆਰਾ ਸ੍ਰੀ ਹੱਟ ਸਾਹਿਬ ਦੇ ਨਜ਼ਦੀਕ ਸਥਾਪਤ ਕੀਤਾ ਗਿਆ ਹੈ।

ਜਾਣਕਾਰੀ ਦਿੰਦੇ ਹੋਏ ਹੀਰੋ ਕੰਪਨੀ ਦੇ ਸੁਪਰਵਾਈਜ਼ਰ ਰਿਸ਼ਬ ਨੇ ਦੱਸਿਆ ਕਿ ਹਰੇਕ ਸਾਈਕਲ ਸਟੈਂਡ 'ਤੇ ਸੰਗਤ ਲਈ 2525 ਸਾਈਕਲ ਉਪਲਬਧ ਹਨ। ਇਥੇ ਕੋਈ ਵੀ ਵਿਅਕਤੀ ਆਪਣਾ ਪਛਾਣ ਪੱਤਰ ਦਿਖਾ ਕੇ ਸਾਈਕਲ ਦਿਨ ਭਰ ਲਈ ਲੈ ਸਕਦਾ ਹੈ। ਸਬੰਧਤ ਵਿਅਕਤੀ ਦਾ ਆਈ. ਕਾਰਡ ਅਸੀਂ ਜਮ੍ਹਾ ਕਰ ਲੈਂਦੇ ਹਾਂ ਅਤੇ ਸਾਈਕਲ ਵਾਪਸ ਦੇਣ 'ਤੇ ਆਈ. ਕਾਰਡ ਵਾਪਸ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਪੂਰੇ ਸ਼ਹਿਰ ਦਾ ਚੱਕਰ ਲਗਾਉਣਾ ਚਾਹੁੰਦੇ ਹਨ ਅਤੇ ਭੀੜ ਭੜੱਕੇ ਦੇ ਚੱਲਦੇ ਆਪਣੀ ਕਾਰ ਆਦਿ ਨਹੀਂ ਲਿਆ ਸਕਦੇ, ਉਨ੍ਹਾਂ ਵੱਲੋਂ ਸਾਈਕਲ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 31 ਅਕਤੂਬਰ ਨੂੰ ਇਹ ਸਾਈਕਲ ਸਟੈਂਡ ਸ਼ੁਰੂ ਕੀਤਾ ਗਿਆ ਸੀ, ਜਿਸ ਵਿਚ ਹੁਣ ਤਕ 1500 ਤੋਂ ਜ਼ਿਆਦਾ ਸੰਗਤ ਸਾਈਕਲ ਦਾ ਫਾਇਦਾ ਲੈ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਰੋਜ਼ਾਨਾ 200 ਤੋਂ ਜ਼ਿਆਦਾ ਸੰਗਤ ਸਾਈਕਲ ਲੈ ਰਹੀ ਹੈ। ਕੁਝ ਲੋਕ ਅੱਧੇ ਘੰਟੇ ਦੇ ਲਈ ਸਾਈਕਲ ਲੈ ਜਾਂਦੇ ਹਨ ਤੇ ਕੁਝ ਦਿਨ ਭਰ ਸਾਈਕਲ ਆਪਣੇ ਪਾਸ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਫਿਲਹਾਲ ਗੁਰਪੁਰਬ ਤਕ ਇਹ ਸੇਵਾ ਜਾਰੀ ਰੱਖੀ ਜਾਵੇਗੀ, ਬਾਅਦ 'ਚ ਜ਼ਰੂਰਤ ਪੈਣ 'ਤੇ ਇਸ ਨੁੰ ਅੱਗੇ ਵੀ ਵਧਾਇਆ ਜਾ ਸਕਦਾ ਹੈ

ਸਾਈਕਲ ਸਟੈਂਡ 'ਤੇ ਆਏ ਜਲੰਧਰ ਦੇ ਅਵਤਾਰ ਸਿੰਘ ਨਗਰ ਦੇ ਰਹਿਣ ਵਾਲੇ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਗੁਰੂਘਰ 'ਚ ਸ਼ੀਸ਼ ਨਿਵਾਉਣ ਆਏ ਹਨ ਲੇਕਿਨ ਹੁਣ ਉਨ੍ਹਾਂ ਨੇ ਇਥੇ ਸਥਿਤ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬ ਘੁੰਮਣ ਦਾ ਮਨ ਬਣਾਇਆ ਹੈ। ਇਸ ਲਈ ਉਹ ਸਾਈਕਲ ਲੈ ਕੇ ਸਾਰੇ ਗੁਰੂਘਰਾਂ ਤਕ ਜਾਣਾ ਚਾਹੁੰਦੇ ਹਨ, ਜਿਸ ਦੇ ਚੱਲਦੇ ਉਨ੍ਹਾਂ ਨੇ ਸਾਈਕਲ ਸਟੈਂਡ ਵਿਚ ਆਪਣਾ ਪਹਿਚਾਣ ਪੱਤਰ ਜਮ੍ਹਾ ਕਰਵਾ ਕੇ ਇਕ ਸਾਈਕਲ ਲੈ ਲਿਆ ਹੈ।


author

shivani attri

Content Editor

Related News