ਨਾਜਾਇਜ਼ ਸ਼ਰਾਬ ਸਮੇਤ 4 ਗ੍ਰਿਫਤਾਰ, 1 ਫਰਾਰ
Saturday, Nov 11, 2017 - 12:40 AM (IST)
ਗੁਰਦਾਸਪੁਰ, (ਵਿਨੋਦ)- ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲਿਆਂ 'ਤੇ ਪੁਲਸ ਦਾ ਸ਼ਿਕੰਜਾ ਕੱਸਦਾ ਜਾ ਰਿਹਾ ਹੈ ਅਤੇ ਅੱਜ ਵੀ ਜ਼ਿਲਾ ਗੁਰਦਾਸਪੁਰ 'ਚ 4 ਲੋਕਾਂ ਨੂੰ ਪੁਲਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਦੇ ਹੋਏ ਫੜਿਆ, ਜਦਕਿ ਇਕ ਵਿਅਕਤੀ ਫਰਾਰ ਹੋਣ 'ਚ ਸਫਲ ਹੋ ਗਿਆ।
ਜਾਣਕਾਰੀ ਅਨੁਸਾਰ ਸਿਟੀ ਪੁਲਸ ਗੁਰਦਾਸਪੁਰ ਦੇ ਸਹਾਇਕ ਸਬ-ਇੰਸਪੈਕਟਰ ਰਾਜ ਮਸੀਹ ਨੇ ਮੁਖਬਰ ਦੀ ਸੂਚਨਾ 'ਤੇ ਵਿਕਰਮਜੀਤ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਮੁਹੱਲਾ ਇਸਲਾਮਾਬਾਦ ਗੁਰਦਾਸਪੁਰ ਦੇ ਘਰ 'ਤੇ ਛਾਪੇਮਾਰੀ ਕਰ ਕੇ ਉਸ ਨੂੰ ਨਾਜਾਇਜ਼ 12 ਬੋਤਲਾਂ ਦੇਸੀ ਸ਼ਰਾਬ ਸਮੇਤ ਕਾਬੂ ਕੀਤਾ, ਜਿਸ ਨੂੰ ਬਾਅਦ 'ਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।
ਇਸੇ ਤਰ੍ਹਾਂ ਤਿੱਬੜ ਪੁਲਸ ਦੇ ਹੈੱਡ ਕਾਂਸਟੇਬਲ ਹਰਜਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਰਾਜ ਕੁਮਾਰ ਪੁੱਤਰ ਜਸਪਾਲ ਸਿੰਘ ਨਿਵਾਸੀ ਪਿੰਡ ਬੱਬਰੀ ਨੰਗਲ ਦੇ ਘਰ 'ਤੇ ਛਾਪੇਮਾਰੀ ਕਰ ਕੇ ਉਸ ਨੂੰ 7500 ਐੱਮ. ਐੱਲ. ਸ਼ਰਾਬ ਸਮੇਤ ਗ੍ਰਿਫਤਾਰ ਕੀਤਾ।
ਭੈਣੀ ਮੀਆਂ ਖਾਂ ਪੁਲਸ ਸਟੇਸ਼ਨ 'ਚ ਤਾਇਨਾਤ ਸਹਾਇਕ ਸਬ-ਇੰਸਪੈਕਟਰ ਅਵਤਾਰ ਸਿੰਘ ਪੁਲਸ ਪਾਰਟੀ ਦੇ ਨਾਲ ਗਸ਼ਤ ਕਰ ਰਹੇ ਸੀ ਕਿ ਇਸ ਦੌਰਾਨ ਕਿਸੇ ਨੇ ਸੂਚਨਾ ਦਿੱਤੀ ਕਿ ਦੋਸ਼ੀ ਬੱਗਾ ਪੁੱਤਰ ਪਿਆਰਾ ਸਿੰਘ ਨਿਵਾਸੀ ਬੁੱਢਾ ਬਾਲਾ ਪਿੰਡ ਦੇ ਬਾਹਰ ਧੁੱਸੀ ਬੰਨ੍ਹ 'ਤੇ ਬੈਠ ਕੇ ਸ਼ਰਾਬ ਵੇਚ ਰਿਹਾ ਹੈ। ਪੁਲਸ ਪਾਰਟੀ ਨੇ ਜਦ ਦੱਸੀ ਜਗ੍ਹਾ 'ਤੇ ਛਾਪਾ ਮਾਰਿਆ ਤਾਂ ਦੋਸ਼ੀ ਪਲਾਸਟਿਕ ਦੇ ਕੈਨ 'ਚ ਸ਼ਰਾਬ ਲਈ ਬੈਠਾ ਸੀ। ਪੁਲਸ ਪਾਰਟੀ ਨੂੰ ਵੇਖ ਦੋਸ਼ੀ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜੋ ਪੁਲਸ ਕਰਮਚਾਰੀਆਂ ਨੇ ਅਸਫਲ ਬਣਾ ਦਿੱਤੀ ਤੇ ਉਸ ਨੂੰ ਮੌਕੇ 'ਤੇ 7500 ਐੱਮ. ਐੱਲ. ਸ਼ਰਾਬ ਸਮੇਤ ਕਾਬੂ ਕਰ ਲਿਆ।
ਘੁੰਮਣਕਲਾਂ ਪੁਲਸ ਸਟੇਸ਼ਨ 'ਚ ਤਾਇਨਾਤ ਹੈੱਡ ਕਾਂਸਟੇਬਲ ਜਤਿੰਦਰ ਸਿੰਘ ਨੇ ਪੁਲਸ ਪਾਰਟੀ ਨਾਲ ਜਸਪਾਲ ਸਿੰਘ ਪੁੱਤਰ ਹੁਸੈਨ ਸਿੰਘ ਨਿਵਾਸੀ ਪਿੰਡ ਘੁੰਮਣਕਲਾਂ ਦੇ ਘਰ 'ਚ ਛਾਪੇਮਾਰੀ ਕਰ ਕੇ ਉਥੋਂ 6000 ਐੱਮ. ਐੱਲ. ਸ਼ਰਾਬ ਬਰਾਮਦ ਕੀਤੀ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਬਾਅਦ 'ਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।
ਇਸੇ ਤਰ੍ਹਾਂ ਧਾਰੀਵਾਲ ਪੁਲਸ ਸਟੇਸ਼ਨ 'ਚ ਤਾਇਨਾਤ ਹੈੱਡ ਕਾਂਸਟੇਬਲ ਹਰਜੀਤ ਸਿੰਘ ਪੁਲਸ ਪਾਰਟੀ ਦੇ ਨਾਲ ਗਸ਼ਤ ਕਰ ਰਿਹਾ ਸੀ ਕਿ ਦੋਸ਼ੀ ਘੁੱਕਾ ਪੁੱਤਰ ਮੁਨਸ਼ੀ ਮਸੀਹ ਨਿਵਾਸੀ ਪਿੰਡ ਬਲ ਦੇ ਘਰ 'ਤੇ ਛਾਪੇਮਾਰੀ ਦੌਰਾਨ ਉਥੋਂ 10 ਬੋਤਲਾਂ ਸ਼ਰਾਬ ਬਰਾਮਦ ਕੀਤੀ। ਦੋਸ਼ੀ ਭੱਜਣ 'ਚ ਸਫ਼ਲ ਹੋ ਗਿਆ।