ਹੈਰੋਇਨ ਸਮੇਤ ਫੜਿਆ SHO ਡਰਾਈਵਰ ਸਣੇ 5 ਦਿਨ ਦੇ ਪੁਲਸ ਰਿਮਾਂਡ ’ਤੇ

02/20/2020 11:37:45 PM

ਲੁਧਿਆਣਾ,(ਰਿਸ਼ੀ)- 85 ਹਜ਼ਾਰ ਰੁਪਏ ਰਿਸ਼ਵਤ ਲੈ ਕੇ ਛੱਡੇ ਗਏ 5 ਸਮੱਗਲਰਾਂ ਦੇ ਕੇਸ ’ਚ ਫਡ਼ੇ ਗਏ ਡਵੀਜ਼ਨ ਨੰ. 2 ਦੇ ਐੱਸ. ਐੱਚ. ਓ. ਐੱਸ. ਆਈ. ਅਮਨਦੀਪ ਸਿੰਘ, ਡਰਾਈਵਰ ਅਜੇ ਕੁਮਾਰ ਅਤੇ ਹੈੱਡ ਕਾਂਸਟੇਬਲ ਬਲਬੀਰ ਸਿੰਘ ਤੋਂ 5 ਦਿਨ ਦੇ ਰਿਮਾਂਡ ’ਤੇ ਏ. ਆਈ. ਜੀ. ਸਨੇਹਦੀਪ ਸ਼ਰਮਾ ਖੁਦ ਪੁੱਛਗਿੱਛ ਕਰ ਰਹੇ ਹਨ। ਵੀਰਵਾਰ ਨੂੰ ਐੱਸ. ਟੀ. ਐੱਫ. ਦੀ ਟੀਮ ਵੱਲੋਂ ਐੱਸ. ਆਈ. ਅਤੇ ਡਰਾਈਵਰ ਦਾ ਸਿਵਲ ਹਸਪਤਾਲ ’ਚ ਡੋਪ ਟੈਸਟ ਕਰਵਾਇਆ ਗਿਆ ਤਾਂ ਕਿ ਐੱਸ. ਆਈ. ਦੇ ਖੁਦ ਨਸ਼ਾ ਕਰਨ ਜਾਂ ਨਾ ਕਰਨ ਸਬੰਧੀ ਪਤਾ ਲਗ ਸਕੇ, ਜਿਸ ਦੀ ਰਿਪੋਰਟ ਡਾਕਟਰਾਂ ਵੱਲੋਂ ਅਜੇ ਨਹੀਂ ਦਿੱਤੀ ਗਈ। ਡਾਕਟਰਾਂ ਦੇ ਬੋਰਡ ਵੱਲੋਂ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਗੱਲ ਦਾ ਰਾਜ਼ ਖੁੱਲ੍ਹੇਗਾ। ਹਾਲ ਦੀ ਘਡ਼ੀ ਪੁਲਸ ਦੀ ਜਾਂਚ ਰਿਪੋਰਟ ’ਤੇ ਖਡ਼੍ਹੀ ਹੈ। ਸੂਤਰਾਂ ਮੁਤਾਬਕ ਡਾਕਟਰਾਂ ਅਤੇ ਅਧਿਕਾਰੀਆਂ ਵੱਲੋਂ ਰਿਪੋਰਟ ਬਾਰੇ ਕਿਸੇ ਨੂੰ ਵੀ ਅਤੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਐੱਸ. ਆਈ. ਅਮਨਦੀਪ ਚਿੱਟੇ ਦਾ ਨਸ਼ਾ ਕਰਨ ਦਾ ਆਦੀ ਹੈ, ਜਦੋਂਕਿ ਹੈੱਡ ਕਾਂਸਟੇਬਲ ਬਲਬੀਰ ਸਿੰਘ ਚਿੱਟਾ ਨਾ ਮਿਲਣ ’ਤੇ ਕਈ ਵਾਰ ਪੁਲਸ ਹਿਰਾਸਤ ’ਚ ਆਪਾ ਖੋ ਚੁੱਕਾ ਹੈ ਪਰ ਇਸ ਗੱਲ ਦੀ ਕਿਸੇ ਨੇ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਹੈ।

