ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ 5 ਵੱਡੀਆਂ ਖ਼ਬਰਾਂ
Friday, Jan 28, 2022 - 10:22 PM (IST)
ਜਲੰਧਰ : ਜਿਉਂ-ਜਿਉਂ ਚੋਣਾਂ ਦੀ ਤਾਰੀਖ ਨੇੜੇ ਆ ਰਹੀ ਹੈ, ਸਿਆਸੀ ਮਾਹੌਲ ਵੀ ਭਖਦਾ ਜਾ ਰਿਹਾ ਹੈ। ਸਾਰੀਆਂ ਸਿਆਸੀ ਪਾਰਟੀਆਂ ਨੇ ਵੱਡੇ ਪੱਧਰ 'ਤੇ ਚੋਣ ਪ੍ਰਚਾਰ ਆਰੰਭ ਦਿੱਤਾ ਹੈ, ਜਿਥੇ 'ਆਪ' ਤੇ ਅਕਾਲੀ-ਬਸਪਾ ਗਠਜੋੜ ਨੇ ਆਪਣੇ ਸਾਰੇ ਉਮੀਦਵਾਰ ਐਲਾਨ ਦਿੱਤੇ ਹਨ, ਉਥੇ ਕਾਂਗਰਸ ਨੇ ਵੀ ਕੁਝ ਸੀਟਾਂ ਨੂੰ ਛੱਡ ਕੇ ਤਕਰੀਬਨ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ, ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਗਠਜੋੜ ਵੱਲੋਂ ਵੀ ਆਪਣੇ ਕਈ ਉਮੀਦਵਾਰ ਚੋਣ ਅਖਾੜੇ 'ਚ ਉਤਾਰ ਦਿੱਤੇ ਗਏ ਹਨ। ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ 5 ਪ੍ਰਮੁੱਖ ਖ਼ਬਰਾਂ-
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਵਿਵਾਦ ’ਚ ਘਿਰੇ ਨਵਜੋਤ ਸਿੱਧੂ, ਅਮਰੀਕਾ ਤੋਂ ਆਈ ਭੈਣ ਨੇ ਲਗਾਏ ਵੱਡੇ ਦੋਸ਼
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਚੋਣਾਂ ਤੋਂ ਪਹਿਲਾਂ ਪਰਿਵਾਰਕ ਵਿਵਾਦ ਵਿਚ ਘਿਰ ਗਏ ਹਨ। ਅਮਰੀਕਾ ਤੋਂ ਆਈ ਸਿੱਧੂ ਦੀ ਭੈਣ ਸੁਮਨ ਤੂਰ ਨੇ ਵੱਡੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਿਤਾ ਭਗਵੰਤ ਸਿੰਘ ਸਿੱਧੂ ਦੀ ਮੌਤ ਤੋਂ ਬਾਅਦ ਮਾਂ ਨਿਰਮਲ ਭਗਵੰਤ ਅਤੇ ਵੱਡੀ ਭੈਣ ਨੂੰ ਘਰੋਂ ਕੱਢ ਦਿੱਤਾ ਸੀ। ਇਥੇ ਹੀ ਬਸ ਨਹੀਂ ਸ਼ੈਰੀ (ਨਵਜੋਤ ਸਿੱਧੂ) ਨੇ ਮੀਡੀਆ ਵਿਚ ਬਿਆਨ ਦੇ ਕੇ ਝੂਠ ਬੋਲਿਆ ਕਿ ਮੇਰੇ ਮਾਤਾ-ਪਿਤਾ ਨਿਆਇਕ ਤੌਰ ’ਤੇ ਵੱਖ ਹੋਏ ਹਨ। ਸਿੱਧੂ ਉਸ ਸਮੇਂ ਆਪਣੀ ਉਮਰ 2 ਸਾਲ ਦੱਸ ਰਹੇ ਹਨ ਪਰ ਇਹ ਸਭ ਝੂਠ ਹੈ।
