5 ਟੀਮਾਂ ਨੇ 41 ਸਰਕਾਰੀ ਸਕੂਲਾਂ ਦੀ ਕੀਤੀ ਚੈਕਿੰਗ
Tuesday, Jul 03, 2018 - 01:29 AM (IST)
ਪਟਿਆਲਾ, (ਪ੍ਰਤਿਭਾ)- ਅੱਜ ਤੋਂ ਸਰਕਾਰੀ ਸਕੂਲਾਂ ਵਿਚ ਛੁੱਟੀਆਂ ਖਤਮ ਹੁੰਦੇ ਹੀ ਜ਼ਿਲੇ ਅਧੀਨ ਆਉਂਦੇ ਅਲੱਗ-ਅਲੱਗ ਬਲਾਕਾਂ ਦੇ 41 ਸਕੂਲਾਂ ਵਿਚ ਵਿਸ਼ੇਸ਼ ਟੀਮਾਂ ਨੇ ਚੈਕਿੰਗ ਕੀਤੀ। ਪਹਿਲੇ ਦਿਨ ਵਿਦਿਆਰਥੀਆਂ ਦੀ ਗਿਣਤੀ ਘੱਟ ਹੀ ਰਹੀ। ਜ਼ਿਆਦਾਤਰ ਸਕੂਲਾਂ ਵਿਚ ਅਧਿਆਪਕਾਂ ਦੀ ਹਾਜ਼ਰੀ ਪੂਰੀ ਸੀ। ਸਿੱਖਿਆ ਵਿਭਾਗ ਦੇ ਨਿਰਦੇਸ਼ ’ਤੇ ਹੋਈ ਇਸ ਚੈਕਿੰਗ ਬਾਰੇ ਤਕਰੀਬਨ ਸਾਰੇ ਅਧਿਆਪਕਾਂ ਨੂੰ ਪਤਾ ਸੀ। ਇਸ ਡਰ ਤੋਂ ਅਧਿਆਪਕ ਸਮੇਂ ਸਿਰ ਸਕੂਲ ਪਹੁੰਚੇ। ਟੀਮਾਂ ਵੱਲੋਂ ਚੈੱਕ ਕੀਤੇ ਗਏ 41 ਸਕੂਲਾਂ ਵਿਚ ਇਕ-ਦੋ ਅਧਿਆਪਕਾਂ ਨੂੰ ਛੱਡ ਕੇ ਬਾਕੀ ਸਾਰੇ ਅਧਿਆਪਕ ਹਾਜ਼ਰ ਸਨ। ਉਥੇ ਮਿੱਡ-ਡੇਅ ਮੀਲ ਅਤੇ ਸਫਾਈ ਦਾ ਪ੍ਰਬੰਧ ਵੀ ਠੀਕ ਸੀ। ਅੱਜ ਦੀ ਚੈਕਿੰਗ ਬਾਰੇ ਸਾਰਿਆਂ ਨੂੰ ਪਤਾ ਸੀ। ਇਸ ਲਈ ਹੁਣ ਅਥਾਰਟੀ ਵੱਲੋਂ 10 ਦਿਨਾਂ ਦੇ ਅੰਦਰ ਅਗਲੀ ਚੈਕਿੰਗ ਸਰਪ੍ਰਾਈਜ਼ ਰਹੇਗੀ।
® ਵਰਨਣਯੋਗ ਹੈ ਕਿ ਸਰਕਾਰੀ ਸਕੂਲਾਂ ਵਿਚ ਛੁੱਟੀਆਂ ਖਤਮ ਹੋਣ ਅਤੇ ਸਕੂਲ ਲੱਗਣ ਦੇ ਪਹਿਲੇ ਦਿਨ ਡੀ. ਈ. ਓ. ਦੇ ਹੁਕਮਾਂ ਤਹਿਤ ਟੀਮਾਂ ਨੇ ਵਿਜ਼ਿਟ ਕਰਨੀ ਸੀ। ਇਸ ਵਿਚ ਟੀਮਾਂ ਨੇ ਮਿੱਡ-ਡੇ ਮੀਲ, ਵਿਦਿਆਰਥੀਆਂ ਤੇ ਅਧਿਆਪਕ ਦੀ ਪਹਿਲੇ ਦਿਨ ਦੀ ਹਾਜ਼ਰੀ ਅਤੇ ਸਾਫ-ਸਫਾਈ ਦੀ ਚੈਕਿੰਗ ਕਰਨੀ ਸੀ।
ਇਸ ਨਿਰਦੇਸ਼ ਤਹਿਤ ਪਟਿਆਲਾ ਸ਼ਹਿਰ ਤੋਂ ਇਲਾਵਾ ਨਾਲ ਲਗਦੇ ਰੂਰਲ ਸਕੂਲਾਂ, ਸਨੌਰ ਬਲਾਕ, ਰਾਜਪੁਰਾ ਬਲਾਕ, ਨਾਭਾ ਬਲਾਕ, ਪਾਤੜਾਂ ਬਲਾਕ ਤੇ ਸਮਾਣਾ ਬਲਾਕ ਆਦਿ ਦੇ ਕੁੱਲ 41 ਸਕੂਲਾਂ ਦੀ ਚੈਕਿੰਗ ਹੋਈ। ਚੈਕਿੰਗ ਦੌਰਾਨ ਡਿਪਟੀ ਡੀ. ਈ. ਓ. ਅਧੀਨ ਟੀਮਾਂ ਬਣਾਈਆਂ ਗਈਆਂ। ਉਹ ਸਵੇਰ ਹੀ ਅਲੱਗ-ਅਲੱਗ ਸਕੂੁਲਾਂ ਵਿਚ ਪਹੁੰਚ ਗਈਆਂ।
