ਕਮਜ਼ੋਰ ਨੀਂਹ ਤੇ ਬਿਨਾਂ ਪਿੱਲਰ ਦੇ ਖੜ੍ਹੀ ਸੀ ਇਮਾਰਤ, ਤਬਾਹ ਕਰ ਗਈ ਕਈ ਪਰਿਵਾਰ
Friday, Sep 25, 2020 - 04:48 PM (IST)
ਡੇਰਾਬੱਸੀ (ਗੁਰਪ੍ਰੀਤ) : ਕਮਜ਼ੋਰ ਨੀਂਹ, ਪੁਰਾਣੀਆਂ ਇੱਟਾਂ ਅਤੇ ਬਿਨਾਂ ਪਿੱਲਰ ਦੇ ਕੰਧਾਂ ਲੈਂਟਰ ਦਾ ਭਾਰ ਨਾ ਚੁੱਕ ਸਕੀਅਾਂ ਅਤੇ ਇਮਾਰਤ ਡਿੱਗ ਗਈ। ਡੇਰਾਬੱਸੀ ਫਲਾਈਓਵਰ ਕੋਲ ਬਣ ਰਹੀ ਇਸ ਇਮਾਰਤ ਦੇ ਮਲਬੇ ਹੇਠ ਚਾਰ ਪਰਿਵਾਰਾਂ ਦੇ ਸੁਪਨੇ ਦੱਬ ਗਏ। ਨਗਰ ਕੌਂਸਲ ਅਧਿਕਾਰੀਆਂ ਅਨੁਸਾਰ ਦੁਕਾਨਾਂ ਨੂੰ ਲੈ ਕੇ ਨਕਸ਼ਾ ਪਾਸ ਕਰਵਾਇਆ ਗਿਆ ਸੀ ਪਰ ਹੁਣ ਇਸ ਨੂੰ ਬਣਾਇਆ ਕਿਵੇਂ ਜਾ ਰਿਹਾ ਸੀ, ਇਸ ਦੀ ਜਾਂਚ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੁਕਾਨਾਂ ਨੂੰ ਨਕਸ਼ੇ ਅਨੁਸਾਰ ਨਹੀਂ ਬਣਾਇਆ ਜਾ ਰਿਹਾ ਸੀ। ਨਗਰ ਕੌਂਸਲ ਦੇ ਭਵਨ ਇੰਸਪੈਕਟਰਾਂ ਦੀ ਆਨ ਦਿ ਸਪਾਟ ਰਿਪੋਰਟ ਅਨੁਸਾਰ ਇਮਾਰਤ ਡਿੱਗਣ ਦਾ ਕਾਰਣ ਖ਼ਰਾਬ ਸੈਨੇਟਰੀ ਫਿਟਿੰਗ ਸੀ।
ਕੰਮ ਦਾ ਜਾਇਜ਼ਾ ਲੈਣ ਆਇਆ ਸੀ ਮਾਲਕ
ਜਾਣਕਾਰੀ ਮੁਤਾਬਕ ਰਾਮਲੀਲਾ ਮੈਦਾਨ ਦੇ ਨਜ਼ਦੀਕ 100 ਫੁੱਟ ਲੰਬੀ ਅਤੇ 15 ਫੁੱਟ ਚੌੜੀ ਵਪਾਰਕ ਇਮਾਰਤ ਬਣਾਈ ਜਾ ਰਹੀ ਸੀ। ਇਸ ਵਿਚ 20 ਦੁਕਾਨਾਂ ਦਾ ਨਿਰਮਾਣ ਕੀਤਾ ਗਿਆ ਸੀ। ਸ਼ੋਅਰੂਮ ਦੇ ਨਕਸ਼ੇ ਪਾਸ ਹਨ। ਵੀਰਵਾਰ ਸਵੇਰੇ ਇੱਥੇ ਕਰੀਬ ਸੱਤ ਮਜ਼ਦੂਰ ਕੰਮ ਕਰ ਰਹੇ ਸਨ ਅਤੇ ਇਸ ਦੌਰਾਨ ਇਮਾਰਤ ਦਾ ਮਾਲਕ ਹਰਦੇਵ ਸਿੰਘ ਵੀ ਜਾਇਜ਼ਾ ਲੈਣ ਪਹੁੰਚਿਆ ਸੀ। ਇਸ ਦੌਰਾਨ ਅਚਾਨਕ ਇਮਾਰਤ ਦੀ ਛੱਤ ਡਿੱਗ ਗਈ। ਇਕੱਠੇ ਹੋਏ ਲੋਕਾਂ ਨੇ ਤਿੰਨ ਮਜ਼ਦੂਰਾਂ ਅਤੇ ਮਾਲਕ ਨੂੰ ਬਾਹਰ ਕੱਢਿਆ। ਮਜ਼ਦੂਰਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਜਦੋਂਕਿ ਇਮਾਰਤ ਦੇ ਮਾਲਕ ਹਰਦੇਵ ਸਿੰਘ ਦੀ ਹਾਲਤ ਗੰਭੀਰ ਹੋਣ ’ਤੇ ਉਸਨੂੰ ਜੀ. ਐੱਮ. ਸੀ. ਐੱਚ.-32 ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪਿੰਜੌਰ ਤੋਂ ਪਹੁੰਚੀ 24 ਮੈਂਬਰੀ ਬਚਾਅ ਟੀਮ ਦਲ ਨੇ ਚਾਰ ਘੰਟਿਆਂ ਤੋਂ ਬਾਅਦ ਮਲਬੇ ਹੇਠਾਂ ਦੱਬੀਆਂ ਤਿੰਨ ਲਾਸ਼ਾਂ ਨੂੰ ਬਾਹਰ ਕੱਢਿਆ।
ਨਾਲ ਵਾਲੀ ਇਮਾਰਤ ਵਿਚ ਆਈਆਂ ਤਰੇੜਾਂ
ਐੱਨ. ਡੀ. ਆਰ. ਐੱਫ. ਦੀ ਟੀਮ ਦੀ ਅਗਵਾਈ ਕਰ ਰਹੇ ਇੰਸਪੈਕਟਰ ਗੋਬਿੰਦ ਕੁਮਾਰ ਨੇ ਦੱਸਿਆ ਕਿ ਇਮਾਰਤ ਦੀ ਨੀਂਹ ਮਜ਼ਬੂਤ ਨਹੀਂ ਸੀ ਅਤੇ ਢਾਂਚੇ ਅਨੁਸਾਰ ਪਿੱਲਰ ਨਹੀਂ ਦਿੱਤੇ ਗਏ ਸਨ। ਇਸ ਕਾਰਣ ਇਕ ਪਾਸੇ ਤੋਂ ਇਮਾਰਤ ਡਿੱਗ ਗਈ। ਜਦੋਂ ਕਿ ਦੂਜੇ ਭਰਾ ਦੀ ਬਣਾਈ ਗਈ ਇਮਾਰਤ ਵਿਚ ਤਰੇੜਾਂ ਪੈ ਗਈਆਂ। ਨਗਰ ਕੌਂਸਲ ਦੇ ਐੱਮ. ਈ. ਗੁਰਪ੍ਰਤਾਪ ਸਿੰਘ ਨੇ ਕਿਹਾ ਕਿ ਇਮਾਰਤ ਦਾ ਨਕਸ਼ਾ ਪਾਸ ਹੈ ਅਤੇ ਉੱਥੇ ਨਿਯਮਾਂ ਮੁਤਾਬਕ ਹੀ ਨਿਰਮਾਣ ਹੋ ਰਿਹਾ ਸੀ। ਨਕਸ਼ਾ ਫੀਸ ਵੀ ਜਮ੍ਹਾਂ ਕਰਵਾਈ ਗਈ ਹੈ। ਜਾਂਚ ਜਾਰੀ ਹੈ।
ਜੁਡੀਸ਼ੀਅਲ ਰਿਪੋਰਟ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ
ਡੀ. ਐੱਸ. ਪੀ. ਗੁਰਬਖਸ਼ੀਸ਼ ਸਿੰਘ ਨੇ ਕਿਹਾ ਕਿ ਮਾਮਲੇ ਦੀ ਜੁਡੀਸ਼ੀਅਲ ਜਾਂਚ ਰਿਪੋਰਟ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
‘ਕੌਂਸਲ ਅਧਿਕਾਰੀਆਂ ’ਤੇ ਦਰਜ ਹੋਵੇ ਕਤਲ ਦਾ ਕੇਸ’
ਉਥੇ ਹੀ ਹਾਦਸੇ ਤੋਂ ਬਾਅਦ ਘਟਨਾ ਸਥਾਨ ’ਤੇ ਪਹੁੰਚੇ ਹਲਕਾ ਵਿਧਾਇਕ ਐੱਨ. ਕੇ. ਸ਼ਰਮਾ ਨੇ ਇਸ ਹਾਦਸੇ ਲਈ ਸਿੱਧਾ-ਸਿੱਧਾ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਨ੍ਹਾਂ ’ਤੇ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ।