ਆਈ.ਜੀ.ਪੀ. ਦਾ ਵੱਡਾ ਬਿਆਨ, ਪੰਜਾਬ ਪੁਲਸ ਵੱਲੋਂ 5 ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼, 17 ਅੱਤਵਾਦੀ ਗ੍ਰਿਫਤਾਰ

Monday, Oct 10, 2022 - 06:27 PM (IST)

ਆਈ.ਜੀ.ਪੀ. ਦਾ ਵੱਡਾ ਬਿਆਨ, ਪੰਜਾਬ ਪੁਲਸ ਵੱਲੋਂ 5 ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼, 17 ਅੱਤਵਾਦੀ ਗ੍ਰਿਫਤਾਰ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਰਗਰਮ ਪਹੁੰਚ ਅਪਣਾਉਂਦਿਆਂ ਪੰਜਾਬ ਪੁਲਸ ਨੇ ਪਿਛਲੇ 10 ਦਿਨਾਂ ਵਿਚ 17 ਅੱਤਵਾਦੀਆਂ ਨੂੰ ਗ੍ਰਿਫਤਾਰ ਕਰਕੇ ਪੰਜ ਵੱਡੇ ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਚਾਰ ਰਾਈਫ਼ਲਾਂ ਜਿਨ੍ਹਾਂ ਵਿਚ ਏਕੇ/ਐੱਮਪੀ-9/ਐੱਮਪੀ-5 ਸ਼ਾਮਲ ਹਨ, ਤੋਂ ਇਲਾਵਾ 25 ਰਿਵਾਲਵਰ/ਪਿਸਤੌਲ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਪੁਲਸ ਟੀਮਾਂ ਨੇ ਤਿੰਨ ਹੈਂਡ ਗਰਨੇਡ ਅਤੇ ਇਕ ਆਈ. ਈ. ਡੀ. ਵੀ ਬਰਾਮਦ ਕੀਤਾ ਹੈ। ਇੰਸਪੈਕਟਰ ਜਨਰਲ ਆਫ਼ ਪੁਲਸ (ਆਈ.ਜੀ.ਪੀ.) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਅੱਜ ਇੱਥੇ ਆਪਣੀ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 10 ਦਿਨਾਂ ਵਿਚ ਪੁਲਸ ਟੀਮਾਂ ਨੇ ਗੈਂਗਸਟਰ ਤੋਂ ਅੱਤਵਾਦੀ ਬਣੇ ਲਖਬੀਰ ਸਿੰਘ ਉਰਫ ਲੰਡਾ, ਹਰਵਿੰਦਰ ਸਿੰਘ ਉਰਫ ਰਿੰਦਾ ਅਤੇ ਅਰਸ਼ ਡੱਲਾ ਵੱਲੋਂ ਭਾਰਤ ਤੋਂ ਬਾਹਰੋਂ ਚਲਾਏ ਜਾ ਰਹੇ ਅੱਤਵਾਦੀ ਮਾਡਿਊਲਾਂ ਨੂੰ ਵੱਡਾ ਝਟਕਾ ਦਿੱਤਾ ਹੈ। ਪੰਜਾਬ ਪੁਲਸ ਨੇ 1 ਅਕਤੂਬਰ ਨੂੰ ਕੈਨੇਡਾ-ਅਧਾਰਤ ਲਖਬੀਰ ਲੰਡਾ ਅਤੇ ਪਾਕਿਸਤਾਨ-ਅਧਾਰਤ ਹਰਵਿੰਦਰ ਰਿੰਦਾ ਵਲੋਂ ਸਾਂਝੇ ਤੌਰ ’ਤੇ ਚਲਾਏ ਜਾ ਰਹੇ ਆਈ. ਐੱਸ. ਆਈ-ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦੇ ਤਿੰਨ ਸੰਚਾਲਕਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਨ੍ਹਾਂ ਦੇ ਕਬਜ਼ੇ ’ਚੋਂ ਅਤਿ-ਆਧੁਨਿਕ ਏ. ਕੇ-56 ਅਸਾਲਟ ਰਾਈਫਲ ਅਤੇ ਦੋ ਮੈਗਜ਼ੀਨਾਂ ਸਮੇਤ 90 ਜ਼ਿੰਦਾ ਕਾਰਤੂਸ ਅਤੇ ਦੋ ਗੋਲੀਆਂ ਦੇ ਖੋਲ ਬਰਾਮਦ ਕਰਨ ਤੋਂ ਬਾਅਦ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ 28 ਸਤੰਬਰ ਨੂੰ ਕੈਨੇਡਾ ਅਧਾਰਤ ਅੱਤਵਾਦੀ ਲਖਬੀਰ ਲੰਡਾ ਗਿਰੋਹ ਦੇ ਇਕ ਸੰਚਾਲਕ ਨੂੰ ਬਿਹਾਰ ਤੋਂ ਕਤਲ, ਕਤਲ ਦੀ ਕੋਸ਼ਿਸ਼, ਹਮਲੇ ਅਤੇ ਡਕੈਤੀ ਨਾਲ ਸਬੰਧਤ ਕਈ ਘਿਨਾਉਣੇ ਅਪਰਾਧਾਂ ਵਿਚ ਸ਼ਾਮਲ ਹੋਣ ਲਈ ਗ੍ਰਿਫਤਾਰ ਕੀਤਾ ਗਿਆ ਸੀ। 

