550ਵੇਂ ਪ੍ਰਕਾਸ਼ ਪੁਰਬ ਮੌਕੇ 550 ਹਸਤੀਆਂ ਹੋਣਗੀਆਂ ਸਨਮਾਨਤ

Wednesday, Oct 09, 2019 - 01:03 PM (IST)

550ਵੇਂ ਪ੍ਰਕਾਸ਼ ਪੁਰਬ ਮੌਕੇ 550 ਹਸਤੀਆਂ ਹੋਣਗੀਆਂ ਸਨਮਾਨਤ

ਕਪੂਰਥਲਾ— ਸ੍ਰੀ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 'ਤੇ ਦੇਸ਼-ਵਿਦੇਸ਼ 'ਚ ਸਿੱਖ ਕੌਮ ਦਾ ਮਾਨ ਵਧਾਉਣ ਵਾਲੀ 550 ਸਿੱਖ ਹਸਤੀਆਂ ਨੂੰ ਸਨਮਾਨਤ ਕੀਤਾ ਜਾਵੇਗਾ। ਇਨ੍ਹਾਂ 'ਚੋਂ ਪ੍ਰਮੁੱਖ ਰੂਪ ਨਾਲ ਸਾਬਕਾ ਪੀ. ਐੱਮ. ਮਨਮੋਹਨ ਸਿੰਘ, ਓਲੰਪਿਕ ਗੋਲਡ ਮੈਡਲਿਸਟ ਅਭਿਨਵ ਬਿੰਦਰਾ, ਇੰਗਲੈਂਡ ਰੈਸਟੋਰੈਂਟ ਇੰਡਸਟਰੀ ਦਾ ਵੱਡਾ ਨਾਂ ਰਵੀ ਦਿਓਲ, ਅਮੂਲ ਦੇ ਐੱਮ. ਡੀ. ਆਰ. ਐੱਸ. ਸੋਢੀ, ਅਮਰੀਕਾ ਵੀਜ਼ਾ ਕਾਰਡ ਮੁਖੀ ਅਜੇਪਾਲ ਸਿੰਘ ਬੰਗਾ, ਭਾਰਤ 'ਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਹਰਿੰਦਰ ਸਿੰਘ, ਕ੍ਰਿਕਟਰ ਬਿਸ਼ਨ ਸਿੰਘ ਬੇਦੀ, ਅਦਾਕਾਰਾ ਪੂਨਮ ਢਿੱਲੋਂ, ਅਫਰੀਕਾ ਦੇ ਵੱਡੇ ਕਾਰੋਬਾਰੀ ਹਰਪਾਲ ਰੰਧਾਵਾ ਸ਼ਾਮਲ ਹਨ। 10 ਨਵੰਬਰ ਨੂੰ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ 'ਚ ਸ਼ਾਨਦਾਰ ਸਮਾਗਮ ਹੋਵੇਗਾ, ਜਿਸ ਦੀ ਪ੍ਰਧਾਨਗੀ ਕੈਪਟਨ ਅਮਰਿੰਦਰ ਸਿੰਘ ਕਰਨਗੇ। ਪਹਿਲੀ ਵਾਰ ਇਕੱਠੇ ਇਕ ਮੰਚ 'ਤੇ 550 ਸਿੱਖ ਹਸਤੀਆਂ ਨੂੰ ਸਨਮਾਨਤ ਕੀਤਾ ਜਾਵੇਗਾ। ਸਮਾਰੋਹ ਨੂੰ ਸਫਲ ਬਣਾਉਣ ਲਈ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੀ ਟੀਮ ਦਿਨ-ਰਾਤ ਇਕ ਕਰ ਰਹੀ ਹੈ। 

ਦੱਸਣਯੋਗ ਹੈ ਕਿ ਸਮਾਗਮ ਤੋਂ ਬਾਅਦ ਜਗਜੀਤ ਪੈਲੇਸ 'ਚ ਖਾਣੇ ਦਾ ਇੰਤਜ਼ਾਮ ਕੀਤਾ ਜਾਵੇਗਾ। ਇਸ ਪੈਲੇਸ ਨੂੰ ਫਰਾਂਸ ਦੀ ਸ਼ਿਲਪਕਾਰੀ ਦਾ ਅਦਭੁੱਤ ਨਮੂਨਾ ਮੰਨਿਆ ਜਾਂਦਾ ਹੈ। 
ਦੁਨੀਆ 'ਚ ਵੱਖ-ਵੱਖ ਖੇਤਰਾਂ 'ਚ ਸਫਲਤਾ ਦੇ ਝੰਡੇ ਗੱਡਣ ਵਾਲੀਆਂ ਹਸਤੀਆਂ ਦੀ ਮੇਜ਼ਬਾਨੀ ਮਹਾਰਾਜਾ ਕਪੂਰਥਲਾ ਦੇ ਵੰਸ਼ਜ ਬ੍ਰਿਗੇਡੀਅਰ ਸੁਖਜੀਤ ਸਿੰਘ ਅਤੇ ਟਿੱਕਾ ਸ਼ਤਰੂਜੀਤ ਸਿੰਘ ਕਰਨਗੇ। 

ਇਸ ਸਮਾਗਮ 'ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਜਨਰਲ ਵਿਕਰਮ ਸਿੰਘ ਸਮੇਤ ਜਨਰਲ ਜੇ. ਜੇ. ਸਿੰਘ ਜਮੂਨਾ ਆਟੋ ਦੇ ਐੱਮ. ਡੀ. ਰਣਦੀਪ ਸਿੰਘ ਜੌਹਰ, ਪ੍ਰੋਫੈਸ਼ਨਲ ਗੋਲਫਰ ਗਗਨਜੀਤ ਸਿੰਘ ਭੁੱਲਰ, ਅਭਿਨੇਤਾ ਸੰਨੀ ਦਿਓਲ, ਵਿਗਿਆਨੀ ਨਰਿੰਦਰ ਸਿੰਘ ਕਪਾਨੀ, ਪੰਜਾਬ ਸਾਹਿਤਕਾਰ ਸੁਰਜੀਤ ਪਾਤਰ, ਰਾਜਨੇਤਾ ਨਰਿੰਦਰ ਸਰਨ ਨੂੰ ਸਨਮਾਨਤ ਕੀਤਾ ਜਾਵੇਗਾ। ਫਿਨਲੈਂਡ ਦੇ ਸੰਸਦ ਮੈਂਬਰ ਰਣਦੀਪ ਸਿਘ ਸੋਢੀ, ਦੁਬਈ ਦੇ ਕਾਰੋਬਾਰੀ ਸੁਰਿੰਦਰ ਕੰਧਾਰੀ, ਹਾਂਗਕਾਂਗ ਦੇ ਕਾਰੋਬਾਰੀ ਪਾਲ ਕੋਹਲੀ ਅਤੇ ਚੀਨ ਦੇ ਵੱਡੇ ਕਾਰੋਬਾਰੀ ਠੁਕਰਾਲ ਦੇ ਨਾਂ ਵੀ ਇਸ ਸੂਚੀ 'ਚ ਸ਼ਾਮਲ ਹਨ।


author

shivani attri

Content Editor

Related News