ਉੱਜੜ ਗਏ ਆਲ੍ਹਣੇ, ਬੇਘਰ ਹੋ ਗਏ ਪਰਿੰਦੇ
Saturday, Jun 16, 2018 - 12:24 PM (IST)

ਜਲੰਧਰ/ ਸ਼੍ਰੀਨਗਰ (ਜੁਗਿੰਦਰ ਸੰਧੂ)— ਪਾਕਿਸਤਾਨ ਦੀਆਂ ਬੰਦੂਕਾਂ ਫਿਰ ਬੇਮੁਹਾਰੀਆਂ ਹੋ ਕੇ ਗਰਜ ਰਹੀਆਂ ਹਨ। ਪਿਛਲੇ ਦਿਨੀਂ ਹੀ 'ਸੀਜ਼ ਫਾਇਰ' ਦੀ ਗੱਲ ਹੋਈ ਸੀ ਪਰ ਪਾਕਿਸਤਾਨ ਲਈ ਇਸ ਦੇ ਕੋਈ ਅਰਥ ਨਹੀਂ ਹਨ। ਪਾਕਿਸਤਾਨ ਦੀਆਂ ਸੁਰੱਖਿਆ ਫੋਰਸਾਂ ਅਤੇ ਸੱਤਾਧਾਰੀਆਂ ਵਿਚਕਾਰ ਤਾਲਮੇਲ ਦੀ ਘਾਟ ਹੈ ਅਤੇ ਇਹ ਵੀ ਲੱਗਦਾ ਹੈ ਕਿ ਦੋਹਾਂ ਧਿਰਾਂ 'ਚ ਚੌਧਰ ਦੀ ਲੜਾਈ ਚੱਲ ਰਹੀ ਹੈ। ਉਨ੍ਹਾਂ ਦਾ ਅੰਦਰੂਨੀ ਮਾਮਲਾ ਕੁਝ ਵੀ ਹੋਵੇ, ਜਿੱਥੋਂ ਤਕ ਭਾਰਤੀ ਖੇਤਰਾਂ 'ਤੇ ਗੋਲੇ ਵਰ੍ਹਾਉਣ ਦਾ ਸੁਆਲ ਹੈ ਜਾਂ ਅੱਤਵਾਦ ਨੂੰ ਸ਼ਹਿ ਦੇਣ ਦਾ, ਉਸ ਮਾਮਲੇ 'ਚ ਸਰਹੱਦ ਦੇ ਉਸ ਪਾਰ ਵਾਲੇ ਇਕ-ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਜਾਪਦੇ ਹਨ। ਇਸ ਕਰ ਕੇ ਹੀ ਹੁਣ ਜਦੋਂ ਪਿਛਲੇ 3-4 ਦਿਨਾਂ ਤੋਂ ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ 'ਚ ਭਾਰੀ ਗੋਲੀਬਾਰੀ ਕੀਤੀ ਜਾ ਰਹੀ ਹੈ ਤਾਂ ਪਾਕਿਸਤਾਨ ਦੀ ਸੱਤਾਧਾਰੀ ਜਮਾਤ 'ਚੋਂ ਕਿਸੇ ਨੇ ਅੱਖ ਤਕ ਨਹੀਂ ਚੁੱਕੀ। ਅਜਿਹੀ ਸਥਿਤੀ 'ਚ ਗੋਲੀਆਂ ਦੀ ਵਾਛੜ ਨੇ ਅਣਗਿਣਤ ਆਲ੍ਹਣੇ ਉਜਾੜ ਦਿੱਤੇ ਅਤੇ ਪਰਿੰਦੇ ਮਜਬੂਰਨ ਬੇਘਰ ਹੋ ਕੇ ਜਾਨਾਂ ਬਚਾਉਣ ਲਈ ਸੁਰੱਖਿਅਤ ਟਿਕਾਣਿਆਂ ਵੱਲ ਉਡਾਰੀ ਮਾਰ ਗਏ ਹਨ। ਇਹ ਸਿਲਸਿਲਾ ਕਦੋਂ ਰੁਕੇਗਾ ਅਤੇ ਕਦੋਂ ਬੰਦ ਹੋਵੇਗੀ ਪਾਕਿਸਤਾਨ ਦੀ ਘਿਨਾਉਣੀ ਖੇਡ, ਕੁਝ ਨਹੀਂ ਕਿਹਾ ਜਾ ਸਕਦਾ।