ਮੋਬਾਇਲ ਡਿਟੇਲ ਆਉਣ ’ਤੇ ਖੁੱਲ੍ਹਣਗੇ ਰਾਜ਼

ਐੱਸ. ਟੀ. ਐੱਫ. ਵੱਲੋਂ ਐੱਸ. ਆਈ. ਅਮਨਦੀਪ ਦੇ ਮੋਬਾਇਲ ਦੀ ਡਿਟੇਲ ਕਢਵਾਈ ਜਾ ਰਹੀ ਹੈ ਤਾਂ ਕਿ ਪਤਾ ਲਗ ਸਕੇ ਕਿ ਐੱਸ. ਐੱਚ. ਓ. ਦੇ Îਨਸ਼ਾ ਸਮੱਗਲਰਾਂ ਨਾਲ ਲਿੰਕ ਹਨ ਜਾਂ ਹੈੱਡ ਕਾਂਸਟੇਬਲ ਬਲਬੀਰ ਨਾਲ ਬਣਾਏ ਗੈਂਗ ਰਾਹੀਂ ਸਿਰਫ ਪੈਸੇ ਲੈ ਕੇ ਨਸ਼ਾ ਸਮੱਗਲਰਾਂ ਨੂੰ ਛੱਡਦਾ ਸੀ। ਪੁਲਸ ਨੂੰ ਉਮੀਦ ਹੈ ਕਿ ਇਸ ਕੇਸ ਵਿਚ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ। ਸੂਤਰਾਂ ਮੁਤਾਬਕ ਇਸ ਗੈਂਗ ਵਿਚ ਕਈ ਹੋਰ ਪੁਲਸ ਮੁਲਾਜ਼ਮਾਂ ਦੇ ਨਾਂ ਵੀ ਸਾਹਮਣੇ ਆ ਰਹੇ ਹਨ, ਜਿਨ੍ਹਾਂ ਸਬੰਧੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਨਾਲ ਹੀ ਥਾਣੇ ਅਤੇ ਘਰ ’ਤੇ ਵੀ ਐੱਸ. ਆਈ. ਦੇ ਐੱਸ. ਟੀ. ਐੱਫ. ਵੱਲੋਂ ਟੀਮ ਭੇਜ ਕੇ ਚੈਕਿੰਗ ਕੀਤੀ ਗਈ ਹੈ।

ਸੋਸ਼ਲ ਮੀਡੀਆ ’ਤੇ ਉੱਡ ਰਿਹਾ ਖਾਕੀ ਦਾ ਮਜ਼ਾਕ

ਲੁਧਿਆਣਾ ਦੇ ਐੱਸ. ਐੱਚ. ਓ. ਦਾ ਐੱਨ. ਡੀ. ਪੀ. ਐੱਸ. ਐਕਟ ਦੇ ਕੇਸ ’ਚ ਫਡ਼ੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਖਾਕੀ ਦੇ ਮਜ਼ਾਕ ਉਡਾਏ ਜਾਣ ਦੇ ਕਈ ਮੈਸੇਜ ਚੱਲ ਰਹੇ ਹਨ, ਜਿਸ ਨਾਲ ਖਾਕੀ ਦਾਗਦਾਰ ਹੋ ਰਹੀ ਹੈ ਅਤੇ ਕਮਿਸ਼ਨਰੇਟ ਪੁਲਸ ਦਾ ਸਿਰ ਵੀ ਸ਼ਰਮ ਨਾਲ ਝੁਕ ਰਿਹਾ ਹੈ।

ਸਡ਼ਕ ਦੁਰਘਟਨਾ ਵਿਚ ਹੋਈ ਐੱਸ. ਆਈ. ਦੇ ਪਿਤਾ ਦੀ ਮੌਤ

ਐੱਸ. ਆਈ. ਅਮਨਦੀਪ ਨੂੰ ਆਪਣੇ ਪਿਤਾ ਦੀ ਨੌਕਰੀ ਮਿਲੀ ਸੀ, ਜੋ ਸਾਹਨੇਵਾਲ ਇਲਾਕੇ ਵਿਚ ਇਕ ਅਫਸਰ ਦੇ ਰੀਡਰ ਸਨ। ਸਾਲ 2006 ਵਿਚ ਹੋਈ ਸਡ਼ਕ ਦੁਰਘਟਨਾ ਵਿਚ ਉਸ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਬੇਟੇ ਨੂੰ ਪੁਲਸ ਵਿਭਾਗ ਵੱਲੋਂ ਨੌਕਰੀ ਦਿੱਤੀ ਗਈ ਸੀ।

ਡਿਸਮਿਸ ਬਲਬੀਰ ਨੂੰ ਚਿੱਟੇ ਨੇ ਬਣਾਇਆ ਮੁਲਾਜ਼ਮ ਤੋਂ ਮੁਲਜ਼ਮ

ਪੁਲਸ ਕਮਿਸ਼ਨਰ ਵੱਲੋਂ ਡਿਸਮਿਸ ਕੀਤੇ ਗਏ ਹੈੱਡ ਕਾਂਸਟੇਬਲ ਬਲਬੀਰ ਸਿੰਘ ਦਾ ਨੈੱਟਵਰਕ ਕਾਫੀ ਵੱਡਾ ਹੈ ਅਤੇ ਉਸ ਦਾ ਇਤਿਹਾਸ ਕਿਸੇ ਅਪਰਾਧੀ ਤੋਂ ਘੱਟ ਨਹੀਂ ਹੈ। ਅਜਿਹਾ ਨਹੀਂ ਕਿ ਉਹ ਪਹਿਲੀ ਵਾਰ ਫਡ਼ਿਆ ਗਿਆ ਹੈ, ਉਹ ਉਦੋਂ ਤੋਂ ਖਾਕੀ ਨੂੰ ਦਾਗਦਾਰ ਕਰ ਰਿਹਾ ਹੈ ਜਦੋਂ ਤੋਂ ਸਿਵਲ ਹਸਪਤਾਲ ਵਿਚ ਜੇਲ ਤੋਂ ਆਉਣ ਵਾਲੇ ਕੈਦੀਆਂ ਲਈ ਗਾਰਦ ਰੂਮ ਵਿਚ ਉਸ ਦੀ ਡਿਊਟੀ ਲੱਗੀ ਸੀ। ਉਸ ਸਮੇਂ ਤੋਂ ਕੈਦੀਆਂ ਅਤੇ ਹਵਾਲਾਤੀਆਂ ਤੋਂ ਮੋਟੇ ਪੈਸੇ ਲੈ ਕੇ ਵੀ. ਵੀ. ਆਈ. ਪੀ. ਸਹੂਲਤਾਂ ਦਿੰਦਾ ਸੀ। ਉਸ ਸਮੇਂ ਆਈ. ਪੀ. ਐੱਸ. ਅਧਿਕਾਰੀ ਨਿਲੰਬਰੀ ਵਿਜੇ ਜਗਦਲੇ ਵੱਲੋਂ ਪਤਾ ਲੱਗਣ ’ਤੇ ਤੁਰੰਤ ਸਸਪੈਂਡ ਕੀਤਾ ਗਿਆ ਸੀ, ਫਿਰ ਪੈਸੇ ਕਮਾਉਣ ਲਈ ਉਸ ਨੇ ਸੀ. ਆਈ. ਏ. ਅਤੇ ਐਂਟੀ ਨਾਰਕੋਟਿਕ ਸੈੱਲ ਦਾ ਰਸਤਾ ਚੁਣਿਆ, ਜਿੱਥੇ ਕਾਫੀ ਸਮੇਂ ਤੱਕ ਲੋਕਾਂ ਨੂੰ ਪੁਲਸ ਦੇ ਨਾਂ ’ਤੇ ਲੁੱਟਿਆ। ਕਈ ਸ਼ਿਕਾਇਤਾਂ ਅਤੇ ਪਰਚੇ ਦਰਜ ਹੋਏ ਪਰ ਸੁਧਰਨ ਦਾ ਨਾਂ ਨਹੀਂ ਲਿਆ। ਸਰਾਭਾ ਨਗਰ ਪੁਲਸ ਨੇ ਵੀ ਫਿਰੌਤੀ ਦਾ ਕੇਸ ਦਰਜ ਕਰ ਕੇ ਉਸ ਨੂੰ ਦਬੋਚਿਆ ਪਰ ਜ਼ਮਾਨਤ ’ਤੇ ਆਉਣ ਤੋਂ ਬਾਅਦ ਫਿਰ ਬੇਖੌਫ ਹੋ ਕੇ ਨਾਜਾਇਜ਼ ਕੰਮ ਕਰਨ ਲਗ ਪਿਆ। ਅਸਲ ਵਿਚ ਚਿੱਟੇ ਦੇ ਨਸ਼ੇ ਨੇ ਉਸ ਨੂੰ ਮੁਲਾਜ਼ਮ ਤੋਂ ਮੁਲਜ਼ਮ ਬਣਾ ਦਿੱਤਾ।


Bharat Thapa

Content Editor

Related News