ਲੁਧਿਆਣਾ ਗੈਂਗਰੇਪ ਮਾਮਲੇ ਦੇ ਮਾਸਟਰ ਮਾਈਂਡ ਸਣੇ 5 ਦੀ ਸ਼ਨਾਖਤ, 2 ਗ੍ਰਿਫਤਾਰ

Tuesday, Feb 12, 2019 - 09:51 PM (IST)

ਲੁਧਿਆਣਾ ਗੈਂਗਰੇਪ ਮਾਮਲੇ ਦੇ ਮਾਸਟਰ ਮਾਈਂਡ ਸਣੇ 5 ਦੀ ਸ਼ਨਾਖਤ, 2 ਗ੍ਰਿਫਤਾਰ

ਮੁੱਲਾਂਪੁਰ ਦਾਖਾ, (ਕਾਲੀਆ)- ਲੁਧਿਆਣਾ ਵਿਚ ਬੀਤੇ ਸ਼ਨੀਵਾਰ ਵਾਪਰੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੇ ਕਾਰੇ ਦਾ ਕੁਝ ਵੈਹਿਸ਼ੀ ਦਰਿੰਦਿਆਂ ਵਲੋਂ ਸੁਨਸਾਨ ਜਗਾ ’ਤੇ ਪ੍ਰੇਮੀ ਜੋੜੇ ਨੂੰ ਬੰਧਕ ਬਣਾਕੇ ਅੰਜਾਮ ਦਿੱਤਾ ਗਿਆ ਸੀ ਜਿਸ ਨੇ ਪੂਰੇ ਪੰਜਾਬ ਨੂੰ ਝਿੰਜੋੜ ਕੇ ਰੱਖ ਦਿੱਤਾ ਸੀ, ਦੇ ਦੋਸ਼ੀਆਂ ਵਿਚੋਂ 2 ਨੂੰ ਗ੍ਰਿਫਤਾਰ ਕਰਨ ਵਿਚ ਪੁਲਸ ਨੇ ਸਫਲਤਾ ਹਾਸਲ ਕੀਤੀ ਹੈ।

ਡੀ. ਆਈ. ਜੀ ਰਣਵੀਰ ਸਿੰਘ ਖੱਟਡ਼ਾ ਨੇ ਦੱਸਿਆ ਕਿ ਈਸੇਵਾਲ ਸਮੂਹਿਕ ਗੈਂਗ ਰੇਪ ਕਾਂਡ ਵਿਚ  ਦੋਸ਼ੀ ਦਸੇ ਜਾ ਰਹੇ ਸਾਦਿਕ ਅਲੀ ਵਾਸੀ ਬੰਗਾ ਨਵਾਂਸ਼ਹਿਰ ਹਾਲਵਾਸੀ ਹਕੀਮਪੁਰ ਤੇ ਜਗਰੂਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।  ਪੁਲਸ ਨੇ ਸਾਦਿਕ ਅਲੀ ਤੋਂ ਪੁੱਛਗਿੱਛ ਦੌਰਾਨ ਕਾਂਡ ਦੇ ਮੁੱਖ ਮਾਸਟਰ ਮਾਈਡ ਜਗਰੂਪ ਸਿੰਘ, ਜਸਪਾਲ ਬਾਂਗੜ, ਅਜੇ, ਸੋਨੂੰ, ਰਿੰਪਾ ਵਾਸੀ ਟਿੱਬਾ ਅਤੇ ਬ੍ਰਿਜਨੰਦਨ ਵਾਸੀ ਗੌਂਡਾ ਦੀ ਸ਼ਨਾਖਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਧਰ ਦਬੋਚਣ ਲਈ ਪੁਲਸ ਦੀਆਂ 6 ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜਿਨਾਂ ਵਿਚ ਜਗਰਾਉ, ਖੰਨਾ, ਨਵਾਂ ਸ਼ਹਿਰ, ਲੁਧਿਆਣਾ, ਸਪੈਸ਼ਲ ਟੀਮਾਂ ਸ਼ਾਮਿਲ ਹਨ।

