5 ਕਰੋੜ ਦੀ ਹੈਰੋਇਨ ਸਣੇ ਚੜ੍ਹਿਆ ਪੁਲਸ ਦੇ ਹੱਥੇ, ਕਾਰ ’ਤੇ ਨੀਲੀ ਬੱਤੀ ਲਾ ਕੇ ਕਰ ਰਿਹਾ ਸੀ ਸਪਲਾਈ

12/29/2021 1:21:59 PM

ਲੁਧਿਆਣਾ (ਅਨਿਲ) : ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਟੀਮ ਨੇ ਨਸ਼ਾ ਸਮੱਗਲਰਾਂ ਖ਼ਿਲਾਫ਼ ਚਲਾਈ ਛੇੜੀ ਮੁਹਿੰਮ ਅਧੀਨ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਇਕ ਟੈਕਸੀ ਚਾਲਕ ਨੂੰ ਨੀਲੀ ਬੱਤੀ ਵਾਲੀ ਕਾਰ ਦੇ ਨਾਲ 5 ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮੁਖ਼ਬਰ ਖਾਸ ਨੇ ਸੂਚਨਾ ਦਿੱਤੀ ਸੀ ਕਿ ਸ਼ਿਵਪੁਰੀ ਇਲਾਕੇ ਵਿਚ ਇਕ ਨਸ਼ਾ ਸਮੱਗਲਰ ਕਾਰ ’ਤੇ ਨੀਲੀ ਬੱਤੀ ਲਗਾ ਕੇ ਹੈਰੋਇਨ ਦੀ ਸਪਲਾਈ ਲੈ ਕੇ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਜਾ ਰਿਹਾ ਹੈ, ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਐੱਸ. ਟੀ. ਐੱਫ. ਦੀ ਟੀਮ ਨੇ ਸੇਖੇਵਾਲ ਰੋਡ ਸ਼ਿਵਪੁਰੀ ਵਿਚ ਇਕ ਡਿਜ਼ਾਇਰ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਜਦੋਂ ਪੁਲਸ ਟੀਮ ਨੇ ਉਕਤ ਕਾਰ ਦੀ ਤਲਾਸ਼ੀ ਲਈ ਤਾਂ ਉਸ ’ਚੋਂ 985 ਗ੍ਰਾਮ ਹੈਰੋਇਨ, ਇਕ ਇਲੈਕਟ੍ਰੋਨਿਕ ਕੰਡਾ ਅਤੇ ਖਾਲੀ ਲਿਫਾਫੇ ਬਰਾਮਦ ਕੀਤੇ। ਪੁਲਸ ਨੇ ਉਕਤ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਕੇ ਉਸ ਦੀ ਪਛਾਣ ਰਾਜ ਕੁਮਾਰ ਰਾਜੂ (35) ਪੁੱਤਰ ਸਤਪਾਲ ਸਿੰਘ ਵਾਸੀ ਮੁਹੱਲਾ ਪ੍ਰੀਤ ਨਗਰ ਸ਼ਿਵਪੁਰੀ ਥਾਣਾ ਦਰੇਸੀ ਦੇ ਰੂਪ ਵਿਚ ਕੀਤੀ ਗਈ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਮੋਹਾਲੀ ਐੱਸ. ਟੀ. ਐੱਫ. ਪੁਲਸ ਸਟੇਸ਼ਨ ਵਿਚ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਨਸ਼ੇ ਦੀ ਕਮਾਈ ਨਾਲ ਕਈ ਈ-ਰਿਕਸ਼ਾ ਖਰੀਦ ਕੇ ਕਿਰਾਏ ’ਤੇ ਦਿੱਤੇ
ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਰਾਜਕੁਮਾਰ ਹੈਰੋਇਨ ਦੀ ਖੇਪ ਥੋਕ ਦੇ ਭਾਅ ਬਰੇਲੀ ਤੋਂ ਖਰੀਦ ਕੇ ਲਿਆਇਆ ਸੀ। ਉਸ ਨੇ ਨਸ਼ੇ ਦੇ ਕਾਰੋਬਾਰ ਤੋਂ ਬਹੁਤ ਕਮਾਈ ਕਰ ਕੇ ਕਈ ਈ-ਰਿਕਸ਼ਾ ਖਰੀਦ ਰੱਖੇ ਹਨ, ਜੋ ਉਹ ਕਈ ਲੋਕਾਂ ਨੂੰ ਕਿਰਾਏ ’ਤੇ ਦੇ ਕੇ ਉਨ੍ਹਾਂ ਤੋਂ ਕਿਰਾਇਆ ਵਸੂਲ ਰਿਹਾ ਸੀ। ਮੁਲਜ਼ਮ ਨੇ ਕਾਫੀ ਮਕਾਨ ਵੀ ਖਰੀਦੇ ਹੋਏ ਹਨ, ਜਿਸ ਤੋਂ ਉਸ ਨੂੰ ਹਰ ਮਹੀਨੇ ਮੋਟੀ ਕਮਾਈ ਹੁੰਦੀ ਸੀ। ਅੱਜ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਰਿਮਾਂਡ ਦੌਰਾਨ ਮੁਲਜ਼ਮ ਤੋਂ ਬਾਰੀਕੀ ਨਲ ਪੁੱਛਗਿੱਛ ਕਰ ਕੇ ਉਸ ਦੀ ਚੱਲ-ਅਚੱਲ ਜਾਇਦਾਦ ਸਬੰਧੀ ਅਤੇ ਉਸ ਦੇ ਗਾਹਕਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ।


Anuradha

Content Editor

Related News