ਇਹ ਵੀ ਪੜ੍ਹੋ : ਅਕਾਲੀ ਦਲ ’ਚ ਫਿਰ ਉੱਠੀ ਬਗਾਵਤ, ਖੜ੍ਹਾ ਹੋਇਆ ਨਵਾਂ ਪੰਗਾ

ਆਈ. ਜੀ. ਪੀ. ਨੇ ਕਿਹਾ ਕਿ ਅਗਲੇ ਦਿਨ ਚਮਕੌਰ ਸਾਹਿਬ ਖੇਤਰ ਤੋਂ ਦੋ ਸੰਚਾਲਕਾਂ ਦੀ ਗ੍ਰਿਫਤਾਰੀ ਨਾਲ ਕੈਨੇਡਾ ਅਧਾਰਤ ਅੱਤਵਾਦੀ/ਗੈਂਗਸਟਰ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਵਲੋਂ ਸੰਚਾਲਿਤ ਕੀਤੇ ਜਾ ਰਹੇ ਆਈ. ਐੱਸ. ਆਈ-ਸਮਰਥਿਤ ਡਰੋਨ-ਅਧਾਰਤ ਖਾਲਿਸਤਾਨ ਟਾਈਗਰ ਫੋਰਸ (ਕੇ. ਟੀ. ਐੱਫ) ਦੇ ਦਹਿਸ਼ਤੀ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਸੀ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ ਇਕ .22 ਬੋਰ ਦਾ ਰਿਵਾਲਵਰ ਅਤੇ .32 ਬੋਰ ਦਾ ਪਿਸਤੌਲ ਅਤੇ 21 ਜਿੰਦਾ ਕਾਰਤੂਸ ਸਮੇਤ ਦੋ ਨਾਜਾਇਜ਼ ਹਥਿਆਰ ਵੀ ਬਰਾਮਦ ਕੀਤੇ ਸਨ। ਦੋ ਦਿਨ ਬਾਅਦ ਪੁਲਸ ਨੇ ਉਸੇ ਮਾਡਿਊਲ ਦੇ ਇਕ ਹੋਰ ਆਪਰੇਟਰ ਨੂੰ ਉਸਦੀ ਕਾਰ ਵਿਚੋਂ ਤਿੰਨ ਹੈਂਡ ਗ੍ਰਨੇਡ ਅਤੇ ਦੋ ਪਿਸਤੌਲ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਸੀ। ਅੰਮ੍ਰਿਤਸਰ ਦਿਹਾਤੀ ਪੁਲਸ ਨੇ 4 ਅਕਤੂਬਰ ਨੂੰ ਆਈ. ਐੱਸ. ਆਈ -ਸਮਰਥਿਤ ਨਾਰਕੋ-ਅੱਤਵਾਦੀ ਮਾਡਿਊਲ ਦੇ ਮੁੱਖ ਸੰਚਾਲਕ ਦੀ ਗ੍ਰਿਫਤਾਰੀ ਨਾਲ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਅਤੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਇਕ ਆਰ. ਡੀ. ਐੱਕਸ. ਲੋਡਿਡ ਟਿਫਿਨ ਬਾਕਸ ਜਿਸ ਨੂੰ ਇਕ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ. ਈ. ਡੀ) ਜਾਂ ਟਿਫਿਨ ਬੰਬ ਵਜੋਂ ਤਿਆਰ ਕੀਤਾ ਗਿਆ ਸੀ, ਦੋ ਮੈਗਜ਼ੀਨਾਂ ਅਤੇ 30 ਜ਼ਿੰਦਾ ਕਾਰਤੂਸਾਂ ਸਮੇਤ ਦੋ ਆਧੁਨਿਕ ਏ.ਕੇ.-56 ਅਸਾਲਟ ਰਾਈਫਲਾਂ, ਇਕ .30 ਬੋਰ ਦਾ ਪਿਸਤੌਲ ਅਤੇ 6 ਜਿੰਦਾ ਕਾਰਤੂਸ ਅਤੇ 2 ਕਿੱਲੋ ਹੈਰੋਇਨ ਬਰਾਮਦ ਕੀਤੀ।

ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਗੈਂਗਸਟਰ ਦੀਪਕ ਦੀ ਗਰਲਫ੍ਰੈਂਡ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਹੋਏ ਵੱਡੇ ਖੁਲਾਸੇ

ਅਗਲੇ ਦਿਨ ਇਕ ਹੋਰ ਡਰੋਨ ਅਧਾਰਤ ਹਥਿਆਰਾਂ/ਗੋਲਾ ਬਾਰੂਦ ਦੀ ਤਸਕਰੀ ਕਰਨ ਵਾਲੇ ਮਾਡਿਊਲ ਦੇ ਦੋ ਮੈਂਬਰਾਂ ਨੂੰ ਇੱਕ ਕੈਦੀ ਸਮੇਤ ਗ੍ਰਿਫਤਾਰ ਕਰਕੇ ਉਨ੍ਹਾਂ ਵੱਲੋਂ ਦੱਸੀ ਗਈ ਥਾਂ ਤੋਂ 10 ਵਿਦੇਸ਼ੀ ਪਿਸਤੌਲਾਂ ਸਮੇਤ ਪੰਜ .30 ਬੋਰ (ਚੀਨ ਵਿਚ ਬਣੇ) ਅਤੇ ਪੰਜ 9 ਐੱਮ. ਐੱਮ (ਯੂ. ਐੱਸ. ਏ ਬੀਰੀਟਾ ਵਿੱਚ ਬਣੇ) ਬਰਾਮਦ ਕੀਤੇ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਇਸ ਮੋਡਿਊਲ ਦੇ ਤਿੰਨ ਹੋਰ ਮੈਂਬਰਾਂ ਨੂੰ 17 ਪਿਸਤੌਲਾਂ ਅਤੇ ਇਕ ਐੱਮ. ਪੀ-4 ਰਾਈਫਲ ਸਮੇਤ ਅਤਿ ਆਧੁਨਿਕ ਹਥਿਆਰਾਂ ਅਤੇ ਗੋਲਾ ਬਾਰੂਦ ਸਮੇਤ ਗ੍ਰਿਫਤਾਰ ਕਰਨ ਤੋਂ ਇਲਾਵਾ 1.01 ਕਰੋੜ ਰੁਪਏ ਦੀ ਨਕਦੀ ਅਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੇ ਗਏ ਸਨ। ਇਸ ਦੇ ਨਾਲ ਹੀ ਪੁਲਸ ਨੇ 9 ਅਕਤੂਬਰ ਨੂੰ ਜਰਮਨੀ ਸਥਿਤ ਗੁਰਮੀਤ ਸਿੰਘ ਉਰਫ਼ ਬੱਗਾ ਵਲੋਂ ਚਲਾਏ ਜਾ ਰਹੇ ਅਤੇ ਗੁਰਦੇਵ ਸਿੰਘ (ਫ਼ਰੀਦਕੋਟ ਜੇਲ੍ਹ ਵਿਚ ਬੰਦ) ਨਾਲ ਸਬੰਧਤ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇ. ਜ਼ੈੱਡ. ਐੱਫ) ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ ਅਤੇ ਤਸਕਰੀ ਵਾਲੇ ਹਥਿਆਰਾਂ ਦਾ ਪ੍ਰਬੰਧ ਕਰਨ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਦੇ ਦੋਸ਼ ਵਿਚ ਇਸਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰੀ ਕਰਕੇ ਦੋ 9 ਐੱਮ.ਐੱਮ. ਵਿਦੇਸ਼ੀ ਪਿਸਤੌਲ ਅਤੇ ਇਕ .32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਸੀ।