ਪੁਲਸ ਵੱਲੋਂ 6 ਵਿਅਕਤੀਆਂ ਦੇ ਸਕੈਚ ਵੀ ਬਣਾਏ ਗਏ ਹਨ ਜਿਨਾਂ ਦੇ ਅਧਾਰ ’ਤੇ ਦੋਸ਼ੀਆਂ ਦੀ ਪਕੜ ਹੋਰ ਸੁਖਾਲੀ ਹੋ ਜਾਵੇਗੀ ਅਤੇ ਇਹ ਸਕੈਚ ਜਨਤਕ ਕੀਤੇ ਗਏ ਹਨ ਤਾਂ ਜੋ ਇਨਾਂ ਨਾਲ ਮੇਲ ਖਾਂਦੇ ਵਿਅਕਤੀਆਂ ਬਾਰੇ ਆਮ ਲੋਕ ਵੀ ਪੁਲਸ ਪ੍ਰਸ਼ਾਸ਼ਨ ਨੂੰ ਸੂਚਿਤ ਕਰ ਸਕਣ। ਉਨ੍ਹਾਂ ਕਿਹਾ ਕਿ ਸ਼ਨਾਖਤ ਕੀਤੇ ਗਏ ਵਿਅਕਤੀਆਂ ਦੇ ਘਰਾਂ ਵਿਚ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਖੱਟੜਾ ਨੇ ਦੱਸਿਆ ਕਿ ਦੋਸ਼ੀਆਂ ਦੀ ਧੌਣ ਨੂੰ ਹੱਥ ਪਾਉਣ ਲਈ ਫਿੰਗਰ ਪ੍ਰਿੰਟ, ਫੁੱਟ ਪ੍ਰਿੰਟ, ਮੋਬਾਇਲ ਲੋਕੇਸ਼ਨ ਆਦਿ ਟੈਕਨੀਕਲ ਪੁਆਇੰਟਾਂ ਨੂੰ ਲੈ ਕੇ ਪੁਲਸ ਕਈ ਥਿਊਰੀਆਂ ’ਤੇ ਕੰਮ ਕਰ ਰਹੀ ਹੈ। ਉਨਾਂ ਦਾਅਵਾ ਕਰਦਿਆਂ ਕਿਹਾ ਕਿ ਪੁਲਸ ਵੱਲੋਂ ਤਸੱਲੀਬਖਸ਼ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਇਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ ਦੀਆਂ ਸਲਾਖਾਂ ਪਿੱਛੇ ਸੁੱਟਾਂਗੇ ਤਾਂ ਜੋ ਕੋਈ ਵਿਅਕਤੀ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਇਹੋ ਜਿਹੀ ਘਿਨੋਣੀ ਵਾਰਦਾਤ ਨੂੰ ਅੰਜਾਮ ਨਾ ਦੇਵੇ।

ਉਨਾਂ ਦੱਸਿਆ ਕਿ ਜਨਪਥ ਕਲੋਨੀ ਦੇ ਕੈਮਰਿਆਂ ਤੋਂ ਲੜਕੇ-ਲੜਕੀ ਦੀ ਕਾਰ 9 ਫਰਵਰੀ ਨੂੰ ਰਾਤੀ 8 ਵਜ ਕੇ 26 ਮਿੰਟ ’ਤੇ ਲੰਘੀ ਸੀ ਅਤੇ ਉਸ ਪਿੱਛੇ ਜੋ ਮੋਟਰਸਾਈਕਲ ਸਵਾਰ ਜਾਂ ਹੋਰ ਰਾਹਗੀਰ ਨਿਕਲੇ ਹਨ ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਤੀ 8 ਵਜ ਕੇ 40 ਮਿੰਟ ’ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਕਤ ਪ੍ਰੇਮੀ ਜੋਡ਼ੇ ’ਤੇ ਆਪਣਾ ਤਸ਼ੱਦਦ ਆਰੰਭ ਕਰ ਦਿੱਤਾ ਸੀ, ਜੋ ਕਿ ਰਾਤ 11 ਵੱਜ ਕੇ 30 ਮਿੰਟ ਤੱਕ ਚੱਲਦਾ ਰਿਹਾ। ਉਨ੍ਹਾਂ ਕਿਹਾ ਕਿ ਪ੍ਰੇਮੀ ਜੋੜੇ ਕੋਲੋਂ ਹਿਰਾਸਤ ਵਿਚ ਲਏ ਗਏ ਵਿਅਕਤੀਆਂ ਦੀ ਪਹਿਚਾਣ ਵੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੋਰ ਵੀ ਕੈਮਰਿਆਂ ਦੀ ਫੁੱਟੇਜ ਲਈ ਜਾ ਰਹੀ ਹੈ ਜੋ ਨਹਿਰ ਤੋਂ ਲੈ ਕੇ ਲੁਧਿਆਣਾ ਸ਼ਹਿਰ ਤੱਕ ਲੱਗੇ ਹੋਏ ਹਨ।

ਪ੍ਰੈਸ ਕਾਨਫਰੰਸ ਦੌਰਾਨ ਡੀ. ਆਈ. ਜੀ. ਨਾਲ ਐੱਸ. ਐੱਸ. ਪੀ. ਵਰਿੰਦਰਜੀਤ ਸਿੰਘ ਬਰਾੜ, ਐੱਸ.ਪੀ (ਡੀ) ਤਰੁਣ ਰਤਨ, ਡੀ. ਐੱਸ. ਪੀ. (ਡੀ) ਅਮਨਦੀਪ ਸਿੰਘ ਬਰਾੜ, ਡੀ. ਐੱਸ. ਪੀ. ਦਾਖਾ ਹਰਕਮਲ ਕੌਰ ਬਰਾੜ ਇੰਸਪੈਕਟਰ ਨਵਦੀਪ ਸਿੰਘ ਆਦਿ ਹਾਜ਼ਰ ਸਨ।


author

DILSHER

Content Editor

Related News