ਫਾਂਸੀ ਦੀ ਸਜ਼ਾ ਮੁਆਫ਼ੀ ਤੋਂ ਬਾਅਦ 4 ਪੰਜਾਬੀਆਂ ਸਮੇਤ 5 ਭਾਰਤੀ ਵਤਨ ਪਰਤੇ

04/21/2018 6:50:27 AM

ਪਟਿਆਲਾ  (ਰਾਜੇਸ਼) - ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਸ਼ਾਰਜਾਹ ਸ਼ਹਿਰ ਵਿਚ 4 ਪੰਜਾਬੀਆਂ ਸਮੇਤ 5 ਭਾਰਤੀਆਂ ਦੀ ਫਾਂਸੀ ਦੀ ਸਜ਼ਾ ਮੁਆਫੀ ਤੋਂ ਬਾਅਦ ਵਤਨ ਪਰਤ ਆਏ ਹਨ। ਫਾਂਸੀ ਤੋਂ ਬਚਾਏ ਜਾਣ ਦਾ ਮੁਆਫੀਨਾਮਾ ਸ਼ਾਰਜਾਹ ਅਦਾਲਤ ਵਿਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੈੱਸ. ਪੀ. ਸਿੰਘ ਓਬਰਾਏ ਵੱਲੋਂ ਅਕਤੂਬਰ ਮਹੀਨੇ ਦਾਖਲ ਕੀਤਾ ਗਿਆ ਸੀ। ਸ. ਓਬਰਾਏ ਨੇ ਦੁਬਈ ਤੋਂ ਫੋਨ 'ਤੇ ਦੱਸਿਆ ਕਿ ਫਾਂਸੀ ਦੀ ਸਜ਼ਾ ਮੁਆਫ ਹੋਣ ਤੋਂ ਬਾਅਦ ਅਦਾਲਤ ਵੱਲੋਂ ਇਨ੍ਹਾਂ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਸਾਰੇ 6 ਸਾਲ ਤੋਂ ਜੇਲ ਵਿਚ ਹੀ ਸਨ। ਉਨ੍ਹਾਂ ਦੱਸਿਆ ਕਿ ਸ਼ਾਰਜਾਹ ਵਿਚ ਸ਼ਰਾਬ ਦੇ ਨਾਜਾਇਜ਼ ਧੰਦੇ ਸ਼ਾਮਲ ਹੋਣ ਕਰ ਕੇ ਅਤੇ ਲੋਕਾਂ ਦੇ ਆਪਸੀ ਝਗੜੇ ਵਿਚ 4 ਨਵੰਬਰ 2011 ਨੂੰ ਉੱਤਰ ਪ੍ਰਦੇਸ਼ ਆਜ਼ਮਗੜ੍ਹ ਜ਼ਿਲੇ ਦੇ ਸ਼ੇਖੂਪੁਰਾ ਪਿੰਡ ਦੇ 38 ਸਾਲਾ ਵਰਿੰਦਰ ਚੌਹਾਨ ਦਾ ਕਤਲ ਹੋ ਗਿਆ ਸੀ। ਇਸ ਦੇ ਦੋਸ਼ ਵਿਚ ਬਿਹਾਰ ਦੇ ਛਪਰਾ ਜ਼ਿਲੇ ਦੇ ਇਕ ਨਿਵਾਸੀ ਧਰਮਿੰਦਰ, ਅੰਮ੍ਰਿਤਸਰ ਦੇ ਅਜਨਾਲਾ ਦੇ ਹਰਵਿੰਦਰ ਸਿੰਘ, ਨਵਾਂਸ਼ਹਿਰ ਦੇ ਜ਼ੀਂਸਰਾ ਪਿੰਡ ਦੇ ਰਣਜੀਤ ਰਾਮ, ਹੁਸ਼ਿਆਰਪੁਰ ਜ਼ਿਲੇ ਦੇ ਮਾਹਿਲਪੁਰ ਪਿੰਡ ਦਾ ਦਲਵਿੰਦਰ ਸਿੰਘ ਅਤੇ ਪਟਿਆਲਾ ਦੇ ਜੱਸੋਮਾਜਰਾ ਪਿੰਡ ਦੇ ਸੁੱਚਾ ਸਿੰਘ ਨੂੰ 4 ਨਵੰਬਰ 2011 ਨੂੰ ਵਰਿੰਦਰ ਚੌਹਾਨ ਨੂੰ ਮਾਰਨ ਦੇ ਦੋਸ਼ੀ ਕਰਾਰ ਦਿੱਤਾ ਗਿਆ ਸੀ।
ਸਰਬੱਤ ਦਾ ਭੱਲਾ ਟਰੱਸਟ ਦੇ ਪ੍ਰਧਾਨ ਨੇ ਦੱਸਿਆ ਕਿ ਮੁਲਜ਼ਮਾਂ ਦੇ ਮਾਪਿਆਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ। ਉਸ ਤੋਂ ਬਾਅਦ ਉਨ੍ਹਾਂ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲੇ ਦੇ ਸ਼ੇਖੂਪੁਰਾ ਪਿੰਡ ਵਿਚ ਮ੍ਰਿਤਕ ਦੇ ਪਰਿਵਾਰਕ ਮੈਂਬਰ ਨਾਲ ਸੰਪਰਕ ਕੀਤਾ ਅਤੇ ਬਲੱਡ ਮਨੀ ਪਰਿਵਾਰ ਵਾਲਿਆਂ ਨੂੰ ਦਿੱਤੀ ਗਈ। ਇਸ 'ਤੇ ਵਰਿੰਦਰ ਚੌਹਾਨ ਦੇ ਪਰਿਵਾਰ ਨੇ ਮੁਲਜ਼ਮਾਂ ਨੂੰ ਮੁਆਫ ਕਰਨ ਲਈ ਮੁਆਫੀ-ਪੱਤਰ ਅਦਾਲਤ ਵਿਚ ਤਸਦੀਕ ਕਰਵਾ ਕੇ ਡਾ. ਓਬਰਾਏ ਨੂੰ ਸੌਂਪ ਦਿੱਤਾ। ਇਹ ਸਮਝੌਤਾ ਅਕਤੂਬਰ ਮਹੀਨੇ ਹੋ ਗਿਆ ਸੀ। ਇਸ ਲਈ ਡਾ. ਓਬਰਾਏ ਖ਼ੁਦ ਉੱਤਰ ਪ੍ਰਦੇਸ਼ ਗਏ ਅਤੇ ਵਰਿੰਦਰ ਦੇ ਪਰਿਵਾਰ ਨੂੰ 20 ਲੱਖ ਰੁਪਇਆ ਬਲੱਡ ਮਨੀ ਦਾ  ਦਿੱਤਾ ਗਿਆ। ਇਸ 'ਤੇ ਉਨ੍ਹਾਂ ਮੁਆਫੀ ਦਾ ਪੱਤਰ ਡਾ. ਓਬਰਾਏ ਨੂੰ ਸੌਂਪ ਦਿੱਤਾ ਸੀ।
ਮੁਆਫ਼ੀ-ਪੱਤਰ ਸ਼ਾਰਜਾਹ ਅਦਾਲਤ ਵਿਚ ਡਾ. ਓਬਰਾਏ ਵੱਲੋਂ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਦਸਤਾਵੇਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ। ਡਾ. ਓਬਰਾਏ ਨੇ ਦੱਸਿਆ ਕਿ 2 ਲੜਕੇ 19 ਅਪ੍ਰੈਲ ਨੂੰ ਦਿੱਲੀ ਪੁੱਜੇ। ਬਾਕੀ ਦੇ ਤਿੰਨ 20 ਅਪ੍ਰੈਲ ਨੂੰ ਦੁਬਈ ਤੋਂ ਦਿੱਲੀ ਪੁੱਜੇ। ਡਾ. ਓਬਰਾਏ ਨੇ ਇੰਡੀਅਨ ਕੌਂਸਲੇਟ ਦੇ ਅਧਿਕਾਰੀ ਜਸਪਾਲ ਸਿੰਘ ਆਹੂਜਾ ਦਾ ਧੰਨਵਾਦ ਕੀਤਾ, ਜਿਨ੍ਹਾਂ ਟੈਂਪਰੇਰੀ ਪਾਸਪੋਰਟ ਅਤੇ ਟਿਕਟਾਂ ਦਾ ਪ੍ਰਬੰਧ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਕੀਤਾ। ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ ਨਾਜਾਇਜ਼ ਸ਼ਰਾਬ ਵੇਚਣ 'ਤੇ ਲੜਾਈ ਦੌਰਾਨ ਵਰਿੰਦਰ ਦੀ ਹੱਤਿਆ ਕੀਤੀ ਗਈ ਸੀ। ਸਾਰੇ ਮੁਲਜ਼ਮਾਂ ਨੂੰ ਅਪਰਾਧ ਦੇ ਅਗਲੇ ਦਿਨ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਵਿਚ ਉਨ੍ਹਾਂ ਨੂੰ ਕਤਲ ਦਾ ਦੋਸ਼ੀ ਪਾਇਆ ਗਿਆ ਅਤੇ ਮੌਤ ਦੀ ਸਜ਼ਾ ਦਿੱਤੀ ਗਈ। ਉਦੋਂ ਤੋਂ ਉਹ ਸ਼ਾਰਜਾਹ ਜੇਲ ਵਿਚ ਬੰਦ ਸਨ। ਅਦਾਲਤ ਨੇ ਉਨ੍ਹਾਂ ਨੂੰ ਫਾਂਸੀ ਦਿੱਤੇ ਜਾਣ ਤੋਂ ਪਹਿਲਾਂ ਵਰਿੰਦਰ ਚੌਹਾਨ ਦੇ ਪਰਿਵਾਰ ਨਾਲ ਸਮਝੌਤਾ ਕਰਨ ਲਈ ਸਮਾਂ ਦਿੱਤਾ ਸੀ। ਜ਼ਿਕਰਯੋਗ ਹੈ ਕਿ ਡਾ. ਓਬਰਾਏ ਵੱਲੋਂ ਹੁਣ ਤੱਕ ਬਲੱਡ ਮਨੀ ਦੇ ਪੈਸੇ ਦਾ ਭੁਗਤਾਨ ਕਰ ਕੇ 88 ਵਿਅਕਤੀਆਂ ਦੀ ਜਾਨ ਬਚਾਈ ਜਾ ਚੁੱਕੀ ਹੈ। ਇਨ੍ਹਾਂ ਵਿਚ 11 ਪਾਕਿਸਤਾਨੀ ਨਾਗਰਿਕ, 64 ਪੰਜਾਬੀ, ਬੰਗਲਾਦੇਸ਼ ਤੋਂ 5, ਹੈਦਰਾਬਾਦ ਤੋਂ 3, ਹਰਿਆਣਾ, ਗੁਜਰਾਤ, ਬਿਹਾਰ, ਮਹਾਰਾਸ਼ਟਰ ਅਤੇ ਫਿਲੀਪੀਨਜ਼ ਤੋਂ 1-1 ਸ਼ਾਮਲ ਹਨ।


Related News