ਕਾਂਗਰਸੀ ਨੇਤਾ ''ਤੇ ਹਮਲੇ ਦੀ ਯੋਜਨਾ ਬਣਾਉਣ ਦੇ ਦੋਸ਼ ''ਚ 5 ਗ੍ਰਿਫਤਾਰ
Tuesday, May 05, 2020 - 01:12 PM (IST)
ਜਲੰਧਰ (ਜ. ਬ.)— ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਪਿੰਡ ਰਾਏਪੁਰ ਰਸੂਲਪੁਰ ਦੇ ਇਕ ਨੇਤਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਦੀ ਯੋਜਨਾ ਬਣਾਉਣ ਦੇ ਦੋਸ਼ 'ਚ ਥਾਣਾ ਮਕਸੂਦਾਂ ਦੀ ਪੁਲਸ ਨੇ 7 ਨੌਜਵਾਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਵਿਚੋਂ ਮਕਸੂਦਾਂ ਪੁਲਸ ਨੇ 5 ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਹੈ ਅਤੇ ਇਕ ਦਰਜਨ ਲੋਕ ਆਪਣੇ ਵਾਹਨ ਮੌਕੇ 'ਤੇ ਛੱਡ ਕੇ ਫਰਾਰ ਹੋ ਗਏ।
ਥਾਣਾ ਮਕਸੂਦਾਂ ਦੇ ਇੰਚਾਰਜ ਰਾਜੀਵ ਕੁਮਾਰ ਨੇ ਦੱਸਿਆ ਕਿ ਪਿੰਡ ਰਸੂਲਪੁਰ-ਰਾਏਪੁਰ ਤੋਂ ਸੂਚਨਾ ਮਿਲੀ ਸੀ ਕਿ ਕਰਫਿਊ ਦੇ ਬਾਵਜੂਦ ਪਿੰਡ ਦੇ ਮਨਦੀਪ ਸਿੰਘ ਪੁੱਤਰ ਉਂਕਾਰ ਸਿੰਘ ਦੇ ਖੂਹ 'ਤੇ ਤੇਜ਼ਧਾਰ ਹਥਿਆਰਾਂ ਸਮੇਤ ਨੂੰ ਦਰਜਨ ਦੇ ਕਰੀਬ ਨੌਜਵਾਨ ਪਿੰਡ ਦੇ ਕਾਂਗਰਸੀ ਆਗੂ ਦਲਜੀਤ ਸਿੰਘ ਉਰਫ ਕਾਲਾ 'ਤੇ ਹਮਲਾ ਕਰਣ ਦੀ ਯੋਜਨਾ ਬਣਾ ਰਹੇ ਹਨ। ਸੂਚਨਾ ਮਿਲਣ 'ਤੇ ਏ. ਐੱਸ. ਆਈ. ਨਰੇਸ਼ ਪਾਲ, ਰੀਡਰ ਏ. ਐੱਸ. ਆਈ. ਰਜਿੰਦਰ ਸ਼ਰਮਾ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ। ਪੁਲਸ ਦੇ ਮੌਕੇ 'ਤੇ ਪਹੁੰਚਣ 'ਤੇ ਉਕਤ ਹਮਲਾਵਰ ਨੇ ਭੱਜਣਾ ਸ਼ੁਰੂ ਕਰ ਦਿੱਤਾ, ਇਸ ਦੌਰਾਨ ਪੁਲਸ ਪਾਰਟੀ ਨੇ ਪਿੱਛਾ ਕਰਕੇ 5 ਨੌਜਵਾਨਾਂ ਨੂੰ ਕਾਬੂ ਕਰ ਲਿਆ, ਬਾਕੀ ਮੌਕੇ ਤੋਂ ਫਰਾਰ ਹੋ ਗਏ।
ਥਾਣਾ ਇੰਚਾਰਜ ਰਾਜੀਵ ਕੁਮਾਰ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਖੂਹ 'ਤੇ ਖੜ੍ਹੇ ਹਮਲਾਵਰਾਂ ਦੇ 11 ਮੋਟਰਸਾਈਕਲ, 4 ਐਕਟਿਵਾ ਬਰਾਮਦ ਕੀਤੇ ਹਨ। ਪ੍ਰਿੰਸੀਪਲ ਦਲਜੀਤ ਸਿੰਘ ਕਾਲਾ ਦੇ ਬਿਆਨਾਂ ਦੇ ਆਧਾਰ 'ਤੇ 7 ਨੌਜਵਾਨ ਮਨਦੀਪ ਸਿੰਘ ਪੁੱਤਰ ਉਂਕਾਰ ਸਿੰਘ ਪੁੱਤਰ ਰਾਏਪੁਰ ਰਸੂਲਪੁਰ, ਅਮਨਦੀਪ ਸਿੰਘ ਦੀਪੂ ਪੁੱਤਰ ਸੁਰਿੰਦਰ ਸਿੰਘ ਵਾਸੀ ਰਾਏਪੁਰ-ਰਸੂਲਪੁਰ, ਕਾਰਤਿਕ ਮੱਲ ਪੁੱਤਰ ਰਵੀਕਾਂਤ ਨਿਵਾਸੀ ਰੰਧਾਵਾ ਮਸੰਦਾਂ, ਪਰਵਿੰਦਰ ਕੁਮਾਰ ਪੁੱਤਰ ਜੀਤ ਰਾਮ ਪੁੱਤਰ ਸੰਤੋਖਪੁਰਾ, ਸਮਰਜੀਤ ਸਿੰਘ ਪੁੱਤਰ ਮੰਗਲ ਰਾਮ ਨਿਵਾਸੀ ਬੇਅੰਤ ਨਗਰ, ਸੂਰਜ ਪੁੱਤਰ ਗੁਰਮੀਤ ਨਿਵਾਸੀ ਲੰਮਾ ਪਿੰਡ, ਰਮਨ ਨਿਵਾਸੀ ਰੰਧਾਵਾ ਮਸੰਦਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ, ਬਾਕੀ ਨਾਮਜ਼ਦ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਹਨ।
ਪੁਲਸ ਨੇ ਬਾਕੀ 10 ਅਣਪਛਾਤੇ ਨੌਜਵਾਨਾਂ ਖਿਲਾਫ ਕੇਸ ਵੀ ਦਰਜ ਕੀਤਾ ਹੈ। ਪੁਲਸ ਸਟੇਸ਼ਨ ਇੰਚਾਰਜ ਨੇ ਕਿਹਾ ਕਿ ਕਰਫਿਉ ਦੌਰਾਨ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ। ਫਰਾਰ ਨੌਜਵਾਨਾਂ ਦੀ ਪਛਾਣ ਕਰ ਕੇ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਸ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮਨਦੀਪ ਸਿੰਘ ਦੀ ਦਲਜੀਤ ਕਾਲਾ ਨਾਲ ਪੁਰਾਣੀ ਰੰਜਿਸ਼ ਸੀ। ਜਲਦੀ ਹੀ ਮਨਦੀਪ ਸਿੰਘ ਸਮੇਤ ਹੋਰ ਫਰਾਰ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਮਨਦੀਪ ਤੇ ਡੇਰੇ ਦਾ ਮਾਲਕ ਪਹਿਲਾਂ ਵੀ ਹਮਲੇ ਦੀ ਯੋਜਨਾ ਬਣਾ ਚੁੱਕੈ : ਪ੍ਰਧਾਨ ਦਲਜੀਤ ਸਿੰਘ ਕਾਲਾ
ਦਲਜੀਤ ਸਿੰਘ ਉਰਫ ਕਾਲਾ ਨੇ ਕਿਹਾ ਕਿ ਉਸ ਦੀ ਪਿੰਡ ਦੇ ਮਨਦੀਪ ਨਾਲ ਪੁਰਾਣੀ ਰੰਜਿਸ਼ ਸੀ, ਜਿਸ ਕਾਰਨ ਉਸ ਨੇ ਪਹਿਲਾਂ ਵੀ ਕਈ ਵਾਰ ਯੋਜਨਾਬੰਦੀ ਕੀਤੀ ਸੀ ਪਰ ਸੋਮਵਾਰ ਦੁਪਹਿਰ ਇਸ ਨੇ 2 ਦਰਜਨ ਤੋਂ ਵੱਧ ਹਮਲਾਵਰਾਂ ਨੂੰ ਆਪਣੇ ਕੈਂਪ 'ਚ ਬੁਲਾਇਆ ਸੀ, ਜਿਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਅਤੇ ਉਨ੍ਹਾਂ ਨੇ ਥਾਣੇ ਦੀ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ ਅਤੇ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ।