550 ਸਾਲਾ ਪ੍ਰਕਾਸ਼ ਪੁਰਬ ਤੋਂ ਬਾਅਦ ਸਰਕਾਰ ਨੇ ਭੁਲਾਇਆ ਇਤਿਹਾਸਕ ਨਗਰ
Saturday, Jan 18, 2020 - 12:59 PM (IST)
ਨਿਹਾਲ ਸਿੰਘ ਵਾਲਾ (ਬਾਵਾ): ਜਿਥੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਸ ਵਾਰ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਤਖਤੂਪੁਰਾ ਸਾਹਿਬ ਨੂੰ ਸੁੰਦਰ ਮਾਡਲ ਗ੍ਰਾਮ ਅਧੀਨ ਲਿਆਂਦਾ ਗਿਆ ਸੀ। ਇਸ ਪਿੰਡ 'ਚ ਪੰਜਾਬ ਦੇ ਵੱਡੀ ਪੱਧਰ 'ਤੇ ਸਰਕਾਰੀ ਅਧਿਕਾਰੀਆਂ ਨੇ ਡੇਰੇ ਲਾਏ ਸਨ ਪਰ 550 ਸਾਲਾ ਲੰਘਣ ਤੋਂ ਬਾਅਦ ਸਰਕਾਰ ਅਤੇ ਉਸ ਦੇ ਅਧਿਕਾਰੀਆਂ ਨੇ ਪਿੰਡ ਨੂੰ ਭੁਲਾ ਦਿੱਤਾ। ਇਕ ਮਹੀਨਾ ਬਾਅਦ ਹੀ ਇਸ ਜਗ੍ਹਾ 'ਤੇ ਹਰ ਸਾਲ ਵਾਂਗ ਲੱਗੇ ਮਾਘੀ ਜੋੜ ਮੇਲੇ ਦੌਰਾਨ ਇਥੇ ਉੱਚ ਅਧਿਕਾਰੀ ਨੇ ਸਮਾਗਮਾਂ 'ਚ ਪਹੁੰਚਣ ਦੀ ਲੋੜ ਨਹੀਂ ਸਮਝੀ। ਸੁੰਦਰ ਮਾਡਲ ਗ੍ਰਾਮ ਅਧੀਨ ਬੇਸ਼ੱਕ ਇਸ ਪਿੰਡ ਨੂੰ 3 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਹੋਈ ਹੈ ਪਰ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਰਜਿੰਦਰ ਸਿੰਘ ਤਖਤੂਪੁਰਾ ਨੇ ਦੱਸਿਆ ਕਿ ਜਿਸ ਬਾਬੇ ਨਾਨਕ ਦੇ ਕਾਰਣ ਪਿੰਡ ਨੂੰ ਗ੍ਰਾਂਟ ਜਾਰੀ ਹੋਈ ਹੈ ਉਸ ਗੁਰਦੁਆਰਾ ਸਾਹਿਬ ਲਈ ਅਧਿਕਾਰੀਆਂ ਵੱਲੋਂ ਕੁਝ ਵੀ ਜਾਰੀ ਨਹੀਂ ਕੀਤਾ ਗਿਆ ਜਦੋਂਕਿ 550 ਸਾਲਾ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਸਾਹਿਬ ਗੁਰੂ–ਘਰ ਆਏ ਸਨ ਅਤੇ ਉਨ੍ਹਾਂ ਕਿਹਾ ਸੀ ਕਿ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਸਹਿਯੋਗ ਨਾਲ ਹੀ ਵਿਕਾਸ ਕਾਰਜ ਕੀਤੇ ਜਾਣਗੇ। ਭਾਈ ਰਜਿੰਦਰ ਸਿੰਘ ਨੇ ਕਿਹਾ ਕਿ ਗ੍ਰਾਂਟ ਲੈਣ ਤੋਂ ਬਾਅਦ ਬਾਬੇ ਨਾਨਕ ਦੇ ਘਰ ਨੂੰ ਅਣਗੌਲਿਆ ਕਰ ਕੇ ਆਪਣੀ ਮਰਜ਼ੀ ਕੀਤੀ ਗਈ ਹੈ।
ਇਥੇ ਹੀ ਨਹੀਂ ਮਾਲਵੇ ਦੇ ਇਤਿਹਾਸਕ ਨਗਰ ਤਖਤੂਪੁਰਾ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਕਰਵਾਏ ਜਾਂਦੇ ਮਾਘੀ ਮੇਲੇ 'ਤੇ ਪਹਿਲਾਂ ਉੱਚ ਸਰਕਾਰੀ ਅਧਿਕਾਰੀ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਹੋਰ ਸਿਆਸੀ ਪਾਰਟੀਆਂ, ਵੱਡੇ ਲੀਡਰ ਅਤੇ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀ ਸ਼ਿਰਕਤ ਕਰਦੇ ਸਨ ਪਰ ਇਸ ਵਾਰ ਇਸੇ ਵੀ ਵੱਡੇ ਲੀਡਰ ਅਤੇ ਉੱਚ ਅਧਿਕਾਰੀ ਨੇ ਇਸ ਜਗ੍ਹਾ ਨਮਸਤਕ ਹੋਣ ਦੀ ਲੋੜ ਨਹੀਂ ਸਮਝੀ।