ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟ ਵੱਲੋਂ 5 ਲੱਖ ਦੀ ਠੱਗੀ

Friday, Apr 20, 2018 - 05:29 AM (IST)

ਮੋਗਾ, (ਅਜ਼ਾਦ)- ਫਿਰੋਜ਼ਪੁਰ ਜ਼ਿਲੇ ਦੇ ਪਿੰਡ ਸੁਲਹਾਣੀ ਨਿਵਾਸੀ ਇਕ ਲੜਕੇ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਮੋਗਾ ਦੇ ਇਕ ਟਰੈਵਲ ਏਜੰਟ ਵੱਲੋਂ ਪੰਜ ਲੱਖ ਰਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਟਰੈਵਲ ਏਜੰਟ ਖਿਲਾਫ ਮਾਮਲਾ ਦਰਜ ਕਰ ਕੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ : ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਹਰਗੁਣ ਸਿੰਘ ਪੁੱਤਰ ਇਕਬਾਲ ਸਿੰਘ ਨੇ ਕਿਹਾ ਕਿ ਉਹ ਵਿਦੇਸ਼ ਜਾਣ ਦਾ ਚਾਹਵਾਨ ਸੀ, ਜਿਸ 'ਤੇ ਉਸ ਨੇ ਆਪਣੇ ਇਕ ਰਿਸ਼ਤੇਦਾਰ ਦੇ ਰਾਹੀਂ ਸਬ ਜੇਲ ਮੋਗਾ ਦੇ ਸੁਖਲਾਨਾ ਕੰਪਲੈਕਸ 'ਚ ਸਥਿਤ ਟਰੈਵਲ ਏਜੰਟ ਰਣਜੀਤ ਸਿੰਘ ਮੱਟੂ ਮਾਲਕ ਡਬਲਿਊ. ਓ. ਐੱਸ. ਇਮੀਗ੍ਰੇਸ਼ਨ ਨਾਲ ਅਕਤੂਬਰ 2017 'ਚ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਉਸ ਨੂੰ ਅਮਰੀਕਾ ਭੇਜ ਦੇਵੇਗਾ, ਜਿਸ 'ਤੇ 20 ਲੱਖ ਰੁਪਏ ਖਰਚ ਆਵੇਗਾ। ਪੰਜ ਲੱਖ ਰੁਪਏ ਪਹਿਲਾਂ ਦੇਣੇ ਹੋਣਗੇ, ਜਦਕਿ ਬਾਕੀ ਵੀਜ਼ਾ ਲੱਗਣ ਦੇ ਬਾਅਦ ਲਵਾਂਗੇ, ਜਿਸ 'ਤੇ ਮੈਂ ਉਨ੍ਹਾਂ ਨੂੰ ਇਕ ਲੱਖ ਰੁਪਏ ਨਕਦ ਦੇ ਇਲਾਵਾ ਆਪਣਾ ਪਾਸਪੋਰਟ ਅਤੇ ਹੋਰ ਦਸਤਾਵੇਜ਼ ਦੇ ਦਿੱਤੇ। ਇਸ ਦੇ ਬਾਅਦ ਟਰੈਵਲ ਏਜੰਟ ਦੇ ਕਹਿਣ 'ਤੇ ਮੇਰੇ ਭਰਾ ਤੀਰਥ ਸਿੰਘ ਨੇ ਅਮਰੀਕਾ ਤੋਂ 43 ਹਜ਼ਾਰ ਰੁਪਏ 28 ਅਕਤੂਬਰ 2017 ਨੂੰ ਮਨੀਗ੍ਰਾਮ ਰਾਹੀਂ ਭੇਜ ਦਿੱਤੇ।