ਨਵਜੋਤ ਸਿੱਧੂ ਦੇ ਵਿਵਾਦ ’ਚ ਬਿਕਰਮ ਮਜੀਠੀਆ ਦੀ ਐਂਟਰੀ, ਕਿਹਾ ਜਨਤਕ ਤੌਰ ’ਤੇ ਮੰਗਣ ਮੁਆਫ਼ੀ
ਨਵਜੋਤ ਸਿੱਧੂ ਖ਼ਿਲਾਫ਼ ਅੰਮ੍ਰਿਤਸਰ ਈਸਟ ਹਲਕੇ ਤੋਂ ਮੈਦਾਨ ਵਿਚ ਉੱਤਰੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤਾ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਜੀਠੀਆ ਨੇ ਕਿਹਾ ਕਿ ਲੋਕਾਂ ਦੀ ਮੰਗ ਅਤੇ ਪਾਰਟੀ ਦੇ ਹੁਕਮ ਅਨੁਸਾਰ ਹੀ ਉਨ੍ਹਾਂ ਨਵਜੋਤ ਸਿੱਧੂ ਖ਼ਿਲਾਫ਼ ਕਾਗਜ਼ ਭਰੇ ਹਨ। ਉਨ੍ਹਾਂ ਕਿਹਾ ਕਿ ਇਹ ਮੇਰਾ ਨਿੱਜੀ ਫ਼ੈਸਲਾ ਨਹੀਂ ਹੈ, ਕਾਗਜ਼ ਭਰਨ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਪਹੁੰਚ ਕੇ ਉਨ੍ਹਾਂ ਦੇ ਹੱਕ ਵਿਚ ਫਤਵਾ ਦਿੱਤਾ ਹੈ।
ਜੇਲ੍ਹ 'ਚੋਂ ਬਾਹਰ ਆਉਂਦਿਆਂ ਹੀ ਸੁਖਪਾਲ ਖਹਿਰਾ ਨੇ ਦਿੱਤਾ ਵੱਡਾ ਬਿਆਨ
ਪਟਿਆਲਾ ਜੇਲ੍ਹ 'ਚੋਂ ਬਾਹਰ ਆਉਂਦਿਆਂ ਹੀ ਸੁਖਪਾਲ ਖਹਿਰਾ ਨੇ ਵੱਡਾ ਬਿਆਨ ਦਿੱਤਾ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਬੀਜੇਪੀ, ਕਾਂਗਰਸ ਦੇ ਕੁਝ ਦਾਗ਼ੀ ਬੰਦਿਆਂ ਅਤੇ 'ਆਪ' ਦੀ ਤਿੱਕੜੀ ਨੇ ਮੇਰੇ ਖ਼ਿਲਾਫ਼ ਛੜਯੰਤਰ ਰਚਿਆ ਸੀ ਜਿਸ ਦਾ ਮੈਂ ਤੱਥਾਂ ਸਮੇਤ ਖ਼ੁਲਾਸਾ ਕਰਾਂਗਾ।ਖਹਿਰਾ ਨੇ ਕਿਹਾ ਕਿ ਭਾਜਪਾ ਨੇ ਮੈਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਸਾਜ਼ਿਸ਼ ਰਚੀ ਜਿਸ ਵਿੱਚ ਸਾਡੀ ਪਾਰਟੀ ਕਾਂਗਰਸ ਦੇ ਕੁਝ ਦਾਗ਼ੀ ਬੰਦੇ ਵੀ ਸ਼ਾਮਲ ਹਨ। ਉਨ੍ਹਾਂ ਆਮ ਆਦਮੀ ਪਾਰਟੀ 'ਤੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ 'ਆਪ' ਦੇ ਸਕੱਤਰ ਪੰਕਜ ਗੁਪਤਾ ਨੇ ਮੇਰੇ ਖ਼ਿਲਾਫ਼ ਵਿਦੇਸ਼ੀ ਫੰਡਿੰਗ ਨੂੰ ਲੈ ਕੇ ਝੂਠਾ ਬਿਆਨ ਦਿੱਤਾ ਜਿਸ ਦਾ ਮੈਂ ਪਰਦਾਫ਼ਾਸ਼ ਕਰਾਂਗਾ।ਸੁਖਪਾਲ ਖਹਿਰਾ ਨੇ ਦਾਅਵਾ ਕੀਤਾ ਕਿ 2016 ਵਿੱਚ ਮੈਨੂੰ ਵਿਦੇਸ਼ ਭੇਜ ਕੇ ਆਮ ਆਦਮੀ ਪਾਰਟੀ ਨੇ ਡੇਢ ਤੋਂ ਦੋ ਕਰੋੜ ਰੁਪਏ ਇਕੱਠੇ ਕੀਤੇ ਸਨ ਜੋ ਬਾਅਦ ਵਿੱਚ ਕੇਜਰੀਵਾਲ ਦੇ ਖਾਤੇ ਵਿੱਚ ਗਏ।
