ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭੇਜੀ ਗਈ 454ਵੇਂ ਟਰੱਕ ਦੀ ਰਾਹਤ ਸਮੱਗਰੀ
Monday, Dec 11, 2017 - 09:34 AM (IST)
ਜਲੰਧਰ (ਕੁਲਦੀਪ ਭੁੱਲਰ) - ਪਾਕਿਸਤਾਨ ਦੀ ਜੋ ਦਿੱਖ ਅੱਜ ਅੰਤਰਰਾਸ਼ਟਰੀ ਪੱਧਰ 'ਤੇ ਨਜ਼ਰ ਆ ਰਹੀ ਹੈ, ਉਹ ਉਸ ਦੇ ਅਸਲੀ ਚਿਹਰੇ ਤੋਂ ਅਜੇ ਵੀ ਕੁਝ ਘੱਟ ਮਾਪਦੰਡਾਂ 'ਤੇ ਨਿਰਧਾਰਤ ਕੀਤੀ ਜਾਪਦੀ ਹੈ। ਇਸ ਮੁਲਕ ਦੇ ਆਗੂ ਆਪਣੇ ਦੇਸ਼ ਪ੍ਰਤੀ ਕਦੇ ਵੀ ਵਫਾਦਾਰ ਨਹੀਂ ਰਹੇ, ਇਨ੍ਹਾਂ ਤੋਂ ਗੁਆਂਢੀਆਂ ਨੂੰ ਕੀ ਉਮੀਦ ਕਰਨੀ ਚਾਹੀਦੀ ਹੈ। ਇਸ ਦੇਸ਼ ਅੰਦਰ ਹੋਏ ਰਾਜ ਪਲਟਿਆਂ ਤੇ ਫੌਜ ਦੀਆਂ ਆਪਹੁਦਰੀਆਂ ਨੇ ਅੱਜ ਤਕ ਇਹ ਹੀ ਸਾਬਤ ਕੀਤਾ ਹੈ ਕਿ ਨਾ ਤਾਂ ਇਹ ਮੁਲਕ ਆਪ ਸੁਖ ਨਾਲ ਵਸਣ ਦੇ ਯਤਨ ਕਰਦਾ ਹੈ ਤੇ ਨਾ ਹੀ ਕਿਸੇ ਹੋਰ ਨੂੰ ਚੈਨ ਨਾਲ ਰਹਿਣ ਦਿੰਦਾ ਹੈ। ਭਾਰਤੀ ਸਰਹੱਦ 'ਤੇ ਇਸ ਦੁਆਰਾ ਪੈਦਾ ਕੀਤੇ ਹਾਲਾਤ ਕਾਰਨ ਸਾਡੇ ਸਰਹੱਦੀ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਨੇਕਾਂ ਲੋਕਾਂ ਨੂੰ ਇਸ ਕਾਰਨ ਸਮੇਂ-ਸਮੇਂ 'ਤੇ ਆਪਣੇ ਘਰ, ਖੇਤ ਛੱਡ ਕੇ ਪਿੱਛੇ ਹਟਣਾ ਪੈਂਦਾ ਹੈ, ਜਿਸ ਕਰਕੇ ਫਸਲਾਂ ਦਾ ਵੀ ਭਾਰੀ ਨੁਕਸਾਨ ਹੁੰਦਾ ਹੈ। ਅਜਿਹੇ ਸਰਹੱਦੀ ਲੋਕਾਂ ਨੂੰ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਮੱਦੇਨਜ਼ਰ 'ਪੰਜਾਬ ਕੇਸਰੀ ਪੱਤਰ ਸਮੂਹ' ਦੁਆਰਾ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਮਦਦ ਲਈ ਇਕ ਨਿਰੰਤਰ ਰਾਹਤ ਮੁਹਿੰਮ ਚਲਾਈ ਹੋਈ ਹੈ। ਬੀਤੇ ਕੱਲ ਇਸ ਤਹਿਤ ਰਾਹਤ ਸਮੱਗਰੀ ਦਾ 454ਵਾਂ ਟਰੱਕ ਅਰਨੀਆਂ ਵਿਖੇ ਬਸੰਤ ਸਿੰਘ ਸੈਣੀ ਦੀ ਦੇਖ-ਰੇਖ ਤਹਿਤ ਵੰਡੇ ਜਾਣ ਲਈ ਰਵਾਨਾ ਕੀਤਾ ਗਿਆ। ਇਹ ਰਾਹਤ ਸਮੱਗਰੀ ਲੁਧਿਆਣਾ ਤੋਂ ਕੁਲਦੀਪ ਜੈਨ ਦੁਆਰਾ ਭੇਜੀ ਗਈ ਸੀ। ਸ਼੍ਰੀ ਵਿਜੇ ਕੁਮਾਰ ਚੋਪੜਾ ਦੁਆਰਾ ਜਲੰਧਰ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ ਤਿੰਨ ਸੌ ਪਰਿਵਾਰਾਂ ਲਈ ਰਜਾਈਆਂ ਆਦਿ ਸ਼ਾਮਲ ਸਨ।
ਇਹ ਰਾਹਤ ਵੰਡਣ ਲਈ ਜੰਮੂ-ਕਸ਼ਮੀਰ ਜਾਣ ਵਾਲੀ ਟੀਮ ਵਿਚ ਯੋਗਾ ਆਚਾਰੀਆ ਵਰਿੰਦਰ ਸ਼ਰਮਾ, ਇਕਬਾਲ ਸਿੰਘ ਅਰਨੇਜਾ ਅਤੇ ਜੇ. ਬੀ. ਸਿੰਘ ਚੌਧਰੀ ਵੀ ਸ਼ਾਮਲ ਸਨ।