ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਗਿਰੋਹ ਦੇ 5 ਮੈਂਬਰ ਕਾਬੂ

07/24/2017 7:40:11 AM

ਮੋਗਾ  (ਆਜ਼ਾਦ) - ਸਥਾਨਕ ਪੁਲਸ ਵੱਲੋਂ ਲੁੱਟ-ਖੋਹ ਕਰਨ ਵਾਲਿਆਂ ਤੋਂ ਇਲਾਵਾ ਗਲਤ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਸੀ. ਆਈ. ਏ. ਸਟਾਫ ਮੋਗਾ ਨੇ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਗਿਰੋਹ ਦੇ 5 ਮੈਂਬਰਾਂ ਨੂੰ ਪਿਸਤੌਲਾਂ, ਜ਼ਿੰਦਾ ਕਾਰਤੂਸਾਂ ਅਤੇ ਤੇਜ਼ਧਾਰ ਹਥਿਆਰਾਂ ਸਣੇ ਜਾ ਦਬੋਚਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਹੋਈ ਪੁਲਸ ਕਾਰਵਾਈ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਦੋਸ਼ੀਆਂ ਖਿਲਾਫ ਥਾਣਾ ਅਜੀਤਵਾਲ 'ਚ ਡਕੈਤੀ ਦੀ ਯੋਜਨਾ ਬਣਾਉਣ ਦੇ ਦੋਸ਼ਾਂ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਸਾਰਿਆਂ ਨੂੰ ਜੁਡੀਸ਼ੀਅਲ ਹਿਰਾਸਤ 'ਚ ਭੇਜਣ ਦਾ ਹੁਕਮ ਦਿੱਤਾ ਹੈ।
ਕਿਸ ਤਰ੍ਹਾਂ ਆਏ ਕਾਬੂ
ਇਸ ਸਬੰਧੀ ਅੱਜ ਮਿੰਨੀ ਸਕੱਤਰੇਤ 'ਚ ਗੱਲਬਾਤ ਕਰਦਿਆਂ ਐੱਸ. ਪੀ. (ਆਈ.) ਵਜ਼ੀਰ ਸਿੰਘ ਅਤੇ ਡੀ. ਐੱਸ. ਪੀ. (ਆਈ.) ਸਰਬਜੀਤ ਸਿੰਘ ਬਾਹੀਆਂ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਮੋਗਾ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਜਦੋਂ ਪੁਲਸ ਪਾਰਟੀ ਨਾਲ ਇਲਾਕੇ 'ਚ ਗਸ਼ਤ ਕਰਦੇ ਹੋਏ ਅਜੀਤਵਾਲ ਦੇ ਕੋਲ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਗੁਪਤਾ ਸੂਚਨਾ ਮਿਲੀ ਕਿ ਸੁੰਨਸਾਨ ਜਗ੍ਹਾ 'ਤੇ ਕੁਝ ਹÎਥਿਆਰਬੰਦ ਵਿਅਕਤੀ, ਜਿਨ੍ਹਾਂ ਕੋਲ ਅਸਲਾ ਵੀ ਹੈ, ਬੈਠ ਕੇ ਕਿਸੇ ਵੱਡੀ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਹਨ, ਜਿਸ 'ਤੇ ਉਨ੍ਹਾਂ ਤੁਰੰਤ ਦੱਸੀ ਗਈ ਜਗ੍ਹਾ 'ਤੇ ਛਾਪਾਮਾਰੀ ਕਰ ਕੇ ਰੇਸ਼ਮ ਸਿੰਘ ਉਰਫ ਬੋਸ, ਇੰਦਰਜੀਤ ਸਿੰਘ ਉਰਫ ਕਾਕਾ ਨਿਵਾਸੀ ਰੰਧਾਵਾ ਅਗਵਾੜ ਮੋਗਾ, ਦੇਵੀ ਪਰਸਨ ਉਰਫ ਟਿੰਕੂ ਨਿਵਾਸੀ ਜੈਨ ਗਲੀ ਸਾਹਮਣੇ ਹਸਪਤਾਲ ਮੋਗਾ, ਗੁਰਪ੍ਰੀਤ ਸਿੰਘ ਉਰਫ ਗੱਬਰ ਅਤੇ ਮਨਪ੍ਰੀਤ ਸਿੰਘ ਉਰਫ ਡਬਰੂ ਦੋਵੇਂ ਨਿਵਾਸੀ ਪਿੰਡ ਮਾਣੂੰਕੇ ਨੂੰ ਜਾ ਦਬੋਚਿਆ। ਇਸ ਦੌਰਾਨ ਉਨ੍ਹਾਂ ਦੀ ਤਲਾਸ਼ੀ ਲੈਣ 'ਤੇ ਰੇਸ਼ਮ ਸਿੰਘ ਕੋਲੋਂ ਇਕ 32 ਬੋਰ ਦੇਸੀ ਪਿਸਤੌਲ, ਇੰਦਰਜੀਤ ਸਿੰਘ ਕਾਕਾ ਤੋਂ ਇਕ 315 ਬੋਰ ਦੇਸੀ ਪਿਸਤੌਲ ਤੇ 1 ਜ਼ਿੰਦਾ ਕਾਰਤੂਸ, ਦੇਵੀ ਪਰਸਨ ਉਰਫ ਟਿੰਕੂ ਤੋਂ ਇਕ 315 ਬੋਰ ਦੇਸੀ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਤੋਂ ਇਲਾਵਾ ਦੋ ਦੋਸ਼ੀਆਂ ਕੋਲੋਂ ਕਿਰਪਾਨਾਂ ਬਰਾਮਦ ਹੋਈਆਂ।


Related News