ਅਧਿਆਪਕਾਂ ਨੇ ਆਪਣੀ ਸਾਖ ਬਚਾਉਣ ਲਈ ਕਢਵਾ ਦਿੱਤੇ ਸਨ ਨੋਟਿਸ
ਸਕੂਲ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਪੂਰੀ ਹੋਵੇ, ਇਸ ਨੂੰ ਲੈ ਕੇ ਸਕੂਲ ਪ੍ਰਮੁੱਖਾਂ ਵੱਲੋਂ ਪਹਿਲਾਂ ਤੋਂ ਹੀ ਅਨਾਊਂਸਮੈਂਟ ਹੋ ਰਹੀ ਸੀ। ਲਗਭਗ ਤਿੰਨ-ਚਾਰ ਦਿਨ ਪਹਿਲਾਂ ਤੋਂ ਹੀ ਪਿੰਡਾਂ ਦੇ ਸਕੂਲਾਂ ਵਿਚ ਐਲਾਨ ਕੀਤਾ ਜਾ ਰਿਹਾ ਸੀ ਕਿ ਸਾਰਿਆਂ ਨੇ ਸੋਮਵਾਰ ਨੂੰ ਸਕੂਲ ਜ਼ਰੂਰ ਪਹੁੰਚਣਾ ਹੈ। ਇੰਨਾ ਹੀ ਨਹੀਂ, ਅਧਿਆਪਕਾਂ ਨੇ ਨੋਟਿਸ ਵੀ ਲਵਾ ਦਿੱਤੇ ਸਨ। ਇਸ ਵਿਚ ਅਪੀਲ ਕੀਤੀ ਗਈ ਕਿ ਸਰਕਾਰੀ ਸਕੂਲਾਂ ਵਿਚ ਪਡ਼੍ਹਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਅਪੀਲ ਹੈ ਕਿ 2 ਜੁਲਾਈ ਨੂੰ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਖੁੱਲ੍ਹ ਰਹੇ ਹਨ। ਇਸ ਲਈ ਸਾਰੇ ਸਮੇਂ ਸਿਰ ਸਕੂਲ ਪਹੁੰਚਣ। ਇਸ ਦਿਨ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਜਾਣੀ ਹੈ। ਇਸ ਲਈ ਸਾਰੇ ਅਧਿਆਪਕ ਤੇ ਵਿਦਿਆਰਥੀ 2 ਜੁਲਾਈ ਨੂੰ ਸਕੂਲ ਜ਼ਰੂਰ ਪਹੁੰਚਣ।
ਇਸ ਵਾਰ ਚਿਤਾਵਨੀ ਦੇ ਕੇ ਛੱਡ ਦਿੱਤਾ : ਡੀ. ਈ. ਓ
ਡੀ. ਈ. ਓ. ਕੰਵਲ ਕੁਮਾਰੀ ਨੇ ਦੱਸਿਆ ਕਿ ਪ੍ਰ੍ਰਾਇਮਰੀ, ਮਿਡਲ ਤੇ ਸੀਨੀਅਰ ਸੈਕੰਡਰੀ ਸਾਰੇ ਸਕੂਲਾਂ ਵਿਚ ਚੈਕਿੰਗ ਹੋਈ ਹੈ। 41 ਸਕੂਲਾਂ ਵਿਚੋਂ ਕੁੱਝ ਸਕੂਲਾਂ ਵਿਚ ਸਫਾਈ ਦੀ ਸਮੱਸਿਆ ਸੀ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਗਿਣਤੀ ਵੀ ਘੱਟ ਸੀ। ਇਨ੍ਹਾਂ ਸਕੂਲਾਂ ਨੂੰ ਫਿਲਹਾਲ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਹੈ। ਕਈ ਸਕੂਲਾਂ ਵਿਚ ਬਹੁਤ ਹੀ ਵਧੀਆ ਤਰੀਕੇ ਨਾਲ ਸਫਾਈ ਕੀਤੀ ਹੋਈ ਸੀ। 10 ਦਿਨਾਂ ਦੇ ਅੰਦਰ ਫਿਰ ਤੋਂ ਸਰਪ੍ਰਾਈਜ਼ ਚੈਕਿੰਗ ਹੋਵੇਗੀ। ਇਸ ਚੈਕਿੰਗ ਬਾਰੇ ਪਹਿਲਾਂ ਤੋਂ ਨਹੀਂ ਦੱਸਿਆ ਜਾਵੇਗਾ।
