ਪਟਿਆਲਾ : ਸਿਹਤ ਮਹਿਕਮਾ ਹੋਇਆ ਚੌਕਸ, 430 ਲੋਕਾਂ ਦੇ ਕੀਤੇ ਕੋਰੋਨਾ ਟੈਸਟ
Wednesday, Jun 17, 2020 - 04:00 PM (IST)
ਪਾਤੜਾਂ (ਅਡਵਾਨੀ) : ਪੰਜਾਬ ਸਰਕਾਰ ਵਲੋਂ ਜੋ ਕਰੋਨਾ ਵਾਇਰਸ ਦੀ ਬਿਮਾਰੀ ਨਾਲ ਲੜਨ ਲਈ ਫਤਿਹ ਮਿਸ਼ਨ ਦਾ ਨਾਮ ਰੱਖਿਆ ਗਿਆ ਹੈ, ਉਸ ਨੂੰ ਕਾਮਯਾਬ ਬਣਾਉਣ ਲਈ ਸਿਹਤ ਮਹਿਕਮੇ ਵੱਲੋਂ ਪੂਰੀ ਚੌਕਸੀ ਰੱਖਦਿਆਂ ਇਲਾਕੇ ਅੰਦਰ ਡਿਊਟੀ ਦੇਣ ਵਾਲੇ ਮੁਲਾਜ਼ਮਾਂ ਅਤੇ ਬਾਹਰੋਂ ਆਏ 430 ਲੋਕਾਂ ਦਾ ਕੋਰੋਨਾ ਦਾ ਟੈਸਟ ਕੀਤਾ ਗਿਆ ਹੈ। ਅੱਜ ਤੋਂ ਪਹਿਲਾਂ ਜਿੰਨੇ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਟੈਸਟ ਕੀਤੇ ਗਏ, ਉਹ ਸਾਰੇ ਨੈਗੇਟਿਵ ਆਏ ਹਨ।
ਪਾਤੜਾਂ ਸਰਕਾਰੀ ਹਸਪਤਾਲ ਦੇ ਐਸ. ਐਚ. ਓ. ਡਾਕਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸਿਹਤ ਮਹਿਕਮਾ ਕੋਰੋਨਾ ਵਾਇਰਸ ਦੀ ਬਿਮਾਰੀ ਨਾਲ ਲੜਨ ਲਈ ਪੂਰੀ ਤਰ੍ਹਾਂ ਚੌਕਸ ਹੈ। ਪੰਜਾਬ ਸਰਕਾਰ ਦੀ ਹਦਾਇਤ ਅਨੁਸਾਰ ਪਾਤੜਾਂ ਸਬ-ਡਵੀਜ਼ਨ ਇਲਾਕੇ ਦੇ ਸਾਰੇ ਮਹਿਕਮਿਆਂ ਦੇ ਮੁਲਾਜ਼ਮਾਂ ਅਤੇ ਫੈਕਟਰੀਆਂ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਸਮੇਤ ਪਰਵਾਸੀ ਮਜ਼ਦੂਰਾਂ ਦੇ ਕੋਰੋਨਾ ਵਾਇਰਸ ਦੇ 430 ਨਮੂਨੇ ਲਏ ਗਏ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਲੋਕਾਂ ਨੂੰ ਘਰਾਂ ਅੰਦਰ ਰਹਿਣਾ ਚਾਹੀਦਾ ਹੈ ਤੇ ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਸਿਰਫ ਜ਼ਰੂਰੀ ਕੰਮ ਲਈ ਹੀ ਬਾਹਰ ਨਿਕਲਣਾ ਚਾਹੀਦਾ ਹੈ।