ਨੋਟਾਂ ਵਾਲੇ ਬਾਬੇ ਗੁਰਮੇਲ ਸਿੰਘ ਤੇ ਕਮੇਟੀ ਮੈਂਬਰਾਂ ’ਤੇ ਹੋਇਆ 420 ਦਾ ਮਾਮਲਾ ਦਰਜ

Monday, Jan 18, 2021 - 02:01 AM (IST)

ਨੋਟਾਂ ਵਾਲੇ ਬਾਬੇ ਗੁਰਮੇਲ ਸਿੰਘ ਤੇ ਕਮੇਟੀ ਮੈਂਬਰਾਂ ’ਤੇ ਹੋਇਆ 420 ਦਾ ਮਾਮਲਾ ਦਰਜ

ਸੰਦੌੜ, (ਰਿਖੀ)- ਫਿਰੋਜ਼ਪੁਰ ਕੁਠਾਲਾ ਵਿਖੇ ਪਿਛਲੇ 6 ਮਹੀਨਿਆਂ ਤੋਂ ਗੁਰਦੁਆਰਾ ਭਗਤ ਸ੍ਰੀ ਗੁਰੂ ਰਵਿਦਾਸ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਭੇਟਾ ਦੇ ਨਾਂ ਉੱਪਰ ਚਲਾਈ ਇਕ ਬੇਨਾਮੀ ਸਕੀਮ ਤਹਿਤ ਕਰੋੜਾਂ ਰੁਪਿਆ ਇਕੱਠਾ ਕਰ ਕੇ ਰੂਹਪੋਸ਼ ਹੋਏ ਗ੍ਰੰਥੀ ਗੁਰਮੇਲ ਸਿੰਘ ਦੇ ਮਾਮਲੇ ’ਚ ਪਿੰਡ ਕੁਠਾਲਾ ਦੇ ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਨੇ ਪੰਜਾਬ ਦੇ ਡੀ.ਜੀ.ਪੀ. ਪੁਲਸ ਕੋਲ ਦਿੱਤੀ ਲਿਖਤੀ ਦਰਖਾਸਤ ’ਚ ਆਪਣੇ ਨਾਲ 2 ਲੱਖ 50 ਹਜ਼ਾਰ ਰੁਪਏ ਦੀ ਠੱਗੀ ਦੀ ਗੁਹਾਰ ਲਗਾਈ ਸੀ, ਜਿਸ ’ਤੇ ਕਾਰਵਾਈ ਕਰਦੇ ਹੋਏ ਸੰਦੌੜ ਪੁਲਸ ਨੇ ਐੱਸ. ਐੱਸ. ਪੀ. ਸੰਗਰੂਰ ਦੇ ਹੁਕਮਾਂ ਅਨੁਸਾਰ ਗ੍ਰੰਥੀ ਗੁਰਮੇਲ ਸਿੰਘ ਸਮੇਤ ਕਮੇਟੀ ਮੈਂਬਰ ਹਾਕਮ ਸਿੰਘ, ਅਜੈਬ ਸਿੰਘ ਅਤੇ ਨਾਹਰ ਸਿੰਘ ਖਿਲਾਫ ਮੁਕੱਦਮਾ ਨੰਬਰ 9 ਮਿਤੀ 16 ਜਨਵਰੀ 2021 ਅਧੀਨ ਧਾਰਾ 420 ਅਤੇ 120 ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਯਾਦਵਿੰਦਰ ਸਿੰਘ ਨੇ ਦੱਸਿਆ ਕੇ ਮੁਕੱਦਮੇ ਅਨੁਸਾਰ ਕਮੇਟੀ ਅਤੇ ਬਾਬੇ ਵੱਲੋਂ ਗੁਰੂ ਘਰ ਅੰਦਰ ਵੱਖ-ਵੱਖ ਸਕੀਮਾਂ ਨਾਲ ਲੋਕਾਂ ਤੋਂ ਘੋਸ਼ਣਾ ਪੱਤਰ ਲੈ ਕੇ ਲਾਲਚ ਦੇ ਕੇ ਪੈਸੇ ਇਕੱਠੇ ਕੀਤੇ ਅਤੇ ਵਾਪਸ ਨਹੀਂ ਮੋੜੇ ਗਏ, ਜਿਸ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕੇ ਬਾਬਾ ਅਤੇ ਕਮੇਟੀ ਮੈਂਬਰਾਂ ’ਤੇ ਪਹਿਲਾਂ ਵੀ ਇਕ ਲੜਾਈ ਝਗੜੇ ਦਾ ਮਾਮਲਾ ਦਰਜ ਹੋ ਚੁਕਿਆ ਹੈ, ਜਿਸ ’ਚ ਕਮੇਟੀ ਮੈਂਬਰ ਪੁਲਸ ਵੱਲੋਂ ਗ੍ਰਿਫਤਾਰ ਕਰ ਲਏ ਗਏ ਸਨ ਪਰ ਗ੍ਰੰਥੀ ਗੁਰਮੇਲ ਸਿੰਘ ਅਜੇ ਤੱਕ ਪੁਲਸ ਦੀ ਪਹੁੰਚ ’ਚੋਂ ਬਾਹਰ ਦੱਸਿਆ ਜਾ ਰਿਹਾ ਹੈ।

ਇਨਸਾਫ਼ ਮਿਲਣ ’ਤੇ ਖੁਸ਼ੀ-ਲੋਕਾਂ ਦੇ ਪੈਸੇ ਵੀ ਵਾਪਸ ਹੋਣ : ਦਵਿੰਦਰ ਸਿੰਘ

ਇਸ ਮਾਮਲੇ ’ਚ ਪੁਲਸ ਕੋਲ ਗੁਹਾਰ ਲਗਾਉਣ ਵਾਲੇ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਸ ਨੇ ਮਾਮਲਾ ਦਰਜ ਕੀਤਾ ਚੰਗੀ ਗੱਲ ਹੈ ਪਰ ਲੋਕਾਂ ਦਾ ਇਕ-ਇਕ ਪੈਸਾ ਵਾਪਸ ਹੋਣਾ ਚਾਹੀਦਾ ਹੈ ।

ਕਈ ਲੋਕਾਂ ਨੇ ਆਪਣੇ ਗਹਿਣੇ ਵੇਚ ਕੇ ਪੈਸੇ ਕਈ ਗੁਣਾਂ ਕਰਨ ਦੇ ਲਾਲਚ ’ਚ ਭਰੀ ਸੀ ਕਿਸ਼ਤ - ਇਸ ਮੌਕੇ ਇਕੱਤਰ ਹੋਏ ਲੋਕਾਂ ਨੇ ਦੱਸਿਆ ਕਿ ਸੁਣਦੇ ਹਾਂ ਕੇ ਬਾਬੇ ਕੋਲ ਆਪਣੇ ਘਰ ਦੇ ਗਹਿਣੇ, ਪਸ਼ੂ ਅਤੇ ਪਲਾਟ ਵੇਚ ਕੇ ਪੈਸੇ ਕਈ ਗੁਣਾਂ ਕਰਨ ਦੇ ਲਾਲਚ ਵਸ ਪੈ ਕੇ ਕਮੇਟੀਆਂ ਦੇ ਰੂਪ ਵਿਚ ਭਰੇ ਸਨ ਜੋ ਅਜੇ ਤੱਕ ਨਹੀਂ ਮਿਲੇ ਹਨ ਜਿਸ ਕਰ ਕੇ ਲੋਕ ਸਦਮੇ ’ਚ ਹਨ ।
 


author

Bharat Thapa

Content Editor

Related News