ਆੜ੍ਹਤੀਏ ਨੂੰ ਅਗਵਾ ਕਰਨ ਵਾਲੇ 5 ਗ੍ਰਿਫ਼ਤਾਰ

06/24/2017 7:44:08 AM

ਬਨੂੜ (ਗੁਰਪਾਲ) - ਪੁਲਸ ਨੇ ਸਥਾਨਕ ਅਨਾਜ ਮੰਡੀ ਵਿਚੋਂ ਆੜ੍ਹਤੀਏ ਆਸ਼ੂ ਜੈਨ ਨੂੰ ਅਗਵਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਕੇ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਥਾਣਾ ਬਨੂੜ ਵਿਖੇ ਸੱਦੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕ੍ਰਿਸ਼ਨ ਕੁਮਾਰ ਪੈਂਥੇ ਡੀ. ਐੈੱਸ. ਪੀ. ਰਾਜਪੁਰਾ ਤੇ ਥਾਣਾ ਮੁਖੀ ਇੰਸ. ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਉਕਤ 5 ਦੋਸ਼ੀਆਂ ਨੂੰ ਪੁਲਸ ਨੇ ਨਾਕੇ ਦੌਰਾਨ ਪੰਜਾਬ ਛੱਡ ਕੇ ਬਾਹਰ ਜਾਂਦਿਆਂ ਘਟਨਾ ਦੌਰਾਨ ਵਰਤੀ ਗਈ ਬ੍ਰੀਜ਼ਾ ਕਾਰ ਪੀ ਬੀ 02 ਡੀ 8156 ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।  ਉਨ੍ਹਾਂ ਦੱਸਿਆ ਕਿ ਆਸ਼ੂ ਜੈਨ ਪੁੱਤਰ ਸਰਦਾਰੀ ਲਾਲ ਨੂੰ 30 ਮਈ 2017 ਨੂੰ ਅਨਾਜ ਮੰਡੀ ਵਿਚੋਂ ਗੋਦਾਮਾਂ ਲਈ ਜ਼ਮੀਨ ਦਿਖਾਉਣ ਦੇ ਬਹਾਨੇ 2 ਨੌਜਵਾਨਾਂ ਨੇ ਜਾਅਲੀ ਨੰਬਰ ਵਾਲੀ ਕਾਰ ਵਿਚ ਅਗਵਾ ਕਰ ਲਿਆ ਸੀ। ਉਕਤ ਆੜ੍ਹਤੀਏ ਦੇ ਚਚੇਰੇ ਭਰਾ ਅਸ਼ਵਨੀ ਕੁਮਾਰ ਪੁੱਤਰ ਫਕੀਰ ਚੰਦ ਜੈਨ ਨੇ 31 ਮਈ 2017 ਨੂੰ ਥਾਣਾ ਬਨੂੜ ਵਿਖੇ ਇਸ ਦੇ ਅਗਵਾ ਹੋਣ ਦੀ ਸ਼ਿਕਾਇਤ ਦਿੱਤੀ ਸੀ। ਪੁਲਸ ਨੇ ਦੋਸ਼ੀਆਂ ਖਿਲਾਫ 364-ਏ, 365 ਆਈ. ਪੀ. ਸੀ. ਅਧੀਨ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।  ਜ਼ਿਲਾ ਪੁਲਸ ਮੁਖੀ ਐੈੱਸ. ਭੂਪਤੀ ਵੱਲੋਂ ਇਸ ਮਾਮਲੇ ਨੂੰ ਹੱਲ ਕਰਨ ਲਈ 10 ਟੀਮਾਂ ਦਾ ਗਠਨ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਜੋ ਕਿ ਵੱਖ-ਵੱਖ ਪਹਿਲੂਆਂ 'ਤੇ ਕੰਮ ਕਰ ਰਹੀਆਂ ਸਨ। ਪੁਲਸ ਨੇ ਅੰਮ੍ਰਿਤਸਰ ਦਿਹਾਤੀ ਅਧੀਨ ਜੰਡਿਆਲਾ ਗੁਰੂ ਥਾਣੇ ਅਧੀਨ ਪੈਂਦੇ ਪਿੰਡ ਸ਼ੇਖਫੱਤਾ ਨੂੰ ਜਾਂਦੀ ਲਿੰਕ ਸੜਕ 'ਤੇ ਘੇਰਾਬੰਦੀ ਕੀਤੀ। ਇਸ ਤੋਂ ਘਬਰਾ ਕੇ ਅਗਵਾਕਾਰ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਏ। ਅਗਵਾ ਹੋਏ ਆਸ਼ੂ ਜੈਨ ਨੂੰ ਪੁਲਸ ਨੇ ਆਪਣੀ ਹਿਫਾਜ਼ਤ ਵਿਚ ਲੈ ਲਿਆ ਹੈ। ਉਸ ਮਕਾਨ ਵਿਚੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ 'ਤੇ ਮਕਾਨ ਮਾਲਕ ਵੱਲੋਂ ਦੱਸਣ ਅਨੁਸਾਰ ਦੋਸ਼ੀਆਂ ਨੂੰ ਨਾਮਜ਼ਦ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ।  ਕ੍ਰਿਸ਼ਨ ਪੈਂਥੇ ਨੇ ਦੱਸਿਆ ਕਿ ਬੀਤੇ ਕੱਲ ਪੁਲਸ ਨੂੰ ਸੂਚਨਾ ਪ੍ਰਾਪਤ ਹੋਈ ਕਿ ਉਕਤ 5 ਦੋਸ਼ੀ ਨੌਜਵਾਨ ਪੰਜਾਬ ਵਿਚੋਂ ਦਿੱਲੀ ਵੱਲ ਜਾ ਰਹੇ ਹਨ। ਐੈੱਸ. ਆਈ. ਰੁਪਿੰਦਰ ਸਿੰਘ ਨੇ ਰਾਜਪੁਰਾ ਪੁਲਸ ਦੀ ਮਦਦ ਨਾਲ ਗਗਨ ਚੌਕ ਰਾਜਪੁਰਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਕ ਬ੍ਰੀਜ਼ਾ ਗੱਡੀ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ 5 ਨੌਜਵਾਨਾਂ ਦੀਪਕ ਸ਼ਰਮਾ ਵਾਸੀ ਫੁੱਲਾਂਵਾਲਾ ਚੌਕ ਅੰਮ੍ਰਿਤਸਰ, ਮਨਦੀਪ ਸਿੰਘ ਪੁੱਤਰ ਸਵਰਨ ਸਿੰਘ, ਅੰਮ੍ਰਿਤਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਭੈਣੀ ਸਿੱਧਵਾਂ ਜ਼ਿਲਾ ਤਰਨਤਾਰਨ, ਸੁਖਦੇਵ ਸਿੰਘ ਪੁੱਤਰ ਪ੍ਰਕਾਸ਼ ਸਿੰਘ, ਵਾਸੀ ਭੈਣੀ ਸਿੱਧਵਾਂ ਅਤੇ ਬਲਰਾਜ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਭੈਣੀ ਸਿੱਧਵਾਂ ਨੂੰ ਗ੍ਰਿ੍ਰਫਤਾਰ ਕਰ ਲਿਆ ਹੈ। ਉਨ੍ਹਾਂ ਕੋਲੋਂ ਘਟਨਾ ਦੌਰਾਨ ਵਰਤੀ ਬ੍ਰੀਜ਼ਾ ਕਾਰ ਤੇ ਜਾਅਲੀ ਆਰ. ਸੀ., ਇਕ ਲੈਪਟਾਪ, 9 ਮੋਬਾਇਲ, 23 ਏ. ਟੀ. ਐੈੱਮ. ਕਾਰਡ, ਆਸ਼ੂ ਜੈਨ ਦੀ ਮੁੰਦਰੀ ਤੇ ਮੋਬਾਇਲ ਫੋਨ ਬਰਾਮਦ ਹੋਏ। ਪੁਲਸ ਨੇ ਅਗਵਾਕਾਰਾਂ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News