ਅਰਵਿੰਦ ਕੇਜਰੀਵਾਲ ਦੇ ਵਿਰੋਧੀਆਂ ’ਤੇ ਰਗੜੇ, ਕਿਹਾ-ਪੰਜਾਬ ਨੂੰ ਇਕ ਕੱਟੜ ਤੇ ਇਮਾਨਦਾਰ CM ਚਾਹੀਦੈ
ਫਿਲੌਰ ਹਲਕੇ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਰਵਾਲ ਵੱਲੋਂ ਉਮੀਦਵਾਰ ਪ੍ਰਿੰਸੀਪਲ ਪ੍ਰੇਮ ਕੁਮਾਰ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਆਪਣੇ ਸੰਬੋਧਨ ’ਚ ਜਿੱਥੇ ਅਰਵਿੰਦ ਕੇਜਰੀਵਾਲ ਨੇ ਵਿਰੋਧੀਆਂ ’ਤੇ ਤਿੱਖੇ ਨਿਸ਼ਾਨੇ ਸਾਧੇ, ਉਥੇ ਹੀ ਉਨ੍ਹਾਂ ਨੇ ਭਗਵੰਤ ਮਾਨ ਦੀਆਂ ਤਾਰੀਫ਼ਾਂ ਵੀ ਕੀਤੀਆਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅੱਜ ਇਕ ਕੱਟੜ ਅਤੇ ਇਮਾਨਦਾਰ ਮੁੱਖ ਮੰਤਰੀ ਦੀ ਲੋੜ ਹੈ। ਪੰਜਾਬ ਨੂੰ ਇਕ ਇਮਾਨਦਾਰ ਸਰਕਾਰ ਚਾਹੀਦੀ ਹੈ। ਉਨ੍ਹਾਂ ਚੰਨੀ ਸਰਕਾਰ ’ਤੇ ਵੱਡਾ ਹਮਲਾ ਬੋਲਦੇ ਹੋਏ ਕਿਹਾ ਕਿ ਮੁੱਖ ਮੰਤਰੀ ਚੰਨੀ ’ਤੇ ਦੋਸ਼ ਲੱਗ ਰਹੇ ਹਨ ਕਿ ਚੰਨੀ ਸਾਬ੍ਹ ਰੇਤਾ ਚੋਰੀ ਕਰਦੇ ਹਨ।
ਵਿਧਾਇਕ ਕੁਲਬੀਰ ਜ਼ੀਰਾ ਨੇ ਬਿਕਰਮ ਮਜੀਠੀਆ ’ਤੇ ਕੀਤਾ ਵੱਡਾ ਹਮਲਾ (ਵੀਡੀਓ)
ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਦੀ ਤਾਰੀਖ਼ ਨੇੜੇ ਆ ਰਹੀ ਹੈ, ਤਿਉਂ-ਤਿਉਂ ਚੋਣ ਮਾਹੌਲ ਵੀ ਪੂਰੀ ਤਰ੍ਹਾ ਗਰਮਾ ਰਿਹਾ ਹੈ। ਸਿਆਸੀ ਆਗੂਆਂ ਨੇ ਇਕ-ਦੂਜੇ ’ਤੇ ਸ਼ਬਦੀ ਹਮਲੇ ਕਰ ਕੇ ਸਿਆਸੀ ਮੈਦਾਨ ਪੂਰੀ ਤਰ੍ਹਾਂ ਭਖਾਇਆ ਹੋਇਆ ਹੈ। ਇਸੇ ਦਰਮਿਆਨ ਵਿਧਾਨ ਸਭਾ ਹਲਕਾ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ’ਤੇ ਵੱਡਾ ਸ਼ਬਦੀ ਹਮਲਾ ਕੀਤਾ। ਵਿਧਾਇਕ ਜ਼ੀਰਾ ਨੇ ਕਿਹਾ ਕਿ ਭਾਵੇਂ ਮੈਂ ਦੋ ਫੁੱਟ ਦਾ ਹਾਂ ਪਰ ਸਾਢੇ ਛੇ ਫੁੱਟ ਵਾਲੇ ਮਜੀਠੀਆ ਨੂੰ ਰਾਤ ਨੂੰ ਸੌਣ ਨਹੀਂ ਦਿੰਦਾ।