47 ਤਮਗ਼ੇ ਜੇਤੂ ਮੋਗਾ ਦੀ ਇਸ ਧੀ ਨੇ ਪੰਜਾਬ ਸਰਕਾਰ ਤੋਂ ਲਾਈ ਮਦਦ ਦੀ ਗੁਹਾਰ
Tuesday, Oct 05, 2021 - 07:19 PM (IST)
ਮੋਗਾ- ਪੰਜਾਬ 'ਚ ਬਹੁਤ ਸਾਰੇ ਅਜਿਹੇ ਖਿਡਾਰੀ ਹਨ ਜੋ ਦੇਸ਼ ਲਈ ਤਮਗ਼ਾ ਜਿੱਤ ਕੇ ਲਿਅਏ ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਪਰ ਇਨ੍ਹਾਂ 'ਚੋਂ ਕਈ ਅਜਿਹੇ ਖਿਡਾਰੀ ਹਨ ਜੋ ਆਪਣੇ ਵਲੋਂ ਜਿੱਤੇ ਤਮਗ਼ਿਆਂ ਤੇ ਸਰਟੀਫਿਕੇਟ ਨੂੰ ਰੋਜ਼-ਰੋਜ਼ ਦੇਖ ਕੇ ਆਪਣੇ ਭਵਿੱਖ ਬਾਰੇ ਸੋਚ ਰਹੇ ਹਨ। ਪਰ ਸਰਕਾਰ ਉਨ੍ਹਾਂ ਬਾਰੇ ਕੁਝ ਨਹੀਂ ਸੋਚਦੀ। ਇਨ੍ਹਾਂ ਖਿਡਾਰੀਆਂ 'ਚੋਂ ਇਕ ਹੈ ਮੋਗਾ ਜ਼ਿਲੇ ਦੀ ਹੱਦ 'ਤੇ ਵਸੇ ਪਿੰਡ ਸ਼ੇਰਪੁਰਾ ਤਖਤੂ ਨਜ਼ਦੀਕ ਕੋਟੀਸੇਖਾਨ ਦੀ ਰਹਿਣ ਵਾਲੀ ਕਿਸਾਨ ਸੁਰਜੀਤ ਸਿੰਘ ਦੀ ਧੀ ਉਕਰਦੀਪ ਕੌਰ। ਉਕਰਦੀਪ ਕੌਰ ਨੇ ਦੇਸ਼ ਤੇ ਵਿਦੇਸ਼ 'ਚ ਕਿਸ਼ਤੀ ਚਾਲਕ 'ਚ ਆਪਣਾ ਹੀ ਨਹੀਂ ਸਗੋਂ ਪੰਜਾਬ ਤੇ ਪਿੰਡ ਦਾ ਨਾਂ ਵੀ ਰੌਸ਼ਨ ਕੀਤਾ ਹੈ। ਉਕਰਦੀਪ ਕੌਰ 2019 'ਚ ਚਾਈਨਾ 'ਚ ਹੋਈ ਕੇਕਿੰਗ ਇੰਟਰਨੈਸ਼ਨਲ ਪ੍ਰਤੀਯੋਗਿਤਾ 'ਚ ਹਿੱਸਾ ਲੈ ਚੁੱਕੀ ਹੈ।
ਇਹ ਵੀ ਪੜ੍ਹੋ : ਨਵੀਂਆਂ ਆਈ.ਪੀ.ਐਲ. ਟੀਮਾਂ 3 ਤੋਂ 4 ਹਜ਼ਾਰ ਕਰੋੜ 'ਚ ਵਿਕ ਸਕਦੀਆਂ ਹਨ: ਵਾਡੀਆ
ਉਕਰਦੀਪ ਦੇ ਕੋਚ ਪੀਊਸ਼ ਸ਼ਰਮਾ ਨੇ ਉਸ ਨੂੰ ਚੰਗੀ ਟ੍ਰੇਨਿੰਗ ਦਿੱਤੀ। ਉਸ ਨੇ ਕਈ ਕੌਮੀ ਤੇ ਕੌਮਾਂਤਰੀ ਚੈਂਪੀਅਨਸ਼ਿਪਸ 'ਚ ਹਿੱਸਾ ਲਿਆ ਹੈ ਤੇ ਕਰੀਬ 47 ਤਮਗ਼ੇ ਜਿੱਤੇ ਹਨ ਜਿਸ 'ਚ ਸੋਨ, ਕਾਂਸੀ ਤੇ ਹੋਰ ਮੈਡਲ ਹਾਸਲ ਕੀਤੇ। ਉਕਰਦੀਪ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਖੇਡ 'ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਤੇ ਪੰਜਾਬ 'ਚ ਅਜੇ ਤਕ ਇਸ ਦਾ ਕੋਈ ਕੋਚਿੰਗ ਸੈਂਟਰ ਨਹੀਂ ਹੈ। ਇਸ ਦੀ ਟ੍ਰੇਨਿੰਗ ਚੰਡੀਗੜ੍ਹ ਦੀ ਸੁਖਨਾ ਝੀਲ 'ਚ ਹੀ ਲਈ ਜਾ ਸਕਦੀ ਹੈ। ਉਕਰ ਨੇ ਕਿਹਾ ਕਿ ਇਸ ਗੇਮ ਦੇ ਨਾਲ ਉਹ ਦੇਸ਼ ਲਈ ਸੋਨ ਤਮਗ਼ੇ ਜਿੱਤਣਾ ਚਾਹੁੰਦੀ ਹੈ ਪਰ ਸਹੂਲਤਾਂ ਨਹੀਂ ਹਨ ਤੇ ਨਾ ਹੀ ਉਸ ਕੋਲ ਕੋਈ ਨੌਕਰੀ ਹੈ। ਉਸ ਕੋਲ ਪੈਸਾ ਵੀ ਨਹੀਂ ਹੈ ਜਿਸ ਕਾਰਨ ਉਹ ਟ੍ਰੇਨਿੰਗ ਨਹੀਂ ਲੈ ਸਕਦੀ।
ਇਹ ਵੀ ਪੜ੍ਹੋ : ਕਿੱਕ ਬਾਕਸਿੰਗ ਚੈਂਪੀਅਨਸ਼ਿਪ ’ਚ ਦੇਸ਼ ਦੀ ਨੁਮਾਇੰਦਗੀ ਕਰਨਗੇ ਸੁਧੀਰ ਸਕਸੈਨਾ
2019 'ਚ ਉਸ ਨੇ ਆਖ਼ਰੀ ਚੈਂਪੀਅਨਸ਼ਿਪ ਖੇਡੀ ਤੇ ਇਸ ਤੋਂ ਬਾਅਦ ਕੋਰੋਨਾ ਮਹਾਮਾਰੀ ਕਾਰਨ ਉਹ ਟ੍ਰੇਨਿੰਗ ਨਹੀਂ ਲੈ ਸਕੀ। ਉਕਰ ਨੇ ਦੱਸਿਆ ਕਿ ਉਹ ਹਰਿਆਣਾ ਵਲੋਂ ਚੈਂਪੀਅਨਸ਼ਿਪ ਖੇਡ ਚੁੱਕੀ ਹੈ। ਉਕਰ ਦੇ ਪਿਤਾ ਇਕ ਕਿਸਾਨ ਹਨ ਤੇ ਇਕ ਭਰਾ ਤੇ ਪੰਜ ਭੈਣਾਂ ਹਨ ਜਿਨ੍ਹਾਂ 'ਚੋਂ ਚਾਰ ਦਾ ਵਿਆਹ ਹੋ ਚੁੱਕਾ ਹੈ। ਪਰ ਕੋਈ ਜਾਣ-ਪਛਾਣ ਤੇ ਪੈਸਾ ਤੇ ਹੋਰ ਸਹੂਲਤਾਂ ਨਾ ਹੋਣ ਕਾਰਨ ਉਹ ਘਰ ਦੇ ਚੁੱਲ੍ਹੇ-ਚੌਂਕੇ ਤਕ ਹੀ ਸਿਮਟ ਕੇ ਰਹਿ ਗਈ ਹੈ। ਇਸ ਤੋਂ ਇਲਾਵਾ ਉਕਰ ਐੱਮ. ਐੱਸ. ਸੀ. ਫੈਸ਼ਨ ਡਿਜ਼ਾਈਨਰ ਰਹਿ ਚੁੱਕੀ ਹੈ। ਉਸ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਉਸ ਦੀ ਮਦਦ ਕਰੇ ਤਾਂ ਉਹ ਪੰਜਾਬ ਦਾ ਹੀ ਨਹੀਂ ਸਗੋਂ ਦੇਸ਼ ਦਾ ਨਾਂ ਰੌਸ਼ਨ ਕਰੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।