ਵੱਡੀ ਖ਼ਬਰ : ਫਰੀਦਕੋਟ 'ਚ ਦਿਲ ਦਹਿਲਾਉਣ ਵਾਲੀ ਘਟਨਾ, ਇੱਕੋ ਪਰਿਵਾਰ ਦੇ 4 ਜੀਆਂ ਨੇ ਕੀਤੀ ਖ਼ੁਦਕੁਸ਼ੀ

Saturday, Oct 17, 2020 - 02:10 PM (IST)

ਵੱਡੀ ਖ਼ਬਰ : ਫਰੀਦਕੋਟ 'ਚ ਦਿਲ ਦਹਿਲਾਉਣ ਵਾਲੀ ਘਟਨਾ, ਇੱਕੋ ਪਰਿਵਾਰ ਦੇ 4 ਜੀਆਂ ਨੇ ਕੀਤੀ ਖ਼ੁਦਕੁਸ਼ੀ

ਫਰੀਦਕੋਟ (ਜਗਤਾਰ) : ਫਰੀਦਕੋਟ ਦੇ ਪਿੰਡ ਕਲੇਰ 'ਚ ਇੱਕੋ ਪਰਿਵਾਰ ਦੇ 4 ਜੀਆਂ ਵੱਲੋਂ ਅੱਗ ਲਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਛਾਣ ਮੂਲ ਰੂਪ ਤੋਂ ਰਾਜਸਥਾਨ ਦੇ ਜ਼ਿਲ੍ਹਾ ਸੀਕਰ ਵਾਸੀ ਧਰਮਪਾਲ (40), ਪਤਨੀ ਸੀਮਾ (36), ਬੇਟੀ ਮੋਨਿਕਾ (15) ਅਤੇ ਬੇਟੇ ਹਤੀਸ਼ ਕੁਮਾਰ (10) ਵੱਜੋਂ ਕੀਤੀ ਗਈ ਹੈ। ਮ੍ਰਿਤਕ ਵਿਅਕਤੀ ਧਰਮਪਾਲ ਇੱਥੋਂ ਦੇ ਇਕ ਇੱਟਾਂ ਦੇ ਭੱਠੇ 'ਤੇ ਮੁੰਸ਼ੀ ਦਾ ਕੰਮ ਕਰਦਾ ਸੀ।

ਪੁਲਸ ਨੂੰ ਮੁੱਢਲੀ ਜਾਂਚ ਦੌਰਾਨ ਉਨ੍ਹਾਂ ਦੇ ਘਰੋਂ ਇਕ ਖ਼ੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ, ਜਿਸ 'ਚ ਉਸ ਨੇ ਇੰਨਾ ਵੱਡਾ ਕਦਮ ਚੁੱਕਣ ਦਾ ਕਾਰਨ ਤਾਲਾਬੰਦੀ ਅਤੇ ਖਰਾਬ ਆਰਥਿਕ ਹਾਲਤ ਨੂੰ ਦੱਸਿਆ ਹੈ। ਪਿੰਡ ਕਲੇਰ ਦੇ ਲੋਕਾਂ ਨੇ ਦੱਸਿਆ ਕਿ ਇਹ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਇੱਥੇ ਰਹਿ ਰਿਹਾ ਸੀ ਅਤੇ ਤਾਲਾਬੰਦੀ ਦੌਰਾਨ ਕਾਰੋਬਾਰ ਦੇ ਪ੍ਰਭਾਵਿਤ ਹੋਣ ਕਾਰਨ ਪਰੇਸ਼ਾਨ ਰਹਿ ਰਿਹਾ ਸੀ।

ਸਵੇਰੇ ਪਿੰਡ ਵਾਸੀਆਂ ਨੇ ਦੇਖਿਆ ਕਿ ਉਨ੍ਹਾਂ ਦੇ ਘਰੋਂ ਧੂੰਆਂ ਨਿਕਲ ਰਿਹਾ ਸੀ ਅਤੇ ਘਰ 'ਚੋਂ ਕਿਸੇ ਵੀ ਤਰ੍ਹਾਂ ਦੀ ਆਵਾਜ਼ ਨਹੀਂ ਆ ਰਹੀ ਸੀ। ਤੁਰੰਤ ਪਿੰਡ ਵਾਸੀ ਮੌਕੇ 'ਤੇ ਪੁੱਜੇ ਅਤੇ ਘਰ ਦਾ ਦਰਵਾਜ਼ਾ ਤੋੜਿਆ ਤਾਂ ਪਰਿਵਾਰ ਦੇ ਸਾਰੇ ਮੈਂਬਰ ਬੁਰੀ ਤਰ੍ਹਾਂ ਅੱਗ ਨਾਲ ਝੁਲਸ ਚੁੱਕੇ ਸਨ। ਇਸ ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਮ੍ਰਿਤਕ ਨਾਲ ਭੱਠੇ 'ਤੇ ਕੰਮ ਕਰਨ ਵਾਲੇ ਉਸ ਦੇ ਸਾਥੀ ਨੇ ਦੱਸਿਆ ਕਿ ਧਰਮਪਾਲ ਵੱਲੋਂ ਇਕ ਖ਼ੁਦਕੁਸ਼ੀ ਨੋਟ ਉਸ ਨੂੰ ਰਾਤ ਨੂੰ ਵਟਸਐਪ 'ਤੇ ਭੇਜਿਆ ਗਿਆ ਸੀ, ਜੋ ਉਸ ਨੇ ਸਵੇਰੇ ਦੇਖਿਆ ਅਤੇ ਜਦੋਂ ਉਹ ਉਸ ਦੇ ਘਰ ਪਹੁੰਚਿਆ ਤਾਂ ਉਦੋਂ ਤੱਕ ਉਹ ਆਪਣੇ ਪਰਿਵਾਰ ਸਮੇਤ ਇਸ ਘਟਨਾ ਨੂੰ ਅੰਜਾਮ ਦੇ ਚੁੱਕਾ ਸੀ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
 


author

Babita

Content Editor

Related News