50 ਏਕੜ ਕਣਕ ਤੇ 300 ਏਕੜ ਨਾੜ ਸੜ ਕੇ ਹੋਇਆ ਸਵਾਹ

Tuesday, Apr 30, 2019 - 11:30 PM (IST)

ਲੋਹੀਆਂ ਖਾਸ,(ਮਨਜੀਤ) : ਲੋਹੀਆਂ ਸਬ ਤਹਿਸੀਲ 'ਚ ਪੈਂਦੇ ਪਿੰਡ ਨੱਲ, ਮਾਣਕ, ਨਸੀਰ ਪੁਰ ਤੇ ਮੁੰਡੀ ਚੋਹਲੀਆਂ ਦੇ ਦਰਜ਼ਨ ਦੇ ਕਰੀਬ ਕਿਸਾਨਾਂ ਦੀ ਪਜਾਹ ਏਕੜ ਦੇ ਕਣਕ ਤੇ ਤਿੰਨ ਸੌ ਏਕੜ ਦੇ ਕਰੀਬ ਨਾੜ ਸੜ ਕੇ ਸਵਾਹ ਹੋ ਜਾਣ ਦਾ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮੌਕੇ 'ਤੇ ਮੌਜੂਦ ਕੁਝ ਕੁ ਲੋਕਾਂ ਦਾ ਕਹਿਣਾ ਸੀ ਕਿ ਤੇਜ਼ ਹਵਾਵਾਂ ਦੇ ਚੱਲਦਿਆਂ ਪਤਾ ਨਹੀਂ ਕਦੋਂ ਕਣਕ ਤੇ ਨਾੜ ਨੂੰ ਅੱਗ ਲੱਗ ਗਈ ਤੇ ਦੇਖਦੇ ਹੀ ਦੇਖਦੇ ਅੱਗ ਦੀਆਂ ਲੱਪਟਾਂ ਦੂਰ-ਦੂਰ ਤੱਕ ਫੈਲ ਗਈਆਂ। ਜਿਸ ਨੂੰ ਦੇਖ ਕੇ ਆਸ-ਪਾਸ ਦੇ ਪਿੰਡ ਦੇ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣ ਲਈ ਟ੍ਰੈਕਟਰਾਂ ਨਾਲ ਖੇਤਾਂ ਨੂੰ ਵਾਹੁਣਾ ਸ਼ੁਰੂ ਕਰ ਦਿੱਤਾ ਤੇ ਕਾਫੀ ਜੱਦੋ ਜਹਿਦ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ ਪਰ ਉਦੋਂ ਤੱਕ ਉਕਤ ਪਿੰਡ ਦੇ ਦਰਜ਼ਨ ਦੇ ਕਰੀਬ ਕਿਸਾਨ ਭਰਾਵਾਂ ਦੀ 50 ਏਕੜ ਦੇ ਕਰੀਬ ਕਣਕ ਤੇ ਤਿੰਨ ਸੌ ਏਕੜ ਦੇ ਨਾੜ ਸੜ ਕੇ ਸਵਾਹ ਹੋ ਚੁੱਕਾ ਸੀ। 

PunjabKesari

ਇਸ ਵਾਰ ਫਿਰ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਦੇਰੀ ਨਾਲ
ਜਦੋਂ ਉਕਤ ਘਟਨਾ ਵਾਪਰੀ ਤਾਂ ਮੌਕੇ 'ਤੇ ਮੌਜ਼ੂਦ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਪਰ ਫਾਇਰ ਬ੍ਰਿਗੇਡ ਦੀ ਗੱਡੀ ਪਹਿਲਾ ਵਾਂਗ ਇਸ ਵਾਰ ਫਿਰ ਦੇਰੀ ਨਾਲ ਹੀ ਪਹੁੰਚੀ। ਪੀੜਤ ਕਿਸਾਨਾਂ ਤੇ ਹੋਰ ਵਿਅਕਤੀਆਂ ਨੇ ਰੋਸ ਜਤਾਉਂਦੇ ਹੋਏ ਕਿਹਾ ਕਿ ਜੇਕਰ ਫਾਇਰ ਬ੍ਰਿਗੇਡ ਦੀ ਗੱਡੀ ਪਹਿਲਾਂ ਆ ਜਾਂਦੀ ਤਾਂ ਸ਼ਾਇਦ ਐਨਾਂ ਭਾਰੀ ਨੁਕਸਾਨ ਨਾ ਹੁੰਦਾ। ਜਿੱਥੇ ਉਕਤ ਪਿੰਡਾਂ ਦੇ ਪੰਚ-ਸਰਪੰਚਾਂ, ਪਤਵੰਤੇ ਸੱਜਣਾਂ ਤੇ ਹੋਰ ਪਿੰਡ ਵਾਸੀਆਂ ਨੇ ਸੰਬੰਧਤ ਵਿਭਾਗ ਤੇ ਪ੍ਰਸ਼ਾਸ਼ਨ ਤੋਂ ਪੀੜਤ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਗਈ। ਉੱਥੇ ਇਹ ਵੀ ਅਪੀਲ ਵੀ ਕੀਤੀ ਕਿ ਫਾਇਰ ਬ੍ਰਿਗੇਡ ਦੀ ਗੱਡੀ ਵਾਡੀ ਦੇ ਸੀਜਨ ਦੇ ਚੱਲਦਿਆਂ ਇਲਾਕੇ 'ਚ ਹੀ ਰਹਿਣ ਤਾਂ ਕਿ ਵੱਡੇ ਨੁਕਸਾਨ ਤੋਂ ਬਚਾਅ ਹੋ ਸਕੇ ਕਿਉਂਕਿ ਜਦੋਂ ਤੱਕ ਦੂਰੀ ਤਹਿ ਕਰਕੇ ਗੱਡੀ ਘਟਨਾ ਸਥਾਨ 'ਤੇ ਪਹੁੰਚ ਦੀ ਹੈ, ਉਦੋਂ ਤੱਕ ਤਾਂ ਲੋਕ ਹੀ ਅੱਗ 'ਤੇ ਕਾਬੂ ਪਾ ਲੈਂਦੇ ਹਨ। 


Related News