ਮੋਹਾਲੀ 'ਚ ਸ਼ਾਂਤੀਪੂਰਨ ਢੰਗ ਨਾਲ 54.84 ਫ਼ੀਸਦੀ ਵੋਟਿੰਗ, ਪਿਛਲੀ ਵਾਰ ਨਾਲੋਂ 6 ਫ਼ੀਸਦੀ ਦੀ ਗਿਰਾਵਟ
Tuesday, May 26, 2026 - 03:42 PM (IST)
ਮੋਹਾਲੀ (ਰਣਬੀਰ) : ਮੋਹਾਲੀ ਨਗਰ ਨਿਗਮ ਦੇ 50 ਵਾਰਡਾਂ ਲਈ ਮੰਗਲਵਾਰ ਨੂੰ ਹੋਈਆਂ ਚੋਣਾਂ ਕੁੱਲ ਮਿਲਾ ਕੇ ਅਮਨੋ-ਅਮਾਨ ਨਾਲ ਸੰਪੰਨ ਹੋ ਗਈਆਂ। ਕੁੱਝ ਥਾਵਾਂ ’ਤੇ ਤਣਾਅ ਦੇ ਹਾਲਾਤ ਬਣੇ ਪਰ ਪੁਲਸ ਤੇ ਪ੍ਰਸ਼ਾਸਨ ਦੀ ਸਮੇਂ ਸਿਰ ਦਖ਼ਲ ਅੰਦਾਜ਼ੀ ਨੇ ਕੋਈ ਵੱਡੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕ ਲਿਆ। 50 ਵਾਰਡਾਂ ’ਚ ਆਪਣੀ ਕਿਸਮਤ ਅਜ਼ਮਾ ਰਹੇ ਕੁੱਲ 227 ਉਮੀਦਵਾਰਾਂ ਦੀ ਕਿਸਮਤ ਬੈਲਟ ਬਾਕਸਾਂ ’ਚ ਕੈਦ ਹੋ ਗਈ। ਮੰਗਲਵਾਰ ਨੂੰ ਹੋਈ ਵੋਟਿੰਗ ਦੌਰਾਨ ਇਕ-ਦੋ ਥਾਵਾਂ ’ਤੇ ਸਿਆਸੀ ਪਾਰਟੀਆਂ ਦੇ ਸਮਰਥਕਾਂ ਵਿਚਾਲੇ ਤਣਾਅ ਤੇ ਹਲਕੀ ਤਕਰਾਰ ਦੇ ਹਾਲਾਤ ਪੈਦਾ ਹੋਣ ਦੇ ਬਾਵਜੂਦ ਪੁਲਸ ਤੇ ਪ੍ਰਸ਼ਾਸਨ ਦੀ ਸਖ਼ਤ ਚੌਕਸੀ ਕਾਰਨ ਵੋਟਾਂ ਦੀ ਸਾਰੀ ਕਾਰਵਾਈ ਪੂਰੀ ਤਰ੍ਹਾਂ ਅਮਨੋ-ਅਮਾਨ ਨਾਲ ਹੋਈ। ਸਵੇਰੇ ਤੋਂ ਹੀ ਵੋਟਰਾਂ ਦੀਆਂ ਲਾਈਨਾਂ ਪੋਲਿੰਗ ਬੂਥਾਂ ਬਾਹਰ ਨਜ਼ਰ ਆਈਆਂ। ਵਧੇਰੇ ਵੋਟਰ ਸਵੇਰੇ ਜਲਦੀ ਧੁੱਪ ਤੇਜ਼ ਹੋਣ ਤੋਂ ਪਹਿਲਾਂ ਵੋਟ ਦਾ ਇਸਤੇਮਾਲ ਕਰਨ ਲਈ ਉਤਸ਼ਾਹਿਤ ਦਿਖੇ। ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੀ ਵੋਟਿੰਗ ਪ੍ਰਕਿਰਿਆ ’ਚ ਕੁੱਲ 54.84 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ, ਜੋ ਪਿਛਲੀ ਵਾਰ ਨਾਲੋਂ ਕਰੀਬ 6 ਫ਼ੀਸਦੀ ਘੱਟ ਹੈ। ਗਰਮੀ ਦੀ ਮਾਰ ਕਾਰਨ ਵੱਡੀ ਗਿਣਤੀ ਵੋਟਰ ਘਰਾਂ ਤੋਂ ਬਾਹਰ ਨਹੀਂ ਨਿਕਲੇ। ਇਸ ਦਾ ਅਸਰ ਵੋਟਿੰਗ ਫ਼ੀਸਦੀ ’ਤੇ ਸਾਫ਼ ਨਜ਼ਰ ਆਇਆ।
ਵੋਟਰਾਂ ’ਚ ਨਜ਼ਰ ਆਇਆ ਉਤਸ਼ਾਹ