ਪਾਕਿਸਤਾਨੀ ਬੰਦੂਕਾਂ ਦਾ ਜੁਆਬ ਦੇਣਾ ਭਾਰਤੀ ਸੁਰੱਖਿਆ ਬਲਾਂ ਦਾ ਕੰਮ ਹੈ ਪਰ ਜਿਹੜੇ ਲੋਕ ਆਲ੍ਹਣਿਆਂ 'ਚੋਂ ਉੱਜੜਣ ਲਈ ਮਜਬੂਰ ਹੋਏ ਹਨ, ਉਨ੍ਹਾਂ ਦਾ ਦੁੱਖ-ਦਰਦ ਵੰਡਾਉਣ ਦਾ ਬੀੜਾ ਪਿਛਲੇ ਕਰੀਬ 20 ਸਾਲਾਂ ਤੋਂ ਪੰਜਾਬ ਕੇਸਰੀ ਪੱਤਰ ਸਮੂਹ ਦੇ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਚੁੱਕਿਆ ਹੋਇਆ ਹੈ। ਸ਼ਰਨਾਰਥੀਆਂ ਵਾਲਾ ਸੰਤਾਪ ਹੰਢਾ ਰਹੇ ਲੋਕਾਂ ਦੀ ਮਦਦ ਲਈ ਇਕ ਵਿਸ਼ੇਸ਼ ਮੁਹਿੰਮ ਅਧੀਨ ਸੈਂਕੜੇ ਟਰੱਕ ਰਾਹਤ ਸਮੱਗਰੀ ਭਿਜਵਾਈ ਜਾ ਚੁੱਕੀ ਹੈ। ਇਸ ਮੁਹਿੰਮ ਅਧੀਨ ਹੀ ਬੀਤੇ ਦਿਨੀਂ 475ਵੇਂ ਟਰੱਕ ਦੀ ਰਾਹਤ ਸਮੱਗਰੀ ਆਰ. ਐੱਸ. ਪੁਰਾ ਸੈਕਟਰ ਦੇ ਪਿੰਡ ਵਾਨਾ ਚੱਕ ਵਿਖੇ ਸਰਪੰਚ ਮਨੋਹਰ ਲਾਲ ਅਤੇ ਬਿਸ਼ਨਾਹ ਦੇ ਸਮਾਜ ਸੇਵੀ ਸ਼੍ਰੀ ਕੁਲਦੀਪ ਗੁਪਤਾ ਉਰਫ਼ ਕਾਲੇ ਸ਼ਾਹ ਦੀ ਅਗਵਾਈ 'ਚ ਵੰਡੀ ਗਈ। ਇਸ ਵਾਰ ਦੀ ਸਮੱਗਰੀ ਲੁਧਿਆਣਾ ਤੋਂ ਹੀਰੋ ਗਰੁੱਪ ਦੇ ਬਾਨੀ ਮਹਾਤਮਾ ਸੱਤਿਆਨੰਦ ਮੁੰਜਾਲ ਦੇ 101ਵੇਂ ਜਨਮ ਦਿਨ ਦੇ ਸਬੰਧ 'ਚ ਭਿਜਵਾਈ ਗਈ ਸੀ।
ਵਾਨਾ ਚੱਕ ਵਿਖੇ ਰਾਹਤ ਸਮੱਗਰੀ ਲੈਣ ਲਈ ਇਕੱਠੇ ਹੋਏ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੰਜਾਲ ਪਰਿਵਾਰ ਦੀ ਬੇਟੀ ਸ਼੍ਰੀਮਤੀ ਆਰਤੀ ਮੁੰਜਾਲ ਨੇ ਕਿਹਾ ਕਿ ਪਾਕਿਸਤਾਨੀ ਗੋਲੀਬਾਰੀ ਕਾਰਨ ਘਰੋਂ-ਬੇਘਰ ਹੋਏ ਅਤੇ ਮੁਸੀਬਤ ਦੇ ਸ਼ਿਕਾਰ ਲੋਕਾਂ ਲਈ ਹੋਰ ਵੀ ਰਾਹਤ ਸਮੱਗਰੀ ਭਿਜਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਦਰ-ਦਰ ਦੀਆਂ ਠੋਹਕਰਾਂ ਖਾ ਰਹੇ ਲੋਕਾਂ ਦੀ ਵਧ-ਚੜ੍ਹ ਕੇ ਮਦਦ ਕਰਨਾ ਸਾਰੇ ਦੇਸ਼ ਵਾਸੀਆਂ ਦਾ ਫਰਜ਼ ਹੈ ਅਤੇ ਮੁੰਜਾਲ ਪਰਿਵਾਰ ਇਸ ਮਾਮਲੇ 'ਚ ਪਿੱਛੇ ਨਹੀਂ ਰਹੇਗਾ। ਮੁੰਜਾਲ ਪਰਿਵਾਰ ਦੇ ਦਾਮਾਦ ਸ਼੍ਰੀ ਅਜੈ ਚੌਧਰੀ ਨੇ ਵੀ ਇਸ ਮੌਕੇ ਪੀੜਤਾਂ ਲਈ ਹੋਰ ਸਹਾਇਤਾ ਭਿਜਵਾਉਣ ਦਾ ਭਰੋਸਾ ਦਿਵਾਇਆ।