ਟਰੈਵਲ ਏਜੰਟ ਨੇ ਉਨ੍ਹਾਂ ਨੂੰ ਵਿਸ਼ਵਾਸ 'ਚ ਲੈ ਲਿਆ ਅਤੇ ਕਿਹਾ ਕਿ ਉਸ ਨੂੰ ਹੋਰ ਪੈਸੇ ਚਾਹੀਦੇ ਹਨ, ਜਿਸ 'ਤੇ ਮੇਰੇ ਪਿਤਾ ਇਕਬਾਲ ਸਿੰਘ ਨੇ ਆਪਣੇ ਬੈਂਕ ਕੋਟ ਈਸੇ ਖਾਂ ਸਥਿਤ ਖਾਤੇ 'ਚੋਂ 3 ਲੱਖ 57 ਹਜ਼ਾਰ ਰੁਪਏ ਉਨ੍ਹਾਂ ਦੇ ਖਾਤੇ 'ਚ ਭੇਜੇ। ਇਸ ਤਰ੍ਹਾਂ ਦੋਸ਼ੀ ਟਰੈਵਲ ਏਜੰਟ ਨੇ ਪੰਜ ਲੱਖ ਰੁਪਏ ਲੈ ਲਏ ਅਤੇ ਬਾਅਦ 'ਚ ਉਹ ਟਾਲ-ਮਟੋਲ ਕਰਨ ਲੱਗਾ। ਨਾ ਤਾਂ ਉਸ ਨੇ ਸਾਡਾ ਵੀਜ਼ਾ ਲਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਜਦ ਅਸੀਂ ਪੰਚਾਇਤ ਦੇ ਰਾਹੀਂ ਗੱਲਬਾਤ ਕੀਤੀ ਤਾਂ ਉਸ ਨੇ ਮੇਰੇ ਪਿਤਾ ਇਕਬਾਲ ਸਿੰਘ ਦੇ ਨਾਂ 28 ਦਸੰਬਰ 2017 ਨੂੰ ਪੰਜ ਲੱਖ ਰੁਪਏ ਦਾ ਚੈੱਕ ਦੇ ਦਿੱਤਾ ਜੋ ਕੈਸ਼ ਨਹੀਂ ਹੋ ਸਕਿਆ। ਇਸ ਤਰ੍ਹਾਂ ਦੋਸ਼ੀ ਨੇ ਸਾਡੇ ਨਾਲ ਪੰਜ ਲੱਖ ਰੁਪਏ ਦੀ ਠੱਗੀ ਮਾਰੀ ਹੈ।
ਕੀ ਹੋਈ ਪੁਲਸ ਕਾਰਵਾਈ : ਜ਼ਿਲਾ ਪੁਲਸ ਮੁਖੀ ਮੋਗਾ ਦੇ ਨਿਰਦੇਸ਼ 'ਤੇ ਇਸ ਦੀ ਜਾਂਚ ਐਂਟੀ ਹਿਊਮਨ ਟ੍ਰੈਫਕਿੰਗ ਸੈੱਲ ਮੋਗਾ ਯੂਨਿਟ ਵੱਲੋਂ ਕੀਤੀ ਗਈ, ਜਿਨ੍ਹਾਂ ਨੇ ਜਾਂਚ ਰਿਪੋਰਟ ਡੀ. ਐੱਸ. ਪੀ. ਆਈ. ਮੋਗਾ ਨੂੰ ਭੇਜੀ। ਜਾਂਚ ਦੇ ਬਾਅਦ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਥਾਣਾ ਸਿਟੀ ਮੋਗਾ 'ਚ ਟਰੈਵਲ ਏਜੰਟ ਰਣਜੀਤ ਸਿੰਘ ਮੱਟੂ ਪੁੱਤਰ ਫਤਿਹ ਸਿੰਘ ਨਿਵਾਸੀ ਪਿੰਡ ਡਾਲਾ (ਅਜੀਤਵਾਲ) ਦੇ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਗੁਰਜਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਟਰੈਵਲ ਏਜੰਟ ਨੂੰ ਗ਼੍ਰਿਫਤਾਰ ਕਰਨ ਦੇ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।


Related News