ਸੋਮਵਾਰ ਨੂੰ ਕੋਰੋਨਾ ਤੋਂ ਮਿਲੀ ਥੋੜ੍ਹੀ ਰਾਹਤ, 421 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਆਈ ਨੈਗੇਟਿਵ
Tuesday, Apr 28, 2020 - 12:16 AM (IST)
ਜਲੰਧਰ,(ਰੱਤਾ)-ਕੋਰੋਨਾ ਵਾਇਰਸ ਦਾ ਭਾਵੇਂ ਐਤਵਾਰ ਨੂੰ ਸ਼ਹਿਰ ਵਿਚ 'ਧਮਾਕਾ' ਦੇਖਣ ਨੂੰ ਮਿਲਿਆ ਸੀ ਪਰ ਸੋਮਵਾਰ ਨੂੰ ਕੋਰੋਨਾ ਵਾਇਰਸ ਤੋਂ ਥੋੜ੍ਹੀ ਰਾਹਤ ਵੀ ਦਿਖਾਈ ਦਿੱਤੀ । ਸਿਵਲ ਸਰਜਨ ਦਫਤਰ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦੇਣ ਲਈ ਤਾਇਨਾਤ ਨੋਡਲ ਅਫਸਰ ਅਤੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਸ਼ੱਕੀ 421 ਮਰੀਜ਼ਾਂ ਦੀ ਰਿਪੋਰਟ ਵਿਭਾਗ ਨੂੰ ਨੈਗੇਟਿਵ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਹੁਣ ਤੱਕ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਵਾਲੇ ਅਤੇ ਸ਼ੱਕੀ 2674 ਮਰੀਜ਼ਾਂ ਦੇ ਸੈਂਪਲ ਲਏ ਹਨ, ਜਿਨ੍ਹਾਂ ਵਿਚੋਂ 2006 ਦੀਆਂ ਰਿਪੋਰਟਾਂ ਨੈਗੇਟਿਵ ਆ ਚੁੱਕੀਆਂ ਹਨ ਜਦਕਿ ਵਿਭਾਗ ਨੂੰ 566 ਮਰੀਜ਼ਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ । ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 78 ਪਾਜ਼ੇਟਿਵ ਮਰੀਜ਼ ਮਿਲੇ ਹਨ, ਜਿਨ੍ਹਾਂ ਵਿਚੋਂ 7 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ ਅਤੇ 3 ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿਚ ਇਸ ਸਮੇਂ ਕੋਰੋਨਾ ਵਾਇਰਸ ਦੇ 68 ਪਾਜ਼ੇਟਿਵ ਮਰੀਜ਼ ਇਲਾਜ ਅਧੀਨ ਹਨ ਅਤੇ ਇਨ੍ਹਾਂ ਵਿਚੋਂ ਕਿਸੇ ਦੀ ਵੀ ਹਾਲਤ ਗੰਭੀਰ ਨਹੀਂ ਹੈ।
ਕੋਰੋਨਾ ਮਾਮਲਿਆਂ ਦੇ ਡਾਟਾ ਸਬੰਧੀ ਅਧਿਕਾਰੀਆਂ ਵਿਚ ਨਹੀਂ ਤਾਲਮੇਲ ?
ਕੋਰੋਨਾ ਮਹਾਮਾਰੀ ਕਾਰਨ ਜਿੱਥੇ ਲੋਕ ਦਹਿਸ਼ਤ ਵਿਚ ਹਨ, ਉਥੇ ਹੀ ਸ਼ਾਇਦ ਸਿਹਤ ਵਿਭਾਗ ਦੇ ਅਧਿਕਾਰੀ ਵੀ ਹੜਬੜਾਹਟ ਵਿਚ ਹੀ ਰਹਿੰਦੇ ਹਨ। ਇਸ ਦੀ ਤਾਜ਼ਾ ਮਿਸਾਲ ਇਹ ਹੈ ਕਿ ਮਾਸ ਮੀਡਿਆ ਵਿੰਗ ਵੱਲੋਂ ਸੋਮਵਾਰ ਨੂੰ ਜੋ ਰਿਪੋਰਟ ਜਾਰੀ ਕੀਤੀ ਗਈ ਉਸ ਵਿਚ ਕੋਰੋਨਾ ਦੇ ਨੈਗੇਟਿਵ ਮਰੀਜ਼ਾਂ ਦੀ ਗਿਣਤੀ 431 ਦੱਸੀ ਗਈ ਜਦਕਿ ਦੇਰ ਸ਼ਾਮ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਵੱਲੋਂ ਮੀਡਿਆ ਦੇ ਨਾਮ ਜੋ ਵੀਡੀਓ ਸੰਦੇਸ਼ ਜਾਰੀ ਕੀਤਾ, ਉਸ ਵਿਚ ਉਨ੍ਹਾਂ ਨੇ ਨੈਗੇਟਿਵ ਮਰੀਜ਼ਾਂ ਦੀ ਗਿਣਤੀ 421 ਦੱਸੀ ।
356 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ
ਸਿਹਤ ਵਿਭਾਗ ਨੇ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਆਏ 9 ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ 356 ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈ ਕੇ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਚ ਜਾਂਚ ਲਈ ਭੇਜੇ । ਇਨ੍ਹਾਂ ਨੂੰ ਮਿਲਾ ਕੇ ਵਿਭਾਗ ਨੂੰ ਹੁਣ ਤੱਕ 566 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ ।