ਨਸ਼ੇੜੀਆਂ ਦੇ ਮੁਫਤ ਇਲਾਜ ਲਈ ਖੋਲ੍ਹੇ ਸੈਂਟਰਾਂ ''ਚ ਇਲਾਜ ਲਈ ਆਏ 45 ਮਰੀਜ਼
Monday, Oct 30, 2017 - 07:25 AM (IST)
ਤਰਨਤਾਰਨ, (ਰਮਨ)- ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਕੁੱਝ ਦਿਨ ਪਹਿਲਾਂ ਖੋਲ੍ਹੇ ਗਏ ਕੁੱਲ ਤਿੰਨ ਓ. ਓ. ਏ. ਟੀ. ਸੈਂਟਰਾਂ ਵਿਚ ਨਸ਼ੇੜੀਆਂ ਨੇ ਦਸਤਕ ਦੇਣੀ ਸ਼ੁਰੂ ਕਰ ਦਿੱੱਤੀ ਹੈ, ਜਿਨ੍ਹਾਂ ਦੀ ਗਿਣਤੀ ਕਰੀਬ 45 ਦੇ ਨੇੜੇ ਪਹੁੰਚ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਸੈਂਟਰਾਂ ਵਿਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਧਣ ਦੀ ਉਮੀਦ ਹੈ । ਜਾਣਕਾਰੀ ਅਨੁਸਾਰ ਇਸ ਵੇਲੇ ਪੰਜਾਬ ਦੇ ਮੋਗਾ, ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲੇ ਵਿਚ ਖੋਲ੍ਹੇ ਗਏ ਓ. ਓ. ਏ. ਟੀ. ਸੈਂਟਰਾਂ ਅਧੀਨ ਚੱਲ ਰਹੇ ਕੁੱਲ 26 ਸੈਂਟਰਾਂ ਰਾਹੀਂ ਕਰੀਬ 50 ਮਰੀਜ਼ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਇਲਾਜ ਕਰਵਾ ਰਹੇ ਹਨ ।
ਜ਼ਿਲਾ ਤਰਨਤਾਰਨ ਵਿਚ ਕੁੱਲ ਦੋ ਸੈਂਟਰਾਂ ਨੂੰ ਖੋਲ੍ਹਿਆ ਗਿਆ ਹੈ, ਜਿਨ੍ਹਾਂ ਵਿਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ 14 ਦੇ ਕਰੀਬ ਹੈ। ਨਸ਼ੇ ਤੋਂ ਰਾਹਤ ਪਾਉਣ ਵਾਲੇ ਮਰੀਜ਼ਾਂ ਲਈ ਜੇ ਇਹ ਮੁਹਿੰਮ ਕਾਮਯਾਬ ਹੋ ਜਾਂਦੀ ਹੈ ਤਾਂ ਆਉਣ ਵਾਲੇ ਕੁੱਝ ਦਿਨਾਂ ਵਿਚ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਸਮੂਹ ਜ਼ਿਲਿਆਂ ਦੀਆਂ 200 ਕਮਿਊਨਿਟੀ ਹੈਲਥ ਸੈਂਟਰਾਂ ਰਾਹੀਂ ਇਲਾਜ ਸ਼ੁਰੂ ਕੀਤੇ ਜਾਣ ਦੀ ਤਿਆਰੀ ਸੰਭਵ ਹੈ।
ਕਿਹੜੇ ਨਸ਼ੇ ਦਾ ਕੀਤਾ ਜਾਂਦੈ ਇਲਾਜ
ਜੋ ਵਿਅਕਤੀ ਅੋਪੀਅਮ ਤੋਂ ਤਿਆਰ ਹੋਣ ਵਾਲੇ ਨਸ਼ੇ ਜਿਵੇਂ ਕਿ ਚਰਸ, ਗਾਂਜਾ, ਅਫੀਮ, ਸਮੈਕ, ਹੈਰੋਇਨ ਤੋਂ ਇਲਾਵਾ ਨਸ਼ੇ ਦੇ ਤੌਰ 'ਤੇ ਵਰਤੀਆਂ ਜਾਣ ਵਾਲੀਆਂ ਦਵਾਈਆਂ ਦਾ ਨਸ਼ਾ ਕਰਨ ਦੇ ਆਦੀ ਹੋ ਜਾਂਦੇ ਹਨ, ਦਾ ਇਲਾਜ ਇਸ ਸੈਂਟਰ ਵਿਚ ਮੁਫਤ ਕੀਤਾ ਜਾਂਦਾ ਹੈ, ਜਿਸ ਲਈ ਮਰੀਜ਼ ਨੂੰ ਰੋਜ਼ਾਨਾ ਸੈਂਟਰ ਵਿਚ ਜਾ ਕੇ ਦਵਾਈ ਖਾਣੀ ਪੈਂਦੀ ਹੈ।
ਜ਼ਿਲੇ ਦੇ ਇਕ ਸੈਂਟਰ ਵਿਚ ਨਹੀਂ ਹੋਈ ਸ਼ੁਰੂਆਤ
ਇਸ (ਓ. ਓ. ਏ. ਟੀ.) ਸੈਂਟਰ ਦਾ ਮਹੂਰਤ ਹੋਣ ਤੋਂ ਬਾਅਦ ਪਿੰਡ ਠਰੂ ਵਿਚ ਮਨੋਰੋਗੀ ਮਾਹਿਰ ਡਾਕਟਰ ਰਾਣਾ ਰਣਬੀਰ ਸਿੰਘ ਦੀ ਕਿਸੇ ਹੋਰ ਜ਼ਿਲੇ ਵਿਚ ਡਿਊਟੀ ਲੱਗੀ ਹੋਣ ਕਾਰਨ ਮਰੀਜ਼ਾਂ ਨੂੰ ਦਵਾਈ ਅਤੇ ਇਲਾਜ ਦੀ ਸਹੂਲਤ ਤੋਂ ਵਾਂਝੇ ਰਹਿਣਾ ਪੈ ਰਿਹਾ ਹੈ। ਜ਼ਿਲੇ ਦੇ ਪੱਟੀ ਤਹਿਸੀਲ ਅਧੀਨ ਪਿੰਡ ਭੁੱਗੂਪੁਰ ਵਿਚ ਮਰੀਜ਼ਾਂ ਦਾ ਇਲਾਜ ਕਰ ਰਹੇ ਮਨੋਰੋਗੀ ਮਾਹਰ ਡਾਕਟਰ ਖੁਸ਼ਵਿੰਦਰ ਸਿੰਘ ਅਤੇ ਮੈਡੀਕਲ ਅਫਸਰ ਜਸਪ੍ਰੀਤ ਸਿੰਘ ਵੱਲੋਂ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ ।
