ਮੋਹਾਲੀ ''ਚ ਸ਼ੁਰੂ ਹੋਇਆ ਦੇਸ਼ ਦਾ ਪਹਿਲਾ ''3ਡੀ ਸਮਾਰਟ ਟ੍ਰੈਫਿਕ ਸਿਗਨਲ''

Saturday, Aug 03, 2019 - 01:05 PM (IST)

ਮੋਹਾਲੀ ''ਚ ਸ਼ੁਰੂ ਹੋਇਆ ਦੇਸ਼ ਦਾ ਪਹਿਲਾ ''3ਡੀ ਸਮਾਰਟ ਟ੍ਰੈਫਿਕ ਸਿਗਨਲ''

ਮੋਹਾਲੀ (ਰਾਣਾ/ਨਿਆਮੀਆਂ) : ਪੰਜਾਬ ਪੁਲਸ ਦੇ ਟ੍ਰੈਫਿਕ ਵਿੰਗ ਨੇ ਏ. ਡੀ. ਜੀ. ਪੀ. (ਟ੍ਰੈਫਿਕ) ਸ਼ਰਦ ਸੱਤਿਆ ਚੌਹਾਨ ਦੀ ਨਿਗਰਾਨੀ ਹੇਠ ਰਵਾਇਤੀ ਟ੍ਰੈਫਿਕ ਸਿਗਨਲ ਪ੍ਰਣਾਲੀ ਦੀ ਥਾਂ ਆਧੁਨਿਕ ਸੈਂਸਰ ਆਧਾਰਤ ਟ੍ਰੈਫਿਕ ਸਿਗਨਲ ਪ੍ਰਣਾਲੀ ਵਿਕਸਤ ਕੀਤੀ ਹੈ, ਜੋ ਦੇਸ਼ ਅੰਦਰ ਪਹਿਲੀ ਵਾਰ ਮੋਹਾਲੀ 'ਚ ਪਾਇਲਟ ਪ੍ਰਾਜੈਕਟ ਵਜੋਂ ਵਰਤੋਂ 'ਚ ਆਈ ਹੈ। ਇੱਥੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਡਿਜੀਟਲ ਪੇਸ਼ਕਾਰੀ ਰਾਹੀਂ ਨਵੀਂ ਪ੍ਰਣਾਲੀ ਬਾਰੇ ਸਮਝਾਉਂਦਿਆਂ ਚੌਹਾਨ ਨੇ ਦੱਸਿਆ ਕਿ ਇਸ ਪ੍ਰਣਾਲੀ ਨੂੰ ਵਿਕਸਤ ਕਰਨ 'ਚ ਅਨੁਕਾਈ ਸਾਲਿਊਸ਼ਨਜ਼ ਦੇ ਗੌਰਵ, ਟਰੈਫਿਕ ਸਲਾਹਕਾਰ ਪੰਜਾਬ ਨਵਦੀਪ ਅਸੀਜਾ, ਪੰਜਾਬ ਵਿਜ਼ਨ ਜ਼ੀਰੋ ਦੇ ਪ੍ਰਾਜੈਕਟ ਮੈਨੇਜਰ ਅਰਬਾਬ ਅਹਿਮਦ, ਐੱਸ. ਪੀ. ਸਿਟੀ-1 ਮੋਹਾਲੀ ਅਸ਼ਵਨੀ ਗੋਟਿਆਲ ਅਤੇ ਰੋਡ ਸੇਫਟੀ ਇੰਜਨੀਅਰ ਐੱਸ.ਏ.ਐੱਸ. ਨਗਰ ਚਰਨਜੀਤ ਸਿੰਘ 'ਤੇ ਆਧਾਰਿਤ ਟੀਮ ਨੇ ਇਹ ਪ੍ਰਣਾਲੀ ਵਿਕਸਤ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਇਹ ਸਿਗਨਲ ਸੜਕ ਦੇ ਹਰੇਕ ਪਾਸੇ ਤੋਂ ਆ ਰਹੇ ਵਾਹਨਾਂ ਦੀ ਗਿਣਤੀ ਦੇ ਹਿਸਾਬ ਨਾਲ ਚੱਲੇਗਾ। ਇਹ ਸ਼ੁਰੂਆਤ ਵਿਚ ਪਾਇਲਟ ਪ੍ਰਾਜੈਕਟ ਵਜੋਂ ਕੁਆਰਕ ਸਿਟੀ ਚੌਕ ਤੋਂ ਸ਼ੁਰੂ ਕੀਤਾ ਗਿਆ ਹੈ, ਜਿਸ ਨੂੰ ਬਾਅਦ ਵਿਚ ਹੋਰ ਥਾਵਾਂ 'ਤੇ ਵੀ ਚਲਾਇਆ ਜਾਵੇਗਾ। ਇਸ ਮੌਕੇ ਆਈ. ਜੀ. ਰੂਪਨਗਰ ਰੇਂਜ ਵੀ. ਨੀਰਜਾ, ਐੱਸ. ਐੱਸ. ਪੀ. ਮੋਹਾਲੀ ਕੁਲਦੀਪ ਚਾਹਲ, ਐੱਸ.ਪੀ. ਸਿਟੀ 1 ਮੋਹਾਲੀ ਅਸ਼ਵਨੀ ਗੋਟਿਆਲ, ਅਸ਼ੋਕ ਸ਼ਰਮਾ ਐਕਸੀਅਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਵਾਲੀ ਟੀਮ ਤੋਂ ਇਲਾਵਾ ਪੰਜਾਬ ਪੁਲਸ ਤੇ ਨਗਰ ਨਿਗਮ ਦੇ ਨੁਮਾਇੰਦੇ ਹਾਜ਼ਰ ਸਨ।
ਟ੍ਰੈਫਿਕ ਸਿਗਨਲ ਪੂਰੀ ਤਰ੍ਹਾਂ ਆਟੋਮੈਟਿਕ ਹੋ ਜਾਣਗੇ
ਏ. ਡੀ. ਜੀ. ਪੀ. ਨੇ ਦੱਸਿਆ ਕਿ ਰਵਾਇਤੀ ਤਰੀਕਿਆਂ 'ਚ ਟਰੈਫਿਕ ਪੁਲਸ ਨੂੰ ਚੌਕਾਂ 'ਤੇ ਖੜ੍ਹਾ ਕੇ ਟ੍ਰੈਫਿਕ ਲੰਘਾਉਣਾ ਪੈਂਦਾ ਹੈ, ਜਿਸ ਲਈ ਬਹੁਤ ਜ਼ਿਆਦਾ ਮੁਲਾਜ਼ਮਾਂ ਦੀ ਲੋੜ ਪੈਂਦੀ ਹੈ, ਜਦੋਂ ਕਿ ਇਸ ਨਵੀਂ 3ਡੀ ਤਕਨੀਕ ਰਾਹੀਂ ਟ੍ਰੈਫਿਕ ਸਿਗਨਲ ਪੂਰੀ ਤਰ੍ਹਾਂ ਆਟੋਮੈਟਿਕ ਹੋ ਜਾਣਗੇ ਅਤੇ ਸੈਂਸਰਾਂ ਨਾਲ ਜਿਸ ਪਾਸਿਓਂ ਜਿੰਨਾ ਟ੍ਰੈਫਿਕ ਆਵੇਗਾ, ਉਸ ਦੇ ਲੰਘਣ ਤੋਂ ਬਾਅਦ ਸਿਗਨਲ ਲਾਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਟ੍ਰੈਫਿਕ ਮੈਨੇਜਮੈਂਟ ਨੂੰ ਬਿਹਤਰ ਅਤੇ ਆਰਥਿਕ ਪੱਖੋਂ ਲਾਹੇਵੰਦ ਬਣਾਉਣ ਦੀ ਦਿਸ਼ਾ 'ਚ ਇਹ ਵੱਡਾ ਮਾਅਰਕਾ ਹੈ। ਉਨ੍ਹਾਂ ਇਸ ਲਈ ਪੂਰੀ ਟੀਮ ਅਤੇ ਚਿਤਕਾਰਾ ਯੂਨੀਵਰਸਿਟੀ ਦੇ ਰਾਜਪੁਰਾ ਕੈਂਪਸ ਦੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਪ੍ਰਣਾਲੀ ਵਿਚ ਤਕਨੀਕ ਦੀ ਖੋਜ ਨੂੰ ਉਤਸ਼ਾਹਿਤ ਕਰਨ ਲਈ ਚਿਤਕਾਰਾ ਯੂਨੀਵਰਸਿਟੀ ਦੇ ਸਟਾਰਟ ਅੱਪ ਅਨੁਕਾਈ ਸਾਲਿਊਸ਼ਨਜ਼ ਨਾਲ ਸਤੰਬਰ 2018 ਵਿਚ ਸਮਝੌਤਾ ਹੋਇਆ ਸੀ, ਜਿਸ ਮਗਰੋਂ ਇਸ ਕੰਮ ਲਈ ਇਕ ਟੀਮ ਬਣਾਈ ਗਈ।
ਪੈਸੇ ਦੀ ਵੱਡੇ ਪੱਧਰ 'ਤੇ ਹੋਵੇਗੀ ਬਚਤ
ਚੌਹਾਨ ਨੇ ਦੱਸਿਆ ਕਿ ਸਮਾਂ ਆਧਾਰਤ ਟ੍ਰੈਫਿਕ ਲਾਈਟਾਂ ਲਾਉਣ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਕਾਫ਼ੀ ਮਹਿੰਗੀ ਪੈਂਦੀ ਹੈ, ਜੋ 70 ਲੱਖ ਤੋਂ ਇਕ ਕਰੋੜ ਰੁਪਏ ਤੱਕ ਪੈਂਦੀ ਹੈ। ਇਹ ਨਵੀਂ ਪ੍ਰਣਾਲੀ, ਇਸ ਕੀਮਤ ਦੇ ਸਿਰਫ਼ ਇਕ ਫੀਸਦੀ ਨਾਲ ਹੀ ਕੰਮ ਕਰਦੀ ਹੈ ਅਤੇ ਪੂਰੀ ਤਰ੍ਹਾਂ ਆਟੋਮੈਟਿਕ ਸਿਸਟਮ 'ਤੇ ਆਧਾਰਿਤ ਹੈ। ਇਸ ਨਾਲ ਨਾ ਸਿਰਫ਼ ਪੈਸੇ ਦੀ ਵੱਡੇ ਪੱਧਰ ਉਤੇ ਬਚਤ ਹੋਵੇਗੀ, ਸਗੋਂ ਟ੍ਰੈਫਿਕ ਲਾਈਟਾਂ ਦੀ ਉਲੰਘਣਾ ਵਿਚ ਕਮੀ ਆਵੇਗੀ ਅਤੇ ਸਫ਼ਰ ਵਿਚ ਲੱਗਣ ਵਾਲਾ ਸਮਾਂ ਵੀ ਘਟੇਗਾ। 
 


author

Babita

Content Editor

Related News