ਨੋਬਲ ਫਾਊਂਡੇਸ਼ਨ, ਲੁਧਿਆਣਾ ਦੇ ਚੇਅਰਮੈਨ ਸ਼੍ਰੀ ਰਜਿੰਦਰ ਸ਼ਰਮਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸੇਵਾ ਕਾਰਜਾਂ ਵਿਚ ਮੁੰਜਾਲ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਪਰਿਵਾਰ ਲੋਕ-ਸੇਵਾ ਨੂੰ ਪ੍ਰਣਾਇਆ ਹੋਇਆ ਹੈ। ਅਜਿਹੀ ਭਾਵਨਾ ਅਧੀਨ ਹੀ ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਸਮੱਗਰੀ ਭਿਜਵਾਈ ਗਈ ਹੈ ਅਤੇ ਭਵਿੱਖ ਵਿਚ ਵੀ ਪੰਜਾਬ ਕੇਸਰੀ ਦੀ ਰਾਹਤ ਮੁਹਿੰਮ 'ਚ ਵਧ-ਚੜ੍ਹ ਕੇ ਯੋਗਦਾਨ ਪਾਇਆ ਜਾਵੇਗਾ।
ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਸਰਹੱਦ 'ਤੇ ਜਦੋਂ ਗੋਲੀਬਾਰੀ ਹੁੰਦੀ ਹੈ ਤਾਂ ਪ੍ਰਭਾਵਿਤ ਪਰਿਵਾਰਾਂ ਦਾ ਦੁੱਖ-ਸੁੱਖ ਵੰਡਾਉਣ ਲਈ ਵੀ ਕੋਈ ਆਉਣਾ ਨਹੀਂ ਚਾਹੁੰਦਾ। ਕੋਈ ਵਿਰਲਾ ਵਿਅਕਤੀ ਹੀ ਅੱਗੇ ਹੋ ਕੇ ਇਨ੍ਹਾਂ ਦੁਖੀ ਲੋਕਾਂ ਦੀ ਮਦਦ ਲਈ ਕਦਮ ਚੁੱਕਦਾ ਹੈ, ਜਿਵੇਂ ਕਿ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਗੋਲੀਬਾਰੀ ਦੌਰਾਨ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਲੋਕ ਮਹਾਨ ਹਨ, ਜੋ ਮਾਤ-ਭੂਮੀ ਦੇ ਰਖਵਾਲਿਆਂ ਦੀ ਭੂਮਿਕਾ ਨਿਭਾਅ ਰਹੇ ਹਨ।
ਰਾਹਤ ਮੁਹਿੰਮ ਦੇ ਮੋਹਰੀ ਸ. ਜੇ. ਬੀ. ਸਿੰਘ ਚੌਧਰੀ ਨੇ ਕਿਹਾ ਕਿ ਗੋਲੀਬਾਰੀ ਤੋਂ ਪ੍ਰਭਾਵਿਤ ਲੋਕਾਂ ਅਤੇ ਸਰਹੱਦੀ ਖੇਤਰਾਂ 'ਚੋਂ ਉੱਜੜਣ ਵਾਲਿਆਂ ਦੀ ਵਧ-ਚੜ੍ਹ ਕੇ ਮਦਦ ਕੀਤੀ ਜਾਵੇਗੀ।
ਇਸ ਮੌਕੇ 'ਤੇ ਜਲੰਧਰ ਦੇ ਸਮਾਜ ਸੇਵੀ ਇਕਬਾਲ ਸਿੰਘ ਅਰਨੇਜਾ, ਬਿਸ਼ਨਾਹ ਦੇ ਕੇਵਲ ਕ੍ਰਿਸ਼ਨ, ਵਿਜੇ ਕੁਮਾਰ, ਸੂਰਜ ਪ੍ਰਕਾਸ਼, ਰਾਜ ਕੁਮਾਰ ਅਤੇ ਮਹਿੰਦਰ ਚੌਧਰੀ ਵੀ ਮੌਜੂਦ ਸਨ।
ਘਰ ਛੱਡ ਕੇ ਫੌਜੀਆਂ ਦੀ ਗੱਡੀ 'ਚ ਦੌੜਨਾ ਪਿਆ : ਕਾਂਤਾ ਦੇਵੀ
ਪਿਛਲੇ ਦਿਨੀਂ ਜਦੋਂ ਪਾਕਿਸਤਾਨ ਵਲੋਂ ਪਿੰਡੀ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ ਤਾਂ ਸਾਰੇ ਪਿੰਡ ਵਾਸੀ ਘਰ ਖਾਲੀ ਕਰ ਕੇ ਦੌੜ ਗਏ। ਇਸ ਪਿੰਡ ਦੀ ਰਹਿਣ ਵਾਲੀ ਕਾਂਤਾ ਦੇਵੀ ਨੇ ਦੱਸਿਆ ਕਿ ਉਸਦਾ ਘਰ ਵਾਲਾ ਅਪਾਹਜ ਹੋਣ ਕਰ ਕੇ ਉਹ ਆਪਣੇ ਬਲਬੂਤੇ ਘਰ ਛੱਡ ਕੇ ਨਹੀਂ ਜਾ ਸਕੇ। ਇਸ ਲਈ ਉਹ ਫੌਜੀਆਂ ਦੀ ਗੱਡੀ ਵਿਚ ਬੈਠ ਕੇ ਸੁਰੱਖਿਅਤ ਸਥਾਨ ਵੱਲ ਜਾਣ ਲਈ ਮਜਬੂਰ ਹੋਏ। ਉਨ੍ਹਾਂ ਦਾ ਘਰ ਵੀ ਢਹਿ-ਢੇਰੀ ਹੋ ਗਿਆ ਅਤੇ ਰੋਜ਼ੀ-ਰੋਟੀ ਦਾ ਕੋਈ ਸਾਧਨ ਨਾ ਹੋਣ ਕਰ ਕੇ ਬਹੁਤ ਮੁਸ਼ਕਲ ਹਾਲਾਤ 'ਚ ਦਿਨ ਗੁਜ਼ਾਰ ਰਹੇ ਹਨ।
ਮੀਰ ਨਗਰ 'ਚ ਸ਼ਰਨ ਲੈਣੀ ਪਈ : ਕੁੰਤੀ ਦੇਵੀ
ਪਿੰਡੀ ਦੀ ਹੀ ਰਹਿਣ ਵਾਲੀ ਕੁੰਤੀ ਦੇਵੀ ਨੇ ਦੱਸਿਆ ਕਿ ਜਦੋਂ ਮਈ ਵਿਚ ਭਾਰੀ ਫਾਇਰਿੰਗ ਹੋਈ ਤਾਂ ਉਸ ਨੂੰ ਵੀ ਆਪਣੇ ਪਰਿਵਾਰ ਸਮੇਤ ਘਰ ਛੱਡ ਕੇ ਦੌੜਨਾ ਪਿਆ। ਇਨ੍ਹੀਂ ਦਿਨੀਂ ਉਹ ਆਪਣੀਆਂ ਤਿੰਨ ਲੜਕੀਆਂ ਅਤੇ ਇਕ ਲੜਕੇ ਨਾਲ ਮੀਰਪੁਰ ਵਿਖੇ ਰਹਿ ਰਹੀ ਹੈ। ਉਸਦਾ ਘਰ ਵਾਲਾ ਦਿਹਾੜੀ-ਮਜ਼ਦੂਰੀ ਕਰਦਾ ਹੈ ਪਰ ਇਸ ਨਾਲ ਗੁਜ਼ਾਰਾ ਚਲਾਉਣਾ ਔਖਾ ਹੋ ਗਿਆ ਹੈ। ਉਸ ਨੇ ਦੱਸਿਆ ਕਿ ਪਿੰਡ ਪੂਰਾ ਖਾਲੀ ਹੋ ਗਿਆ ਹੈ, ਜਿੱਥੋਂ ਸਭ ਲੋਕ ਚਲੇ ਗਏ ਹਨ ਅਤੇ ਫੌਜ ਨੇ ਲੋਕਾਂ ਨੂੰ ਵਾਪਸ ਆਉਣ ਤੋਂ ਅਜੇ ਮਨ੍ਹਾ ਕੀਤਾ ਹੋਇਆ ਹੈ। ਉਸਦੇ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ।