550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਜਾਰੀ ਸਿੱਕੇ ਬਣੇ ਖਿੱਚ ਦਾ ਕੇਂਦਰ

Wednesday, Nov 06, 2019 - 02:53 PM (IST)

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਜਾਰੀ ਸਿੱਕੇ ਬਣੇ ਖਿੱਚ ਦਾ ਕੇਂਦਰ

ਸੁਲਤਾਨਪੁਰ ਲੋਧੀ (ਸੋਢੀ) : ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁੱਧ ਸੋਨੇ ਅਤੇ ਚਾਂਦੀ ਦੇ ਵਿਸ਼ੇਸ਼ ਸਿੱਕੇ ਤਿਆਰ ਕਰਵਾਏ ਗਏ ਹਨ ਜੋ ਸ਼ਰਧਾਲੂਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਹਨ। ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ.) ਵੱਲੋਂ ਸੁਲਤਾਨਪੁਰ ਲੋਧੀ ਵਿਖੇ 5 ਤੋਂ 15 ਨਵੰਬਰ ਤੱਕ ਲਗਾਈ ਗਈ ਪ੍ਰਦਰਸ਼ਨੀ ਦੌਰਾਨ ਇਹ ਸਿੱਕੇ ਸ਼ਰਧਾਲੂਆਂ ਵਲੋਂ ਖਰੀਦੇ ਜਾ ਰਹੇ ਹਨ, ਜੋ ਇਨ੍ਹਾਂ ਸਿੱਕਿਆਂ ਨੂੰ ਸੁਲਤਾਨਪੁਰ ਲੋਧੀ ਤੋਂ ਪ੍ਰਕਾਸ਼ ਪੁਰਬ ਸਮਾਗਮਾਂ ਤੋਂ ਇਕ ਯਾਦ ਵਜੋਂ ਲੈ ਕੇ ਜਾ ਰਹੇ ਹਨ।ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਵਲੋਂ ਇਹ ਸਿੱਕੇ ਮੈਟਲ ਐਂਡ ਮਿਨਰਲ ਕਾਰਪੋਰੇਸ਼ਨ ਆਫ ਇੰਡੀਆ ਤੋਂ ਤਿਆਰ ਕਰਵਾਏ ਗਏ ਹਨ, ਜੋ ਕਿ ਭਾਰਤ ਸਰਕਾਰ ਦੀ ਏਜੰਸੀ ਹੈ। ਸੋਨੇ ਵਿਚ 5 ਅਤੇ 10 ਗ੍ਰਾਮ ਦੇ ਅਤੇ ਚਾਂਦੀ ਦੇ 50 ਗ੍ਰਾਮ ਦੇ ਲਗਭਗ 3500 ਸਿੱਕੇ ਤਿਆਰ ਕਰਵਾਏ ਗਏ ਹਨ ਜਿਨ੍ਹਾਂ 'ਤੇ ਪੰਜਾਬ ਸਰਕਾਰ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿਆਰ ਕਰਵਾਇਆ ਲੋਗੋ ਉਕਰਿਆ ਹੋਇਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਇਨ੍ਹਾਂ ਦੀ ਸਰਟੀਫੀਕੇਸ਼ਨ ਵੀ ਕੀਤੀ ਗਈ ਹੈ। ਸੋਨੇ ਅਤੇ ਚਾਂਦੀ ਦੇ ਇਹ ਸਿੱਕੇ ਦਿਹਾਤੀ ਹੁਨਰ ਨੂੰ ਹੁਲਾਰਾ ਦੇਣ ਲਈ ਪੀ.ਐਸ.ਆਈ.ਈ.ਸੀ. ਵੱਲੋਂ ਸੁਲਤਾਨਪੁਰ ਲੋਧੀ ਦੇ ਪੁੱਡਾ ਮੈਦਾਨ 'ਚ ਲਗਾਈ ਗਈ ਪ੍ਰਦਰਸ਼ਨੀ 'ਚ ਉਪਲਬਧ ਹਨ।