ਸਵੇਰੇ ਤੋਂ ਹੀ ਪੋਲਿੰਗ ਬੂਥਾਂ ਬਾਹਰ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਗਈਆਂ। ਬਜ਼ੁਰਗਾਂ ਤੇ ਮਹਿਲਾਵਾਂ ਨੇ ਧੁੱਪ ਤੇਜ਼ ਹੋਣ ਤੋਂ ਪਹਿਲਾਂ ਹੀ ਵੋਟ ਦਾ ਇਸਤੇਮਾਲ ਕਰਨ ਨੂੰ ਤਰਜੀਹ ਦਿੱਤੀ। ਖ਼ਾਸ ਤੌਰ ’ਤੇ ਪਹਿਲੀ ਵਾਰ ਵੋਟ ਦਾ ਇਸਤੇਮਾਲ ਕਰਨ ਆਏ ਨੌਜਵਾਨਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਉਹ ਲੋਕਤੰਤਰਿਕ ਪ੍ਰਕਿਰਿਆ ਦਾ ਹਿੱਸਾ ਬਣਨ ਲਈ ਕਾਫ਼ੀ ਉਤਸ਼ਾਹਿਤ ਨਜ਼ਰ ਆਏ। ਅੱਤ ਦੀ ਗਰਮੀ ਹੋਣ ਕਾਰਨ ਜ਼ਿਆਦਾਤਰ ਵਾਰਡਾਂ ’ਚ ਵੋਟ ਫ਼ੀਸਦੀ ਵੀ ਘੱਟ ਰਿਹਾ ਤੇ ਵੱਡੀ ਗਿਣਤੀ ਲੋਕ ਵੋਟਾਂ ਪਾਉਣ ਲਈ ਘਰਾਂ ਤੋਂ ਹੀ ਨਹੀਂ ਨਿਕਲੇ। ਸ਼ੁਰੂਆਤ ’ਚ ਵੋਟਾਂ ਪਾਉਣ ਦੀ ਰਫ਼ਤਾਰ ਵੀ ਮੱਧਮ ਰਹੀ।
ਇਹ ਵੀ ਪੜ੍ਹੋ : ਡੀ. ਏ. ਨੂੰ ਲੈ ਕੇ ਪੰਜਾਬ ਦੇ ਮੁਲਾਜ਼ਮਾਂ ਨੂੰ ਵੱਡੀ ਰਾਹਤ, ਹਾਈਕੋਰਟ ਨੇ ਫ਼ੈਸਲਾ ਰੱਖਿਆ ਬਰਕਰਾਰ, ਇਸ ਤਾਰੀਖ਼ ਤੱਕ...
ਪ੍ਰਸ਼ਾਸਨਿਕ ਸਣੇ ਪੁਲਸ ਵੱਲੋਂ ਪੋਲਿੰਗ ਬੂਥਾਂ ਦਾ ਦੌਰਾ
ਡੀ.ਸੀ. ਕੋਮਲ ਮਿੱਤਲ, ਐੱਸ.ਐੱਸ.ਪੀ. ਹਰਮਨਦੀਪ ਸਿੰਘ ਹਾਂਸ, ਆਰ.ਓ.-ਕਮ-ਐੱਸ.ਡੀ.ਐੱਮ. ਮੋਹਾਲੀ ਦਮਨਦੀਪ ਕੌਰ ਸਣੇ ਹੋਰਨਾਂ ਅਧਿਕਾਰੀਆਂ ਨੇ ਵੱਖ-ਵੱਖ ਖਾਸ ਤੌਰ ’ਤੇ ਸੰਵੇਦਨਸ਼ੀਲ ਪੋਲਿੰਗ ਬੂਥਾਂ ਦਾ ਸਮੇਂ-ਸਮੇਂ ’ਤੇ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲੈਂਦਿਆਂ ਚੋਣ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਅਮਨ-ਅਮਾਨ ਤੇ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸੁਰੱਖਿਆ ਤੇ ਪ੍ਰਬੰਧਕੀ ਇੰਤਜ਼ਾਮਾਂ ਦੀ ਨਿਗਰਾਨੀ ਕੀਤੀ ਗਈ
ਇਕ-ਦੋ ਥਾਵਾਂ ’ਤੇ ਹੋਈ ਤਿੱਖੀ ਝੜਪ
