ਹਥਿਆਰ ਤੇ ਲੁੱਟ ਦੇ ਸਾਮਾਨ ਸਣੇ 5 ਗ੍ਰਿਫਤਾਰ
Tuesday, Aug 15, 2017 - 07:41 AM (IST)

ਜਲੰਧਰ, (ਪ੍ਰੀਤ)— ਮਾਰਕੁੱਟ, ਲੁੱਟ-ਖੋਹ, ਸਨੈਚਿੰਗ ਅਤੇ ਦੁਕਾਨਾਂ 'ਚ ਸੰਨ੍ਹ ਲਾ ਕੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ 5 ਮੈਂਬਰੀ ਗਿਰੋਹ ਦਾ ਜਲੰਧਰ ਦਿਹਾਤ ਦੇ ਐਂਟੀ ਨਾਰਕੋਟਿਕਸ ਸੈੱਲ ਦੀ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਦੋਸ਼ੀਆਂ ਤੋਂ ਚੋਰੀ ਦੇ ਵਾਹਨ, ਹਥਿਆਰ ਅਤੇ ਲੁੱਟ ਦਾ ਸਾਮਾਨ ਬਰਾਮਦ ਕੀਤਾ ਗਿਆ ਹੈ। ਜਲੰਧਰ ਦਿਹਾਤ ਦੇ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਸੈੱਲ ਦੇ ਇੰਚਾਰਜ ਇੰਸ. ਮਹਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਮਹਿਤਪੁਰ ਦੇ ਪਿੰਡ ਪਛਾੜੀਆ ਖੇਤਰ ਵਿਚ ਕੁਝ ਅਪਰਾਧੀ ਵਾਰਦਾਤ ਕਰਨ ਲਈ ਇਕੱਠੇ ਹੋ ਰਹੇ ਹਨ।
ਸੂਚਨਾ ਮਿਲਦੇ ਹੀ ਐੱਸ. ਪੀ. ਇਨਵੈਸਟੀਗੇਸ਼ਨ ਬਲਕਾਰ ਸਿੰਘ, ਡੀ. ਐੱਸ. ਪੀ. ਇਨਵੈਸਟੀਗੇਸ਼ਨ ਸੁਰਿੰਦਰ ਮੋਹਨ ਦੀ ਅਗਵਾਈ ਵਿਚ ਯੋਜਨਾਬੱਧ ਢੰਗ ਨਾਲ ਕਾਰਵਾਈ ਕਰਦੇ ਹੋਏ ਪੁਲਸ ਟੀਮ ਨੇ ਰੇਡ ਕੀਤੀ ਤੇ 5 ਦੋਸ਼ੀ ਜਿਨ੍ਹਾਂ ਵਿਚ ਰਾਕੇਸ਼ ਕੁਮਾਰ ਪੁੱਤਰ ਹਰਦਿਆਲ ਸਿੰਘ ਵਾਸੀ ਉਦੋਵਾਲ, ਮਹਿਤਪੁਰ, ਲਵਪ੍ਰੀਤ ਸਿੰਘ ਉਰਫ ਬਾਬਾ ਪੁੱਤਰ ਗੁਰਨਾਮ ਸਿੰਘ ਵਾਸੀ ਉਦੋਵਾਲ, ਮਹਿਤਪੁਰ, ਦਵਿੰਦਰ ਸਿੰਘ ਉਰਫ ਨਿੱਕਾ ਪੁੱਤਰ ਜੱਗਾ ਸਿੰਘ ਵਾਸੀ ਕੰਨੀਆ ਖੁਰਦ, ਸ਼ਾਹਕੋਟ, ਗੁਰਜਿੰਦਰ ਸਿੰਘ ਉਰਫ ਗੋਲੂ ਪੁੱਤਰ ਜੱਗਾ ਪੁੱਤਰ ਕੰਨੀਆ ਖੁਰਦ, ਸ਼ਾਹਕੋਟ ਅਤੇ ਜਤਿੰਦਰ ਸਿੰਘ ਉਰਫ ਕਾਕਾ ਪੁੱਤਰ ਬਲਦੇਵ ਸਿੰਘ ਵਾਸੀ ਢਲਾਈ ਕਾਲੋਨੀ, ਸ਼ਾਹਕੋਟ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਦੋਸ਼ੀਆਂ ਤੋਂ ਮੌਕੇ 'ਤੇ 2 ਮੋਟਰਸਾਈਕਲ, ਇਕ ਐੈੱਲ. ਸੀ. ਡੀ., 2 ਗੈਸ ਸਿਲੰਡਰ, ਤੇਜ਼ਧਾਰ ਹਥਿਆਰ ਅਤੇ 215 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਗੈਂਗ ਦਾ ਸਰਗਣਾ ਰਾਕੇਸ਼ ਕੁਮਾਰ ਤਿੰਨ ਕੇਸਾਂ ਵਿਚ ਪੁਲਸ ਨੂੰ ਲੋੜੀਂਦਾ ਹੈ। ਦੋਸ਼ੀ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਪਿਛਲੇ ਕਰੀਬ 3-4 ਸਾਲਾਂ ਤੋਂ ਵਾਰਦਾਤਾਂ ਕਰ ਰਹੇ ਸਨ।