ਇਹ ਵੀ ਪੜ੍ਹੋ : ਭੈਣ ਦੀ ਲਵ-ਮੈਰਿਜ ਤੋਂ ਖ਼ਫਾ ਭਰਾ ਨੇ ਖੋਹਿਆ ਆਪਾ, ਜੀਜੇ ਨੂੰ ਘੇਰਾ ਪਾ ਕੇ ਕੀਤੀ ਵੱਢ-ਟੁੱਕ, ਦੇਖੋ ਵੀਡੀਓ

ਨਸ਼ਿਆਂ ਬਾਰੇ ਹਫ਼ਤਾਵਾਰੀ ਅੱਪਡੇਟ ਦਿੰਦਿਆਂ ਆਈ.ਜੀ.ਪੀ. ਨੇ ਦੱਸਿਆ ਕਿ ਪਿਛਲੇ ਹਫ਼ਤੇ ਪੁਲਸ ਨੇ 240 ਐੱਫ. ਆਈ. ਆਰ. ਜਿਨ੍ਹਾਂ ਵਿੱਚੋਂ 32 ਵਪਾਰਕ ਮਾਮਲਿਆਂ ਨਾਲ ਸਬੰਧਤ ਹਨ, ਦਰਜ ਕਰਕੇ 314 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ’ਚੋਂ 18 ਕਿੱਲੋ ਹੈਰੋਇਨ, 16 ਕਿੱਲੋ ਅਫੀਮ, 4 ਕਿੱਲੋ ਗਾਂਜਾ, 5 ਕੁਇੰਟਲ ਭੁੱਕੀ, ਫਾਰਮਾ ਓਪੀਔਡਜ਼ ਦੀਆਂ 3.71 ਲੱਖ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਤੋਂ ਇਲਾਵਾ 9.73 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਉਨ੍ਹਾਂ ਕਿਹਾ ਕਿ 5 ਜੁਲਾਈ, 2022 ਨੂੰ ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਤਹਿਤ ਇਸ ਹਫ਼ਤੇ ਐਨਡੀਪੀਐਸ ਕੇਸਾਂ ਵਿੱਚ 11 ਹੋਰ ਭਗੌੜੇ ਗ੍ਰਿਫ਼ਤਾਰ ਕੀਤੇ ਜਾਣ ਨਾਲ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 365 ਹੋ ਗਈ ਹੈ।

ਇਹ ਵੀ ਪੜ੍ਹੋ : ਕਲਯੁੱਗੀ ਪਿਓ ਦੀ ਸ਼ਰਮਨਾਕ ਕਰਤੂਤ ਤੋਂ ਦੁਖੀ ਧੀ ਨੇ ਚੁੱਕ ਲਿਆ ਦਿਲ ਕੰਬਾਅ ਦੇਣ ਵਾਲਾ ਕਦਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News