ਅਸਲਾ ਤੇ ਨਸ਼ੀਲੇ ਪਾਊਡਰ ਸਮੇਤ 4 ਨੌਜਵਾਨ ਗ੍ਰਿਫ਼ਤਾਰ

Friday, Sep 29, 2017 - 02:28 AM (IST)

ਦਸੂਹਾ, (ਝਾਵਰ, ਸੰਜੇ ਰੰਜਨ)- ਦਸੂਹਾ ਪੁਲਸ ਤੇ ਸੀ. ਆਈ. ਏ. ਸਟਾਫ਼ ਪੁਲਸ ਦੁਆਰਾ ਐੱਸ. ਐੱਸ. ਪੀ. ਹੁਸ਼ਿਆਰਪੁਰ ਜੇ. ਏਲੀਚੇਲੀਅਨ ਤੇ ਡੀ. ਐੱਸ. ਪੀ. ਦਸੂਹਾ ਰਜਿੰਦਰ ਕੁਮਾਰ ਸ਼ਰਮਾ ਦੀ ਹਦਾਇਤ 'ਤੇ ਵੱਡੇ ਪੱਧਰ 'ਤੇ ਮੁਹਿੰਮ ਥਾਣਾ ਮੁਖੀ ਦਸੂਹਾ ਪਲਵਿੰਦਰ ਸਿੰਘ ਦੀ ਅਗਵਾਈ ਹੇਠ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਦਸੂਹਾ ਸ਼ਹਿਰ ਤੇ ਇਲਾਕੇ 'ਚ ਵੱਖ-ਵੱਖ ਤੌਰ 'ਤੇ ਨਾਕੇਬੰਦੀ ਕੀਤੀ ਸੀ। ਇਸ ਅਧੀਨ 4 ਨੌਜਵਾਨਾਂ ਨੂੰ ਅਸਲਾ ਤੇ ਨਸ਼ੀਲੇ ਪਾਊਡਰ ਸਮੇਤ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਡੀ. ਐੱਸ. ਪੀ. ਰਜਿੰਦਰ ਕੁਮਾਰ ਸ਼ਰਮਾ ਤੇ ਥਾਣਾ ਮੁਖੀ ਇੰਸਪੈਕਟਰ ਪਲਵਿੰਦਰ ਸਿੰਘ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਬੀਤੀ ਰਾਤ ਮਰਾਸਗੜ੍ਹ ਨਜ਼ਦੀਕ 2 ਨੌਜਵਾਨ ਮੋਟਰਸਾਈਕਲ 'ਤੇ ਆ ਰਹੇ ਸਨ ਕਿ ਸਬ ਇੰਸਪੈਕਟਰ ਅਸ਼ਵਨੀ ਕੁਮਾਰ ਤੇ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। 
ਰੁਕਣ 'ਤੇ ਉਨ੍ਹਾਂ ਦੀ ਤਲਾਸ਼ੀ ਲੈਣ 'ਤੇ ਇਕ ਪਲਾਸਟਿਕ ਦੇ ਡੱਬੇ 'ਚੋਂ 200 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ।  ਇਕ ਦੀ ਪਛਾਣ ਕਰਨੈਲ ਸਿੰਘ ਉਰਫ਼ ਬਿੱਟੂ ਬਾਜਵਾ ਪੁੱਤਰ ਹਰਬੰਸ ਸਿੰਘ ਤੇ ਦੂਸਰੇ ਨੌਜਵਾਨ ਦਾ ਨਾਂ ਅੰਮ੍ਰਿਤ ਸਿੰਘ ਪੁੱਤਰ ਕਰਨੈਲ ਸਿੰਘ ਦੋਵੇਂ ਵਾਸੀ ਜੰਡ ਵਜੋਂ ਹੋਈ। 
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਗੁਵਿੰੰਦਰ ਕੁਮਾਰ ਨੇ ਪੁਲਸ ਪਾਰਟੀ ਸਮੇਤ ਮਰਾਸਗੜ੍ਹ ਉਸਮਾਨ ਸ਼ਹੀਦ ਮੋੜ 'ਤੇ ਇਕ ਨਾਕਾ ਲਾਇਆ ਸੀ। ਉਨ੍ਹਾਂ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਇਕ ਨੌਜਵਾਨ ਪਵਿੱਤਰ ਸਿੰਘ ਉਰਫ਼ ਵਾਸੀ ਜੰਡ ਤੋਂ ਤਲਾਸ਼ੀ ਦੌਰਾਨ ਦੇਸੀ ਪਿਸਤੌਲ ਬਰਾਮਦ ਕੀਤਾ। ਇਸ ਤੋਂ ਇਲਾਵਾ ਇਕ ਹੋਰ ਨੌਜਵਾਨ ਚਿੱਟੂ ਨੂੰ ਵੀ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਤੋਂ ਦਾਤਰ ਤੇ ਹੋਰ ਤੇਜ਼ ਹਥਿਆਰ ਵੀ ਬਰਾਮਦ ਕੀਤੇ ਗਏ। ਉਨ੍ਹਾਂ ਕਿਹਾ ਕਿ ਚਾਰੇ ਦੋਸ਼ੀਆਂ ਨੇ ਸ਼ਮਸ਼ਾਨਘਾਟ ਰੋਡ ਦਸੂਹਾ ਵਿਖੇ ਪੰਡੋਰੀ ਅਰਾਈਆਂ ਦੇ ਇਕ ਨੌਜਵਾਨ ਜਗਵੀਰ ਸਿੰਘ ਉਰਫ਼ ਮਿਰਜ਼ਾ 'ਤੇ ਗੋਲੀਆਂ ਚਲਾਈਆਂ ਸਨ ਤੇ ਤੇਜ਼ ਹਥਿਆਰਾਂ ਦੀ ਵਰਤੋਂ ਕੀਤੀ ਸੀ, ਇਨ੍ਹਾਂ ਦੇ 2 ਹੋਰ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਥਾਣਾ ਮੁਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਚਾਰਾਂ ਦੋਸ਼ੀਆਂ ਵਿਰੁੱਧ ਐੱਨ. ਡੀ. ਪੀ. ਸੀ. ਐਕਟ, ਆਰਮਜ਼ ਐਕਟ ਧਾਰਾ 307, 452 ਆਦਿ ਧਾਰਾਵਾਂ ਅਧੀਨ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਪੁਲਸ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ।


Related News