ਕੈਪਟਨ ਸਰਕਾਰ ਦੇ 8 ਮਹੀਨਿਆਂ ''ਚ 323 ਕਿਸਾਨਾਂ ਨੇ ਕੀਤੀਆਂ ਖੁਦਕੁਸ਼ੀਆਂ : ਭਾਜਪਾ
Wednesday, Nov 22, 2017 - 09:49 AM (IST)
ਚੰਡੀਗੜ੍ਹ (ਬਿਊਰੋ) - ਪੰਜਾਬ ਵਿਚ ਕਾਂਗਰਸ ਸਰਕਾਰ ਦਾ 8ਵਾਂ ਮਹੀਨਾ ਵੀ ਪਿਛਲੇ ਮਹੀਨੇ ਵਰਗਾ ਉਮੀਦ ਤੋੜਨ ਵਾਲਾ ਅਤੇ ਨਿਰਾਸ਼ਾਜਨਕ ਰਿਹਾ। ਪੰਜਾਬ ਵਿਚ 3 ਮਹਿਕਮੇ ਲੋਕਲ ਬਾਡੀਜ਼, ਸਿਹਤ ਅਤੇ ਸਿੱਖਿਆ ਵਿਭਾਗ ਅਜਿਹੇ ਹਨ, ਜਿਨ੍ਹਾਂ ਦੀ ਕਾਰਗੁਜ਼ਾਰੀ 8ਵੇਂ ਮਹੀਨੇ ਵਿਚ ਸਭ ਤੋਂ ਜ਼ਿਆਦਾ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਦਾ, ਜੋ ਕਿ ਪੰਜਾਬ ਸਰਕਾਰ ਦੇ 8ਵੇਂ ਮਹੀਨੇ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕਰ ਰਹੇ ਸਨ।ਭਾਜਪਾ ਆਗੂਆਂ ਨੇ ਕਿਹਾ ਕਿ ਲੋਕਲ ਬਾਡੀ ਡਿਪਾਰਟਮੈਂਟ ਡੇਂਗੂ ਰੋਕਣ ਲਈ ਸਮੇਂ 'ਤੇ ਪ੍ਰਬੰਧ ਨਹੀਂ ਕਰ ਸਕਿਆ। ਡੇਂਗੂ ਨੂੰ ਰੋਕਣ ਲਈ ਸ਼ਹਿਰਾਂ ਦੀ ਸਫਾਈ ਰੱਖਣਾ ਅਤੇ ਫੋਗਿੰਗ ਕਰਨਾ ਜ਼ਰੂਰੀ ਹੁੰਦਾ ਹੈ ਪਰ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਇਹ ਨਹੀਂ ਕਰ ਸਕੇ।
ਸਿਹਤ ਵਿਭਾਗ ਦੀ ਕਾਰਗੁਜ਼ਾਰੀ ਬਾਰੇ ਭਾਜਪਾ ਆਗੂਆਂ ਨੇ ਕਿਹਾ ਕਿ ਇਹ ਜਾਣਦੇ ਹੋਏ ਕਿ ਅਕਤੂਬਰ ਦੇ ਮਹੀਨੇ ਵਿਚ ਡੇਂਗੂ ਦੀ ਮਹਾਮਾਰੀ ਫੈਲਦੀ ਸੀ, ਸਰਕਾਰੀ ਹਸਪਤਾਲਾਂ ਵਿਚ ਇਸ ਦੀ ਤਿਆਰੀ ਨਹੀਂ ਸੀ।
ਸਿੱਖਿਆ ਵਿਭਾਗ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅੱਧਾ ਸੈਸ਼ਨ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਦੇ ਮਿਡਲ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪੜ੍ਹ ਰਹੇ 8 ਲੱਖ ਵਿਦਿਆਰਥੀਆਂ ਨੂੰ ਸਕੂਲੀ ਵਰਦੀਆਂ ਨਹੀਂ ਮਿਲੀਆਂ ਹਨ ਤੇ ਮਿਡ-ਡੇ-ਮੀਲ ਸਕੀਮ ਲੱਗਭੱਗ ਬੰਦ ਹੋ ਚੁੱਕੀ ਹੈ। ਠੰਡ ਦੇ ਮੌਸਮ ਵਿਚ ਬੱਚਿਆਂ ਦੇ ਬੈਠਣ ਅਤੇ ਹੋਰਨਾਂ ਸੁਵਿਧਾਵਾਂ ਦੇ ਪ੍ਰਬੰਧ ਕੀਤੇ ਬਿਨਾਂ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰ ਕੇ ਛੋਟੇ ਬੱਚਿਆਂ ਦੇ ਮਾਪਿਆਂ ਨੂੰ ਮੁਸ਼ਕਲ ਵਿਚ ਪਾ ਦਿੱਤਾ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਵੀ ਮੁਆਫ਼ ਨਹੀਂ ਹੋਇਆ ਤੇ 8 ਮਹੀਨਿਆਂ 'ਚ 323 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ।