ਵੋਟਿੰਗ ਦੌਰਾਨ ਵਾਰਡ 39, 32, 6, 15, 28 ਤੇ 36 ’ਚ ਵੀ ਉਮੀਦਵਾਰਾਂ ਦੇ ਸਮਰਥਕਾਂ ਵਿਚਾਲੇ ਤਿੱਖੀ ਬਹਿਸਬਾਜ਼ੀ ਦੀ ਜਾਣਕਾਰੀ ਵੀ ਸਾਹਮਣੇ ਆਈ। ਇਸ ਨਾਲ ਮਾਹੌਲ ਕਈ ਵਾਰ ਤਣਾਅਪੂਰਣ ਹੋ ਗਿਆ ਪਰ ਪੁਲਸ ਦੀ ਚੌਕਸੀ ਤੇ ਦੋਵੇਂ ਪਾਸਿਆਂ ਦੇ ਮੌਕੇ ਦੀ ਨਜ਼ਾਕਤ ਨੂੰ ਸਮਝਣ ਵਾਲੇ ਮੋਹਤਬਰਾਂ ਤੇ ਸੂਝਵਾਨ ਵਿਅਕਤੀਆਂ ਦੀ ਸਮਝਦਾਰੀ ਸਦਕਾ ਮਾਹੌਲ ਨੂੰ ਵਿਗੜਣ ਤੋਂ ਸਮੇਂ ਸਿਰ ਕਾਬੂ ਕਰ ਲਿਆ ਗਿਆ। ਹਾਲਾਤ ਤਣਾਅਪੂਰਨ ਹੋਣ ਤੋਂ ਪਹਿਲਾਂ ਹੀ ਦਖ਼ਲ ਦੇ ਕੇ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾਇਆ ਗਿਆ ਤੇ ਮੌਕੇ ਤੋਂ ਦੂਰ ਹਟਾ ਦਿੱਤਾ ਗਿਆ। ਇਸ ਕਾਰਨ ਕੋਈ ਵੱਡੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਟਲ ਗਈ।
ਇਹ ਵੀ ਪੜ੍ਹੋ : ਮੋਹਾਲੀ 'ਚ ਪੋਲਿੰਗ ਬੂਥਾਂ ਬਾਹਰ ਖੜ੍ਹੇ ਦਿਖੇ ਆਊਟਸਾਈਡਰ, ਵੋਟਰਾਂ 'ਚ ਸਹਿਮ ਦਾ ਮਾਹੌਲ
ਹੁਣ ਉਮੀਦਵਾਰਾਂ ਦੀਆਂ ਨਜ਼ਰਾਂ 29 ਮਈ ’ਤੇ
ਇਸ ਤਰ੍ਹਾਂ ਨਿਗਮ ਮੋਹਾਲੀ ਦੇ ਸਾਰੇ 50 ਵਾਰਡਾਂ ’ਚ ਵੋਟਿੰਗ ਪ੍ਰਕਿਰਿਆ ਸ਼ਾਂਤੀਪੂਰਨ ਢੰਗ ਨਾਲ ਪੂਰੀ ਹੋਣ ਮਗਰੋਂ ਸਾਰੇ ਬੈਲਟ ਬਾਕਸ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਫ਼ੇਜ਼-7 ਸਥਿਤ ਕਮਿਊਨਿਟੀ ਸੈਂਟਰ ਵਿਖੇ ਬਣਾਏ ਕਾਊਂਟਿੰਗ ਸੈਂਟਰ ’ਚ ਜਮ੍ਹਾਂ ਕਰਵਾ ਦਿੱਤੇ ਗਏ ਹਨ। ਹੁਣ 29 ਮਈ ਨੂੰ ਗਿਣਤੀ ਦੌਰਾਨ ਉਮੀਦਵਾਰਾਂ ਦੀ ਰਾਜਨੀਤਿਕ ਕਿਸਮਤ ਦਾ ਫੈਸਲਾ ਹੋਵੇਗਾ। ਇਸ ਚੋਣ ਮੈਦਾਨ ’ਚ ਕੋਈ ਪਹਿਲੀ ਤਾਂ ਦੂਜੀ ਵਾਰ ਕਿਸਮਤ ਅਜ਼ਮਾ ਰਹੇ ਸਿਆਸੀ ਪੈਠ ਵਾਲੇ ਦਿੱਗਜ਼ਾਂ ਦੇ ਭਵਿੱਖ ’ਤੇ ਵੀ ਲੋਕਾਂ ਦੇ ਫੈਸਲੇ ਦੀ ਮੋਹਰ ਲੱਗੇਗੀ। ਗਿਣਤੀ ਦੇ ਨਤੀਜਿਆਂ ਨਾਲ ਮੋਹਾਲੀ ਨੂੰ ਆਪਣੇ ਨਵੇਂ ਨਿਗਮ ਦੀ ਤਸਵੀਰ ਤੇ ਆਉਣ ਵਾਲੇ ਸਮੇਂ ਦੀ ਸਿਆਸੀ ਦਿਸ਼ਾ ਵੀ ਸਪੱਸ਼ਟ ਹੋ ਜਾਵੇਗੀ।
ਵੋਟਿੰਗ ਦੀ ਸਥਿਤੀ ਇਸ ਤਰ੍ਹਾਂ ਰਹੀ
ਸਮਾਂ ਵੋਟਿੰਗ ਫ਼ੀਸਦੀ
ਸਵੇਰੇ 10 ਵਜੇ 13.3 ਫ਼ੀਸਦੀ
ਦੁਪਹਿਰ 12 ਵਜੇ 29.28 ਫ਼ੀਸਦੀ
ਦੁਪਹਿਰ 2 ਵਜੇ 39.14 ਫ਼ੀਸਦੀ
ਸ਼ਾਮ 5 ਵਜੇ 54.84 ਫ਼ੀਸਦੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