ਕਾਰਪੋਰੇਸ਼ਨ ਦੇ ਐੱਮ.ਡੀ. ਸਿਬਿਨ ਸੀ. ਨੇ ਦੱਸਿਆ ਕਿ ਇਹ ਸਿੱਕੇ 99.9 ਫੀਸਦ ਸ਼ੁੱਧ ਸੋਨੇ ਅਤੇ ਚਾਂਦੀ ਦੇ ਬਣੇ ਹੋਏ ਹਨ ਅਤੇ ਇਨ੍ਹਾਂ ਦੀ ਪੈਕਿੰਗ ਦੇ ਉੱਪਰ ਹੀ ਇਨ੍ਹਾਂ ਦੀ ਸ਼ੁੱਧਤਾ ਦਾ ਸਰਟੀਫਿਕੇਟ ਵੀ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ 5 ਗ੍ਰਾਮ ਦੇ ਸੋਨੇ ਦੇ ਸਿੱਕੇ ਦੀ ਕੀਮਤ 22, 500 ਰੁਪਏ ਅਤੇ 10 ਗਰਾਮ ਦੇ ਸੋਨੇ ਦੇ ਸਿੱਕੇ ਦੀ ਕੀਮਤ 45,000 ਰੁਪਏ ਰੱਖੀ ਗਈ ਹੈ ਜਦਕਿ ਚਾਂਦੀ ਦੇ 50 ਗ੍ਰਾਮ ਦੇ ਸਿੱਕੇ ਦੀ ਕੀਮਤ 3300 ਰੁਪਏ ਨਿਯਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨੀ ਤੋਂ ਇਲਾਵਾ ਇਹ ਸਿੱਕੇ ਵਿਕਰੀ ਲਈ ਪੰਜਾਬ ਭਰ ਵਿਚ ਡਾਕਖਾਨਿਆਂ, ਪੀ.ਐਸ.ਆਈ.ਈ.ਸੀ ਦੇ ਫੁਲਕਾਰੀ ਐਮਪੋਰੀਅਮ ਤੇ ਐਮਾਜ਼ੋਨ ਤੋਂ ਵੀ ਖਰੀਦੇ ਜਾ ਸਕਦੇ ਹਨ।  

ਇਸ ਮੌਕੇ ਪ੍ਰਦਰਸ਼ਨੀ 'ਚ ਸਭ ਤੋਂ ਪਹਿਲਾਂ 50 ਗ੍ਰਾਂਮ ਦਾ ਚਾਂਦੀ ਦਾ ਸਿੱਕਾ ਖਰੀਦਣ ਵਾਲੇ ਮੁਕਤਸਰ ਦੇ ਤ੍ਰਿਪਤਜੀਤ ਸਿੰਘ ਨੇ ਉਤਸ਼ਾਹਿਤ ਹੁੰਦਿਆਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦੀ ਯਾਦਗਾਰ ਦੇ ਤੌਰ 'ਤੇ ਇਹ ਸਿੱਕਾ ਖਰੀਦ ਕੇ ਉਹ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਉਨ੍ਹਾਂ ਵੱਲੋਂ ਅਜਿਹੇ ਸਿੱਕੇ ਜੋ ਸਿੱਖ ਪੰਥ ਨਾਲ ਸਬੰਧਤ ਵਿਸ਼ੇਸ਼ ਮੌਕਿਆਂ 'ਤੇ ਜਾਰੀ ਕੀਤੇ ਜਾਂਦੇ ਖਰੀਦ ਕੇ ਸੰਭਾਲ ਕੇ ਰੱਖੇ ਹੋਏ ਹਨ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਅਜਿਹਾ ਮੌਕਾ ਉਨ੍ਹਾਂ ਦੀ ਜ਼ਿੰਦਗੀ ਵਿਚ ਇੱਕੋ ਵਾਰ ਆਇਆ ਹੈ ਤੇ ਉਹ ਇਸਦੀ ਯਾਦ ਨੂੰ ਇਸ ਸਿੱਕੇ ਜ਼ਰੀਏ ਸੰਭਾਲਣ ਲਈ ਆਸਵੰਦ ਹਨ।  


author

Gurminder Singh

Content Editor

Related News