550ਵਾਂ ਪ੍ਰਕਾਸ਼ ਪੁਰਬ: 2 ਤੇ 3 ਨਵੰਬਰ ਨੂੰ ਹੋਵੇਗੀ ''ਵਿਸ਼ਵ ਵਾਤਾਵਰਣ ਕਾਨਫਰੰਸ''

10/28/2019 1:56:52 PM

ਸੁਲਤਾਨਪੁਰ ਲੋਧੀ— ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਦੇਸ਼-ਵਿਦੇਸ਼ 'ਚ ਬੜੇ ਚਾਵਾਂ ਨਾਲ ਮਨਾਇਆ ਜਾ ਰਿਹਾ ਹੈ। ਮੁੱਖ ਸਮਾਗਮ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਵਿਖੇ ਕੀਤਾ ਜਾ ਰਿਹਾ ਹੈ, ਜਿੱਥੇ ਗੁਰੂ ਸਾਹਿਬ 14 ਸਾਲ 9 ਮਹੀਨੇ 13 ਦਿਨ ਰਹੇ ਸਨ।   

ਦੱਸਣਯੋਗ ਹੈ ਕਿ ਸੁਲਤਾਨਪੁਰ ਲੋਧੀ 'ਚ ਹੀ ਕਾਲੀ ਵੇਈਂ ਦਾ ਸੰਬੰਧ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੈ। ਅੱਜ ਪਾਣੀ, ਹਵਾ ਅਤੇ ਮਿੱਟੀ 'ਚ ਘੁਲਦੇ ਜ਼ਹਿਰ ਨਾਲ ਇਸ ਕਾਲੀ ਵੇਈਂ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਸਰਕਾਰ ਨੇ ਭਾਵੇਂ ਹੁਣ ਤੱਕ ਖਾਸ ਧਿਆਨ ਨਹੀਂ ਦਿੱਤਾ ਪਰ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਨੇ ਸੰਗਤ ਦੇ ਸਹਿਯੋਗ ਨਾਲ ਕਾਲੀ ਵੇਈਂ ਨੂੰ ਸਾਫ-ਸੁਥਰਾ ਕਰਨ ਦਾ ਬੀੜਾ ਚੁੱਕਿਆ ਹੈ।  

ਇਸ ਵੇਈਂ ਦੀ ਮਹੱਤਤਾ ਨੂੰ ਵੇਖਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 2 ਅਤੇ 3 ਨਵੰਬਰ ਨੂੰ 'ਵਿਸ਼ਵ ਵਾਤਾਵਰਣ ਕਾਨਫਰੰਸ' ਕਰਵਾਈ ਜਾਵੇਗੀ, ਜਿਸ 'ਚ ਵਾਤਾਵਰਣ ਸਬੰਧੀ ਚੁਣੌਤੀਆਂ ਅਤੇ ਇਸ ਦੇ ਹੱਲ ਲਈ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਸਬੰਧ 'ਚ ਸਮੂਹ ਸੰਗਤ ਨੂੰ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। 
ਇਸ ਕਾਨਫਰੰਸ ਤੋਂ ਇਕ ਦਿਨ ਪਹਿਲਾਂ ਯਾਨੀ ਕਿ 1 ਨਵੰਬਰ ਨੂੰ ਪਿੰਡ ਸੀਚੇਵਾਲ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਹੁੰਦੇ ਹੋਏ ਪਵਿੱਤਰ ਵੇਈਂ ਦੇ ਕੰਢੇ-ਕੰਢੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਨਗਰ ਕੀਰਤਨ ਪਹੁੰਚੇਗਾ।


shivani attri

Content Editor

Related News